ਜੰਗਬਾਜ਼ ਅਮਰੀਕਾ ਤੇ ਇਜ਼ਰਾਈਲ ਵੱਲੋਂ ਈਰਾਨ ’ਤੇ ਹਮਲਾ

0
116

ਵਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਸੰਯੁਕਤ ਰਾਜ ਅਮਰੀਕਾ ਨੇ ਈਰਾਨ ਵਿੱਚ ਵੱਡੀ ਜੰਗੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਟਰੰਪ ਦਾ ਇਹ ਬਿਆਨ ਇਜ਼ਰਾਈਲ ਵੱਲੋਂ ਈਰਾਨ ’ਤੇ ਕੀਤੇ ਗਏ ਹਵਾਈ ਹਮਲਿਆਂ ਤੋਂ ਤੁਰੰਤ ਬਾਅਦ ਆਇਆ ਹੈ।
ਟਰੰਪ ਦੇ ਇਸ ਐਲਾਨ ਦਾ ਮਤਲਬ ਹੈ ਕਿ ਹੁਣ ਅਮਰੀਕੀ ਫ਼ੌਜ ਸਿੱਧੇ ਤੌਰ ’ਤੇ ਈਰਾਨ ਵਿਰੁੱਧ ਜੰਗ ਦੇ ਮੈਦਾਨ ਵਿੱਚ ਉਤਰ ਚੁੱਕੀ ਹੈ। ਇਸ ਫੈਸਲੇ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਮੱਧ ਪੂਰਬ ਵਿੱਚ ਵੱਡੇ ਪੱਧਰ ’ਤੇ ਜੰਗ ਦਾ ਖ਼ਤਰਾ ਪੈਦਾ ਹੋ ਗਿਆ ਹੈ। ਅਮਰੀਕਾ ਤੇ ਇਜ਼ਰਾਈਲ ਨੇ ਈਰਾਨ ’ਤੇ ਹਵਾਈ ਤੇ ਸਮੁੰਦਰੀ ਰਸਤੇ ਹਮਲੇ ਸ਼ੁਰੂ ਕਰ ਦਿੱਤੇ ਹਨ।
ਇਜ਼ਰਾਈਲ ਨੇ ਈਰਾਨ ਦੀ ਰਾਜਧਾਨੀ ਤਹਿਰਾਨ ਤੇ ਹੋਰ ਸ਼ਹਿਰਾਂ ’ਤੇ ਮਿਜ਼ਾਈਲਾਂ ਨਾਲ ਹਮਲੇ ਕੀਤੇ, ਜਿਸ ਕਾਰਨ ਕਈ ਥਾਈਂ ਅੱਗ ਲੱਗ ਗਈ। ਦੱਖਣੀ ਈਰਾਨ ’ਚ ਇੱਕ ਸਕੂਲ ਉੱਪਰ ਮਿਜ਼ਾਈਲ ਡਿੱਗਣ ਕਾਰਨ 57 ਤੋਂ ਵੱਧ ਵਿਦਿਆਰਤੀ ਮਾਰੇ ਗਏ। ਤਹਿਰਾਨ ਤੇ ਹੋਰ ਸ਼ਹਿਰਾਂ ਵਿਚ ਧੂੰਏਂ ਦੇ ਬੱਦਲ ਦੇਖੇ ਜਾ ਰਹੇ ਹਨ। ਇਹ ਹਮਲਾ ਅਮਰੀਕਾ ਨਾਲ ਪ੍ਰਮਾਣੂ ਮਾਮਲੇ ’ਤੇ ਗੱਲਬਾਤ ਦਰਮਿਆਨ ਹੀ ਕੀਤਾ ਗਿਆ ਹੈ। ਇਜ਼ਰਾਈਲ ਨੇ ਇਹ ਹਮਲਾ ਅਮਰੀਕਾ ਦੇ ਸਹਿਯੋਗ ਨਾਲ ਕੀਤਾ ਹੈ। ਈਰਾਨ ’ਤੇ ਕਈ ਮਿਜ਼ਾਈਲਾਂ ਦਾਗੀਆਂ ਗਈਆਂ। ਇਜ਼ਰਾਈਲ ਨੇ ਸ਼ਨੀਵਾਰ ਸਵੇਰ ਸਮੇਂ ਈਰਾਨ ਦੀ ਰਾਜਧਾਨੀ ਤਹਿਰਾਨ ਸਮੇਤ ਕਈ ਸ਼ਹਿਰਾਂ ’ਤੇ ਹਮਲਾ ਕੀਤਾ। ਜਵਾਬ ਵਿਚ ਈਰਾਨ ਨੇ ਇਜ਼ਰਾਈਲ ਵਿਰੁੱਧ ਜਵਾਬੀ ਹਮਲੇ ਕੀਤੇ। ਮੀਡੀਆ ਰਿਪੋਰਟਾਂ ਦੇ ਅਨੁਸਾਰ ਈਰਾਨ ਨੇ ਲਗਭਗ 400 ਮਿਜ਼ਾਈਲਾਂ ਦਾਗੀਆਂ। ਇਜ਼ਰਾਈਲ ਤੋਂ ਇਲਾਵਾ ਈਰਾਨ ਨੇ ਕਤਰ, ਬਹਿਰੀਨ ਅਤੇ ਯੂ ਏ ਈ ਵਿਚ ਅਮਰੀਕੀ ਟਿਕਾਣਿਆਂ ’ਤੇ ਵੀ ਹਮਲਾ ਕੀਤਾ। ਇਜ਼ਰਾਈਲ ਨੇ ਈਰਾਨ ਦੇ ਖੁਫੀਆ ਮੰਤਰਾਲੇ, ਰੱਖਿਆ ਮੰਤਰਾਲੇ, ਸੁਪਰੀਮ ਲੀਡਰ ਖਮੇਨੀ ਦੇ ਦਫਤਰ ਅਤੇ ਈਰਾਨ ਦੇ ਪਰਮਾਣੂ ਊਰਜਾ ਸੰਗਠਨ ਨੂੰ ਨਿਸ਼ਾਨਾ ਬਣਾਇਆ। ਹਮਲੇ ਤੋਂ ਬਾਅਦ ਖਮੇਨੀ ਨੂੰ ਸੁਰੱਖਿਅਤ ਸਥਾਨ ’ਤੇ ਤਬਦੀਲ ਕਰ ਦਿੱਤਾ ਗਿਆ। ਇਜ਼ਰਾਈਲ ਨੇ ਈਰਾਨ ਵਿਰੁੱਧ ਆਪਣੀ ਨਵੀਂ ਮੁਹਿੰਮ ਨੂੰ ‘ਸ਼ੇਰ ਦੀ ਗਰਜ’ ਦਾ ਨਾਂਅ ਦਿੱਤਾ ਹੈ।