ਇਮਰਾਨ ਦੀ ਪਾਰਟੀ ਦੇ 47 ਆਗੂਆਂ ਤੇ ਸਮਰਥਕਾਂ ਨੂੰ 10-10 ਸਾਲ ਕੈਦ

0
9

ਇਸਲਾਮਾਬਾਦ : ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ 47 ਆਗੂਆਂ ਅਤੇ ਸਮਰਥਕਾਂ ਨੂੰ 9 ਮਈ 2023 ਦੇ ਪ੍ਰਦਰਸ਼ਨਾਂ ਦੌਰਾਨ ਹੋਈ ਭੰਨਤੋੜ ਅਤੇ ਹਿੰਸਾ ਦੇ ਮਾਮਲੇ ਵਿੱਚ ਉਨ੍ਹਾਂ ਦੀ ਗੈਰ-ਹਾਜ਼ਰੀ ਵਿੱਚ 10-10 ਸਾਲ ਦੀ ਕੈਦ ਅਤੇ 5,00,000 ਪਾਕਿਸਤਾਨੀ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਹ ਦੇਸ਼ ਵਿਆਪੀ ਪ੍ਰਦਰਸ਼ਨ ਇਸਲਾਮਾਬਾਦ ਵਿੱਚ ਪਾਰਟੀ ਦੇ ਸੰਸਥਾਪਕ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗਿ੍ਰਫਤਾਰੀ ਤੋਂ ਬਾਅਦ ਸ਼ੁਰੂ ਹੋਏ ਸਨ। ਪ੍ਰਦਰਸ਼ਨਕਾਰੀਆਂ ਦੇ ਇੱਕ ਸਮੂਹ ਨੇ ਰਾਵਲਪਿੰਡੀ ਵਿੱਚ ਫੌਜ ਦੇ ਮੁੱਖ ਦਫਤਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਦੌਰਾਨ ਸਰਕਾਰੀ ਜਾਇਦਾਦਾਂ ਦੀ ਭੰਨਤੋੜ ਹੋਈ। ਰਾਵਲਪਿੰਡੀ ਦੀ ਅੱਤਵਾਦ ਵਿਰੋਧੀ ਅਦਾਲਤ ਦੇ ਜੱਜ ਅਮਜਦ ਅਲੀ ਸ਼ਾਹ ਨੇ ਇਹ ਫੈਸਲਾ ਉਨ੍ਹਾਂ 47 ਵਿਅਕਤੀਆਂ ਵਿਰੁੱਧ ਸੁਣਾਇਆ ਹੈ, ਜਿਨ੍ਹਾਂ ਨੂੰ ਪਹਿਲਾਂ ਹੀ ਭਗੌੜਾ ਐਲਾਨਿਆ ਜਾ ਚੁੱਕਾ ਸੀ। ਅਦਾਲਤ ਨੇ ਉਨ੍ਹਾਂ ਨੂੰ ਦੋਸ਼ੀ ਪਾਉਂਦੇ ਹੋਏ ਸਜ਼ਾ ਦੇ ਨਾਲ-ਨਾਲ ਉਨ੍ਹਾਂ ਦੀ ਚੱਲ ਅਤੇ ਅਚੱਲ ਜਾਇਦਾਦ ਨੂੰ ਜ਼ਬਤ ਕਰਨ ਦੇ ਹੁਕਮ ਵੀ ਦਿੱਤੇ ਹਨ। ਸਜ਼ਾ ਪਾਉਣ ਵਾਲਿਆਂ ਵਿੱਚ ਉਮਰ ਅਯੂਬ ਖਾਨ, ਸ਼ਿਬਲੀ ਫਰਾਜ਼, ਸ਼ਾਹਬਾਜ਼ ਗਿੱਲ, ਜ਼ੁਲਫੀ ਬੁਖਾਰੀ, ਮੁਰਾਦ ਸਈਦ, ਜ਼ਰਤਾਜ ਗੁਲ ਅਤੇ ਹਮਾਦ ਅਜ਼ਹਰ ਵਰਗੇ ਵੱਡੇ ਨਾਂਅ ਸ਼ਾਮਲ ਹਨ।