ਈਰਾਨ ਦੇ ਪ੍ਰਮਾਣੂ ਕੇਂਦਰ ‘ਤੇ ਦੂਜੀ ਵਾਰ ਹਮਲਾ

0
115

ਤਹਿਰਾਨ : ਅਮਰੀਕਾ ਤੇ ਇਜ਼ਰਾਈਲ ਦੇ ਈਰਾਨ ‘ਤੇ ਹਮਲੇ ਦੇ 22ਵੇਂ ਦਿਨ ਸਨਿੱਚਰਵਾਰ ਈਰਾਨ ਦੇ ਨਤਾਂਜ਼ ਪ੍ਰਮਾਣੂ ਕੇਂਦਰ ‘ਤੇ ਹਵਾਈ ਹਮਲਾ ਕੀਤਾ ਗਿਆ | ਤਾਂ ਵੀ, ਖਤਰਨਾਕ ਪ੍ਰਮਾਣੂ ਰਿਸਾਅ ਤੋਂ ਬਚਾਅ ਹੋ ਗਿਆ ਦੱਸਿਆ ਜਾਂਦਾ ਹੈ | ਇਜ਼ਰਾਈਲ ਤੇ ਅਮਰੀਕਾ ਨੇ 2 ਮਾਰਚ ਨੂੰ ਵੀ ਇਸ ਕੇਂਦਰ ‘ਤੇ ਹਮਲਾ ਕੀਤਾ ਸੀ | ਇਹ ਈਰਾਨ ਦਾ ਸਭ ਤੋਂ ਵੱਡਾ ਪ੍ਰਮਾਣੂ ਕੇਂਦਰ ਹੈ, ਜਿੱਥੇ ਯੂਰੇਨੀਅਮ ਭਰਪੂਰ ਕੀਤਾ ਜਾਂਦਾ ਹੈ |
ਇਸ ਹਮਲੇ ਤੋਂ ਬਾਅਦ ਈਰਾਨ ਨੇ ਇਜ਼ਰਾਈਲ ਦੇ ਬੇਨ ਗੁਰੀਅਨ ਏਅਰਪੋਰਟ ‘ਤੇ ਡਰੋਨ ਹਮਲਾ ਕੀਤਾ | ਇਸ ਨਾਲ ਏਅਰਪੋਰਟ ਦਾ ਕਾਫੀ ਨੁਕਸਾਨ ਹੋਇਆ | ਈਰਾਨ ਨੇ ਚਾਗੋਸ ਦੀਪ ਸਮੂਹ ਵਿੱਚ ਸਥਿਤ ਅਮਰੀਕਾ ਅਤੇ ਬਿ੍ਟੇਨ ਦੇ ਸਾਂਝੇ ਫੌਜੀ ਅੱਡੇ ਡਿਆਗੋ ਗਾਰਸ਼ੀਆ ਵੱਲ ਵੀ ਦੋ ਮੱਧ-ਦੂਰੀ ਦੀਆਂ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ | ‘ਵਾਲ ਸਟਰੀਟ’ ਜਰਨਲ ਦੀ ਰਿਪੋਰਟ ਅਨੁਸਾਰ ਇਨ੍ਹਾਂ ਵਿੱਚੋਂ ਇੱਕ ਮਿਜ਼ਾਈਲ ਰਸਤੇ ਵਿੱਚ ਹੀ ਫੇਲ੍ਹ ਹੋ ਗਈ, ਜਦਕਿ ਦੂਜੀ ਨੂੰ ਰੋਕਣ ਲਈ ਅਮਰੀਕੀ ਜੰਗੀ ਜਹਾਜ਼ ਨੇ ਇੰਟਰਸੈਪਟਰ ਮਿਜ਼ਾਈਲ ਛੱਡੀ | ਹਾਲਾਂਕਿ ਇਹ ਸਪੱਸ਼ਟ ਨਹੀਂ ਕਿ ਇਹ ਮਿਜ਼ਾਈਲ ਸਫਲਤਾਪੂਰਵਕ ਰੋਕੀ ਗਈ ਸੀ ਜਾਂ ਨਹੀਂ | ਇਹ ਹਮਲਾ ਇਸ ਲਈ ਅਹਿਮ ਹੈ, ਕਿਉਂਕਿ ਡਿਆਗੋ ਗਾਰਸ਼ੀਆ ਈਰਾਨ ਤੋਂ ਲਗਭਗ 4,000 ਕਿਲੋਮੀਟਰ ਦੂਰ ਹੈ, ਜਦਕਿ ਈਰਾਨ ਨੇ ਜਨਤਕ ਤੌਰ ‘ਤੇ ਆਪਣੀ ਮਿਜ਼ਾਈਲ ਸਮਰੱਥਾ ਸਿਰਫ 2000 ਕਿਲੋਮੀਟਰ ਤੱਕ ਹੋਣ ਦਾ ਦਾਅਵਾ ਕੀਤਾ ਸੀ | ਈਰਾਨ ਨੇ ਕਿਹਾ ਹੈ ਕਿ ਅਮਰੀਕਾ ਦਾ ਜ਼ਮੀਨੀ ਹਮਲਾ ਲਾਲ ਲਕੀਰ ਨੂੰ ਪਾਰ ਕਰਨ ਦੇ ਬਰਾਬਰ ਹੋਵੇਗਾ ਅਤੇ ਟਰੰਪ ਨੂੰ ਨਾ ਭੁੱਲਣਯੋਗ ਸਬਕ ਸਿਖਾਇਆ ਜਾਵੇਗਾ |
ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਕਿਹਾ ਹੈ ਕਿ ਆਉਣ ਵਾਲੇ ਹਫਤੇ ਵਿੱਚ ਈਰਾਨ ਵਿਰੁੱਧ ਹਮਲਿਆਂ ਵਿੱਚ ਕਾਫੀ ਵਾਧਾ ਕੀਤਾ ਜਾਵੇਗਾ | ਕਾਟਜ਼ ਨੇ ਸਨਿੱਚਰਵਾਰ ਇਹ ਬਿਆਨ ਉਸ ਵੇਲੇ ਦਿੱਤਾ, ਜਦੋਂ ਕੁਝ ਘੰਟੇ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਉਹ ਮੱਧ ਪੂਰਬ ਵਿੱਚ ਫੌਜੀ ਕਾਰਵਾਈਆਂ ਨੂੰ ਘਟਾਉਣ ਬਾਰੇ ਵਿਚਾਰ ਕਰ ਰਹੇ ਹਨ |
ਅਮਰੀਕੀ ਅਧਿਕਾਰੀਆਂ ਨੇ ਐਲਾਨ ਕੀਤਾ ਹੈ ਕਿ ਟਰੰਪ ਪ੍ਰਸ਼ਾਸਨ ਜਲ ਮਾਰਗਾਂ ਦੇ ਸਮੁੰਦਰੀ ਜਹਾਜ਼ਾਂ ਵਿੱਚ ਫਸੇ ਈਰਾਨੀ ਤੇਲ ‘ਤੇ ਲਗਾਈਆਂ ਪਾਬੰਦੀਆਂ ਨੂੰ ਇੱਕ ਮਹੀਨੇ ਲਈ ਹਟਾ ਰਿਹਾ ਹੈ | ਇਹ ਫੈਸਲਾ ਦੁਨੀਆ ਭਰ ਵਿੱਚ ਤੇਜ਼ੀ ਨਾਲ ਵਧ ਰਹੀਆਂ ਤੇਲ ਦੀਆਂ ਕੀਮਤਾਂ ਨੂੰ ਘਟਾਉਣ ਦੀ ਕੋਸ਼ਿਸ਼ ਵਜੋਂ ਲਿਆ ਗਿਆ ਹੈ | ਇਹ ਰਾਹਤ ਸਿਰਫ ਉਨ੍ਹਾਂ ਜਹਾਜ਼ਾਂ ‘ਤੇ ਲਾਗੂ ਹੋਵੇਗੀ, ਜਿਨ੍ਹਾਂ ‘ਤੇ ਸ਼ੁੱਕਰਵਾਰ ਤੱਕ ਤੇਲ ਲੱਦਿਆ ਜਾ ਚੁੱਕਾ ਸੀ ਅਤੇ ਇਹ ਛੋਟ 19 ਅਪਰੈਲ ਤੱਕ ਜਾਰੀ ਰਹੇਗੀ |