ਮੋਗਾ (ਇਕਬਾਲ ਸਿੰਘ ਖਹਿਰਾ)
ਧਰਮਕੋਟ ਦੀ ਅਨਾਜ ਮੰਡੀ ਵਿੱਚ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਅਗਵਾਈ ਹੇਠ ਸਨਿੱਚਰਵਾਰ ‘ਆਪ’ ਵੱਲੋਂ ਭਰਵੀਂ ਰੈਲੀ ਕੀਤੀ ਗਈ | ਰੈਲੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਇਲਾਵਾ ਕੈਬਨਿਟ ਮੰਤਰੀ ਅਤੇ ਆਪ ਦੇ ਸੂਬਾ ਪ੍ਰਧਾਨ ਅਮਨ ਅਰੋੜਾ, ਕੈਬਨਿਟ ਮੰਤਰੀ ਡਾਕਟਰ ਬਲਵੀਰ ਸਿੰਘ, ਵਿਧਾਇਕ ਅਮਨਦੀਪ ਕੌਰ ਅਰੋੜਾ, ਵਿਧਾਇਕ ਅੰਮਿ੍ਤਪਾਲ ਸਿੰਘ ਸੁੱਖਾਨੰਦ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਵਿਧਾਇਕ ਸਰਵਣ ਸਿੰਘ ਧੁੰਨ, ਵਿਧਾਇਕ ਨਰੇਸ਼ ਕਟਾਰੀਆ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਹਲਕੇ ਵਿਚਲੇ ਵੱਡੀ ਗਿਣਤੀ ਵਿੱਚ ਆਗੂ ਹਾਜ਼ਰ ਹੋਏ |
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਹਲਕੇ ਦੇ ਪਿੰਡ ਬਾਜੇਕੇ ਵਿਖੇ ਲਗਭਗ 20 ਕਰੋੜ ਦੀ ਲਾਗਤ ਨਾਲ ਨਵੇਂ ਬਣਾਏ ਜਾ ਰਹੇ ਸਕੂਲ ਆਫ ਐਮੀਨੈਂਸ ਅਤੇ ਸਬ-ਡਵੀਜ਼ਨ ਪੱਧਰ ਦੇ 18 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਅਧੁਨਿਕ ਹਸਪਤਾਲ ਦਾ ਨੀਂਹ ਪੱਥਰ ਰੱਖਿਆ | ਰੈਲੀ ਦੌਰਾਨ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਵਿਰੋਧੀ ਸਿਆਸੀ ਪਾਰਟੀਆਂ ‘ਤੇ ਤਿੱਖੇ ਹਮਲੇ ਕੀਤੇ |
ਉਨ੍ਹਾ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ 2027 ਦੌਰਾਨ ਇੱਕਤਰਫਾ ਮਾਹੌਲ ਬਣੇਗਾ ਅਤੇ ਫਿਰ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਸੰਭਾਲੇਗੀ | ਵਿਰੋਧੀਆਂ ਪਾਸ ਵਿਕਾਸ ਦਾ ਕੋਈ ਏਜੰਡਾ ਨਹੀਂ | ਵਿਰੋਧੀ ਪਾਰਟੀਆਂ ਨੇ ਆਜ਼ਾਦੀ ਦੇ 80 ਸਾਲਾਂ ਵਿੱਚ ਲੋਕਾਂ ਨੂੰ ਗਲੀਆਂ-ਨਾਲੀਆਂ ਵਿਚ ਹੀ ਉਲਝਾਈ ਰੱਖਿਆ ਹੈ | ਚਾਰ ਸਾਲ ਪਹਿਲਾਂ ਜਦੋਂ ਆਮ ਆਦਮੀ ਪਾਰਟੀ ਨੇ ਸੂਬੇ ਦੀ ਵਾਗਡੋਰ ਸੰਭਾਲੀ ਸੀ ਤਾਂ ਵਿਰੋਧੀ ਉਨ੍ਹਾ ਨੂੰ ਅਨਾੜੀ ਅਤੇ ਅਣਜਾਣ ਕਹਿ ਕੇ ਭੰਡਦੇ ਸਨ, ਪਰ ਆਮ ਘਰਾਂ ਦੇ ਇਨ੍ਹਾਂ ਅਨਾੜੀਆਂ ਨੇ ਸੂਬੇ ਦੇ ਖਰਾਬ ਸਿਸਟਮ ਨੂੰ ਕੁਝ ਹੱਦ ਤੱਕ ਠੀਕ ਕਰ ਦਿੱਤਾ ਹੈ | ਉਨ੍ਹਾ ਕਿਹਾ ਕਿ ਨੀਲੇ-ਪੀਲੇ ਕਾਰਡਾਂ ਨਾਲ ਨਾ ਤਾਂ ਬੇਰੁਜ਼ਗਾਰੀ ਖਤਮ ਹੋਣੀ ਹੈ ਅਤੇ ਨਾ ਹੀ ਵਿਕਾਸ ਦੀ ਗੱਡੀ ਪਟੜੀ ਉੱਤੇ ਚੜ੍ਹਣੀ ਹੈ | ਇਸ ਲਈ ਸਾਨੂੰ ਸਭ ਨੂੰ ਰਲਮਿਲ ਕੇ ਸਿੱਖਿਆ ਦਾ ਪੱਧਰ ਮਜ਼ਬੂਤ ਬਣਾਉਣਾ ਹੋਵੇਗਾ | ਉਨ੍ਹਾ ਕਿਹਾ ਕਿ ਇਹ ਲੋਕ ਮੈਂ, ਮੇਰਾ ਪੁੱਤ, ਭਤੀਜਾ, ਜੀਜਾ ਅਤੇ ਸਾਲੇ ਦਾ ਪੰਜ ਨੁਕਾਤੀ ਪ੍ਰੋਗਰਾਮ ਲੈ ਕੇ ਸੱਤਾ ਹਾਸਲ ਕਰਨ ਦੇ ਸੁਪਨੇ ਦੇਖ ਰਹੇ ਹਨ |
ਰੈਲੀ ਦੌਰਾਨ ਰਣਜੀਤ ਬਾਵਾ ਨੇ ਆਪਣੀ ਗਾਇਕੀ ਰਾਹੀਂ ਇਕੱਠ ਦਾ ਭਰਪੂਰ ਮਨੋਰੰਜਨ ਕੀਤਾ |





