ਇਸਲਾਮਾਬਾਦ : ਪਾਕਿਸਤਾਨੀ ਸੁਰੱਖਿਆ ਬਲਾਂ ਨੇ ਬਲੋਚਿਸਤਾਨ ਵਿੱਚ ਦੋ ਵੱਖ-ਵੱਖ ਖ਼ੁਫ਼ੀਆ ਅਪਰੇਸ਼ਨਾਂ ਦੌਰਾਨ 15 ਲੜਾਕੂਆਂ ਨੂੰ ਮਾਰ ਮੁਕਾਇਆ। ਪਹਿਲਾ ਅਪਰੇਸ਼ਨ ਹਰਨਾਈ ਜ਼ਿਲ੍ਹੇ ਵਿੱਚ ਚਲਾਇਆ ਗਿਆ, ਜਿੱਥੇ ਫ਼ੌਜ ਅਤੇ ਅੱਤਵਾਦੀਆਂ ਵਿਚਕਾਰ ਹੋਈ ਭਿਆਨਕ ਮੁੱਠਭੇੜ ਵਿੱਚ 12 ਲੜਾਕੇ ਮਾਰੇ ਗਏ। ਫ਼ੌਜ ਨੇ ਇਨ੍ਹਾਂ ਨੂੰ ‘ਫਿਤਨਾ ਅਲ-ਖ਼ਵਾਰਿਜ’ (ਤਹਿਰੀਕ-ਏ-ਤਾਾਲਿਬਾਨ ਪਾਕਿਸਤਾਨ) ਨਾਲ ਸੰਬੰਧਤ ਦੱਸਿਆ ਹੈ। ਮਾਰੇ ਗਏ ਲੜਾਕੂਆਂ ਕੋਲੋਂ ਵੱਡੀ ਮਾਤਰਾ ਵਿੱਚ ਹਥਿਆਰ, ਗੋਲਾ-ਬਾਰੂਦ ਅਤੇ ਵਿਸਫੋਟਕ ਸਮੱਗਰੀ ਵੀ ਬਰਾਮਦ ਕੀਤੀ ਗਈ ਹੈ। ਦੂਜਾ ਅਪਰੇਸ਼ਨ ਬਾਸੀਮਾ ਜ਼ਿਲ੍ਹੇ ਵਿੱਚ ਚਲਾਇਆ ਗਿਆ, ਜਿੱਥੇ 3 ਹੋਰ ਬਲੋਚ ਲੜਾਕੇ ਮਾਰੇ ਗਏ।
ਬਾਦਸ਼ਾਹ ’ਤੇ ਕੱਸਿਆ ਸ਼ਿਕੰਜਾ
ਚੰਡੀਗੜ੍ਹ : ਹਰਿਆਣਾ ਪੁਲਸ ਨੇ ਗਾਇਕ ਆਦਿਤਿਆ ਪ੍ਰਤੀਕ ਸਿੰਘ ਸਿਸੋਦੀਆ ਉਰਫ਼ ਬਾਦਸ਼ਾਹ ਵਿਰੁੱਧ ਕਾਰਵਾਈ ਕੀਤੀ ਹੈ। ਪੰਚਕੂਲਾ ਪੁਲਸ ਨੇ ਉਸ ਦੇ ਹਾਲ ਹੀ ਵਿੱਚ ਰਿਲੀਜ਼ ਹੋਏ ਗੀਤ/ ਵੀਡੀਓ ‘ਟਟੀਰੀ’ ਦੇ ਸੰਬੰਧ ਵਿੱਚ ਇੱਕ ਐੱਫ ਆਈ ਆਰ ਦਰਜ ਕੀਤੀ ਹੈ ਅਤੇ ਉਸ ਦੇ ਖ਼ਿਲਾਫ਼ ਲੁੱਕ ਆਊਟ ਸਰਕੂਲਰ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਤਾਂ ਜੋ ਉਸ ਨੂੰ ਦੇਸ਼ ਛੱਡ ਕੇ ਜਾਣ ਤੋਂ ਰੋਕਿਆ ਜਾ ਸਕੇ। ਪੁਲਸ ਅਨੁਸਾਰ ਵੀਡੀਓ ਵਿੱਚ ਸਕੂਲੀ ਵਰਦੀ ਪਹਿਨੀਆਂ ਨਾਬਾਲਗ ਲੜਕੀਆਂ ਆਪਣੇ ਸਕੂਲ ਦੇ ਬੈਗ ਸੁੱਟ ਕੇ ਪੜ੍ਹਾਈ ਤੋਂ ਭੱਜਦੀਆਂ ਦਿਖਾਈਆਂ ਗਈਆਂ ਹਨ। ‘ਬੈਡਸ਼ਾਲਾ’ ਵਰਗੇ ਸ਼ਬਦਾਂ ਦੀ ਵਰਤੋਂ ਵੀ ਸਕੂਲ ਅਤੇ ਵਿਦਿਅਕ ਮਾਹੌਲ ਨੂੰ ਗਲਤ ਤਰੀਕੇ ਨਾਲ ਪੇਸ਼ ਕਰਦੀ ਹੈ। ਇਸ ਤੋਂ ਇਲਾਵਾ ਗਾਣੇ ਵਿੱਚ ਔਰਤਾਂ ਅਤੇ ਲੜਕੀਆਂ ਲਈ ਇਤਰਾਜ਼ਯੋਗ ਅਤੇ ਅਸ਼ਲੀਲ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ।




