ਤਹਿਰਾਨ : ਸ੍ਰੀਲੰਕਾ ਦੇ ਤੱਟ ਕੋਲ ਅਮਰੀਕੀ ਪਣਡੁੱਬੀ ਵੱਲੋਂ ਈਰਾਨੀ ਜਲ ਸੈਨਾ ਦੇ ਜੰਗੀ ਜਹਾਜ਼ ਨੂੰ ਡੁਬੋਣ ਦੇ ਇੱਕ ਦਿਨ ਬਾਅਦ ਈਰਾਨ ਦੇ ਵਿਦੇਸ਼ ਮੰਤਰੀ ਸੱਯਦ ਅੱਬਾਸ ਅਰਾਗਚੀ ਨੇ ਚਿਤਾਵਨੀ ਦਿੱਤੀ ਹੈ ਕਿ ਅੰਤਰਰਾਸ਼ਟਰੀ ਪਾਣੀਆਂ ਵਿੱਚ ਜਹਾਜ਼ ਨੂੰ ਨਿਸ਼ਾਨਾ ਬਣਾਉਣ ਲਈ ਅਮਰੀਕਾ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਅਰਾਗਚੀ ਨੇ ਕਿਹਾ, ‘‘ਅਮਰੀਕਾ ਨੇ ਸਮੁੰਦਰ ਵਿੱਚ, ਈਰਾਨ ਦੇ ਤੱਟਾਂ ਤੋਂ 2,000 ਮੀਲ ਦੂਰ ਹਮਲਾ ਕੀਤਾ ਹੈ। ਫਰੀਗੇਟ, ਜੋ ਕਿ ਭਾਰਤੀ ਜਲ ਸੈਨਾ ਦਾ ਮਹਿਮਾਨ ਸੀ ਅਤੇ ਲੱਗਭੱਗ 130 ਮਲਾਹਾਂ ਨੂੰ ਲੈ ਕੇ ਜਾ ਰਿਹਾ ਸੀ। ਅੰਤਰਰਾਸ਼ਟਰੀ ਪਾਣੀਆਂ ਵਿੱਚ ਬਿਨਾਂ ਕਿਸੇ ਚੇਤਾਵਨੀ ਦੇ ਹਮਲਾ ਕੀਤਾ ਗਿਆ। ਮੇਰੇ ਸ਼ਬਦ ਯਾਦ ਰੱਖਣਾ: ਅਮਰੀਕਾ ਨੂੰ ਇਸ ਮਿਸਾਲ (ਘਟਨਾ) ’ਤੇ ਬਹੁਤ ਪਛਤਾਵਾ ਹੋਵੇਗਾ, ਜੋ ਉਸ ਨੇ ਕਾਇਮ ਕੀਤੀ ਹੈ।’’
ਇਸੇ ਦੌਰਾਨ ਭਾਰਤ ਨੇ ਇਨ੍ਹਾਂ ਰਿਪੋਰਟਾਂ ਦਾ ਖੰਡਨ ਕੀਤਾ ਹੈ ਕਿ ਅਮਰੀਕੀ ਜਲ ਸੈਨਾ ਭਾਰਤੀ ਬੰਦਰਗਾਹਾਂ ਦੀ ਵਰਤੋਂ ਕਰ ਰਹੀ ਸੀ।
ਦੱਖਣੀ ਤੱਟ ’ਤੇ ਅਮਰੀਕੀ ਪਣਡੁੱਬੀ ਦੇ ਹਮਲੇ ਵਿੱਚ ਈਰਾਨੀ ਜਹਾਜ਼ ਦੇ ਡੁੱਬਣ ਤੋਂ ਬਾਅਦ ਹੁਣ ਸ੍ਰੀਲੰਕਾ ਆਪਣੇ ਸਮੁੰਦਰੀ ਖੇਤਰ ਦੇ ਨੇੜੇ ਮੌਜੂਦ ਇੱਕ ਦੂਜੇ ਈਰਾਨੀ ਜਹਾਜ਼ ’ਤੇ ਸਵਾਰ ਲੋਕਾਂ ਦੀਆਂ ਜਾਨਾਂ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਧਿਕਾਰੀ ਇਸ ਦੂਜੇ ਜਹਾਜ਼ ਦੀ ਸਥਿਤੀ ’ਤੇ ਲਗਾਤਾਰ ਨਜ਼ਰ ਰੱਖ ਰਹੇ ਹਨ।




