ਅੰਮਿ੍ਰਤਸਰ : ਅੰਮਿ੍ਰਤਸਰ ਬਾਈਪਾਸ ’ਤੇ ਰੇਤ ਨਾਲ ਲੱਦਿਆ ਇਕ ਟਿੱਪਰ ਬੇਕਾਬੂ ਹੋ ਕੇ ਫੁੱਟਪਾਥ ’ਤੇ ਚੜ੍ਹਨ ਤੋਂ ਬਾਅਦ ਪਲਟ ਗਿਆ, ਜਿਸ ਕਾਰਨ ਤਿੰਨ ਕਾਰਾਂ ਉਸ ਦੇ ਹੇਠਾਂ ਦੱਬੀਆਂ ਗਈਆਂ। ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਹੋਰ ਜ਼ਖ਼ਮੀ ਹੋਏ ਹਨ। ਇਹ ਹਾਦਸਾ ਵੇਰਕਾ ਨੇੜੇ ਅੰਮਿ੍ਰਤਸਰ ਬਾਈਪਾਸ ’ਤੇ ਵਾਪਰਿਆ। ਟਿੱਪਰ ਦੇ ਪਲਟਣ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ, ਕਿਉਂਕਿ ਪ੍ਰਭਾਵਿਤ ਗੱਡੀਆਂ ਵਿੱਚ ਬੱਚਿਆਂ ਸਮੇਤ ਕਈ ਪਰਵਾਰ ਸਵਾਰ ਸਨ। ਸ਼ੁਰੂਆਤੀ ਰਿਪੋਰਟਾਂ ਮੁਤਾਬਕ ਘੱਟੋ-ਘੱਟ ਦੋ ਲੋਕਾਂ ਦੀ ਜਾਨ ਚਲੀ ਗਈ ਹੈ, ਜਦ ਕਿ ਪੰਜ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ। ਸਥਾਨਕ ਲੋਕਾਂ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਪੁਲਸ ਦੀ ਮਦਦ ਕੀਤੀ। ਪੁਲਸ ਨੇ ਕ੍ਰੇਨਾਂ ਅਤੇ ਹੋਰ ਉਪਕਰਨਾਂ ਦੀ ਮਦਦ ਨਾਲ ਰੇਤ ਦੇ ਢੇਰ ਅਤੇ ਪਲਟੇ ਹੋਏ ਟਿੱਪਰ ਹੇਠਾਂ ਫਸੀਆਂ ਗੱਡੀਆਂ ਨੂੰ ਬਾਹਰ ਕੱਢਿਆ। ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਹਾਦਸੇ ਕਾਰਨ ਅੰਮਿ੍ਰਤਸਰ ਬਾਈਪਾਸ ’ਤੇ ਕਈ ਕਿਲੋਮੀਟਰ ਲੰਬਾ ਟਰੈਫਿਕ ਜਾਮ ਲੱਗ ਗਿਆ।



