ਨਵੀਂ ਦਿੱਲੀ : ਭਾਰਤੀ ਹਵਾਈ ਫੌਜ ਨੇ ਬਹੁਤ ਹੀ ਦੁਖਦਾਈ ਖ਼ਬਰ ਸਾਂਝੀ ਕਰਦਿਆਂ ਪੁਸ਼ਟੀ ਕੀਤੀ ਹੈ ਕਿ ਅਸਾਮ ਦੇ ਕਾਰਬੀ ਆਂਗਲੋਂਗ ਜ਼ਿਲ੍ਹੇ ਵਿੱਚ ਹਾਦਸਾਗ੍ਰਸਤ ਹੋਏ ਸੁਖੋਈ ਲੜਾਕੂ ਜਹਾਜ਼ ਦੇ ਦੋਵੇਂ ਪਾਇਲਟ ਸ਼ਹੀਦ ਹੋ ਗਏ ਹਨ। ਸ਼ੁੱਕਰਵਾਰ ਸਵੇਰੇ ਹਵਾਈ ਫੌਜ ਵੱਲੋਂ ਜਾਰੀ ਬਿਆਨ ਅਨੁਸਾਰ, ਸਕੁਐਡਰਨ ਲੀਡਰ ਅਨੁਜ ਤੇ ਫਲਾਈਟ ਲੈਫਟੀਨੈਂਟ ਪੂਰਵੇਸ਼ ਦੁਰਾਗਕਰ ਇਸ ਹਾਦਸੇ ’ਚ ਜਾਨਲੇਵਾ ਸੱਟਾਂ ਕਾਰਨ ਦਮ ਤੋੜ ਗਏ। ਜਹਾਜ਼ ਜੋਰਹਾਟ ਤੋਂ ਲੱਗਭੱਗ 60 ਕਿਲੋਮੀਟਰ ਦੂਰ ਚੋਕੀਹੋਲਾ ਨੇੜੇ ਹਾਦਸਾਗ੍ਰਸਤ ਹੋਇਆ ਸੀ। ਜ਼ਿਕਰਯੋਗ ਹੈ ਕਿ ਇਹ ਜਹਾਜ਼ ਵੀਰਵਾਰ ਸ਼ਾਮ ਨੂੰ ਜੋਰਹਾਟ ਤੋਂ ਉਡਾਣ ਭਰਨ ਤੋਂ ਬਾਅਦ ਰਾਤ 7:42 ਵਜੇ ਰਡਾਰ ਤੋਂ ਲਾਪਤਾ ਹੋ ਗਿਆ ਸੀ। ਹਵਾਈ ਫੌਜ ਨੇ ਤੁਰੰਤ ਤਲਾਸ਼ੀ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ ਸੀ ਅਤੇ ਸ਼ੁੱਕਰਵਾਰ ਤੜਕੇ ਲੱਗਭੱਗ 1 ਵਜੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਪੁਸ਼ਟੀ ਹੋਈ।


