ਲੁਧਿਆਣਾ (ਐੱਮ ਐੱਸ ਭਾਟੀਆ)
ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਮੌਕੇ ਲੁਧਿਆਣਾ ਵਿੱਚ ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਵੱਲੋਂ ਸਾਂਝੇ ਤੌਰ ‘ਤੇ ਜਗਰਾਉਂ ਪੁਲ ‘ਤੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਬੁੱਤਾਂ ਨੂੰ ਹਾਰ ਪਾ ਕੇ ਸ਼ਰਧਾਂਜਲੀ ਭੇਟ ਕੀਤੀ ਗਈ । ਇਸ ਮੌਕੇ ਸ਼ਾਮਲ ਲੋਕਾਂ ਨੇ ਉਨ੍ਹਾਂ ਵੱਲੋਂ ਦਰਸਾਏ ਗਏ ਸਾਮਰਾਜ ਵਿਰੋਧੀ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਪ੍ਰਣ ਲਿਆ।
ਬੁਲਾਰਿਆਂ ਨੇ ਕਿਹਾ ਕਿ ਅੱਜ ਦੇ ਜੰਗਾਂ, ਅਸਮਾਨਤਾ ਅਤੇ ਬੇਰੋਜ਼ਗਾਰੀ ਭਰੇ ਸਮੇਂ ਵਿੱਚ ਭਗਤ ਸਿੰਘ ਦੀ ਸੋਚ ਵਿਸ਼ਵ ਸ਼ਾਂਤੀ, ਆਰਥਿਕ ਬਰਾਬਰੀ ਅਤੇ ਸਮਾਜਿਕ ਨਿਆਂ ਲਈ ਰਾਹ ਦਿਖਾਉਂਦੀ ਹੈ। ਉਨ੍ਹਾਂ ਨੇ ਸਮਾਜਵਾਦ, ਧਰਮਨਿਰਪੱਖਤਾ ਅਤੇ ਹਿੰਦੂ-ਮੁਸਲਿਮ ਏਕਤਾ ਨੂੰ ਮਜ਼ਬੂਤ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀ ਕਦੇ ਵੀ ਹਿੰਸਾ ਦੇ ਹਾਮੀ ਨਹੀਂ ਰਹੇ, ਬਲਕਿ ਉਹਨਾਂ ਨੇ ਇਨਕਲਾਬ ਨੂੰ ਚੇਤਨਾ ਨਾਲ ਜੋੜ ਕੇ ਸਮਝਾਇਆ ਕਿ ਇਸ ਦਾ ਮਤਲਬ ਵਿਚਾਰਾਂ ਵਿੱਚ ਤਬਦੀਲੀ ਹੈ, ਜਿਸ ਵਿੱਚ ਸਮਾਜਿਕ ਤੇ ਆਰਥਿਕ ਨਿਆਂ ਦੀ ਬੜੀ ਮਹੱਤਤਾ ਹੈ।
ਬੁਲਾਰਿਆਂ ਨੇ ਚੇਤਾਵਨੀ ਦਿੱਤੀ ਕਿ ਸਾਮਰਾਜੀ ਅਤੇ ਸੱਜੇ ਪੱਖੀ ਤਾਕਤਾਂ ਦੁਨੀਆ ਵਿੱਚ ਜੰਗਾਂ ਅਤੇ ਤਣਾਅ ਵਧਾ ਰਹੀਆਂ ਹਨ ਤੇ ਹਿੰਸਾ ਦੇ ਮਾਹੌਲ ਨੂੰ ਉਭਾਰ ਰਹੀਆਂ ਹਨ। ਇਸ ਨਾਲ ਵਿਸ਼ਵ ਯੁੱਧ ਦਾ ਖ਼ਤਰਾ ਵਧ ਰਿਹਾ ਹੈ। ਸੱਤਾ ‘ਤੇ ਬੈਠੀਆਂ ਸ਼ਕਤੀਆਂ ਜੋ ਕਿ ਇੱਕ ਸਮੇਂ ਅੰਗਰੇਜ਼ਾਂ ਦੀਆਂ ਦਲਾਲ ਸਨ, ਵੱਲੋਂ ਭਾਰਤ ਵਿੱਚ ਸਮਾਜ ਨੂੰ ਫਿਰਕੂ ਲੀਹਾਂ ‘ਤੇ ਵੰਡਣ ਦੀ ਪੂਰੀ ਸਾਜ਼ਿਸ਼ ਕੀਤੀ ਜਾ ਰਹੀ ਹੈ। ਘੱਟ ਗਿਣਤੀਆਂ ‘ਤੇ ਹਮਲੇ ਹੋ ਰਹੇ ਹਨ, ਦਲਿਤਾਂ ਅਤੇ ਇਸਤਰੀਆਂ ਪ੍ਰਤੀ ਨਾਂਹ-ਪੱਖੀ ਮਾਨਸਿਕਤਾ ਫੈਲਾਈ ਜਾ ਰਹੀ ਹੈ।ਵਿਗਿਆਨਕ ਦ੍ਰਿਸ਼ਟੀਕੋਣ ਨੂੰ ਸਮਾਪਤ ਕਰਨ ਦੀਆਂ ਸਾਜ਼ਿਸ਼ਾਂ ਚੱਲ ਰਹੀਆਂ ਹਨ। ਰੂੜੀਵਾਦ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਵੱਡੀ ਸਰਮਾਏਦਾਰੀ ਪ੍ਰਫੁੱਲਿਤ ਹੋ ਰਹੀ ਹੈ ਪਰ ਛੋਟੇ ਆਰਥਿਕ ਤੌਰ ‘ਤੇ ਕਮਜ਼ੋਰ ਤਬਕਿਆਂ ਦੇ ਲੋਕ ਔਖੀ ਜ਼ਿੰਦਗੀ ਗੁਜ਼ਾਰ ਰਹੇ ਹਨ। ਅੱਜ ਫ਼ਿਰਕੂ ਵੰਡ ਦੇ ਖ਼ਿਲਾਫ਼ ਲੜਦਿਆਂ ਲੋਕਤੰਤਰ ਅਤੇ ਧਰਮਨਿਰਪੱਖਤਾ ਦੀ ਰੱਖਿਆ ਜ਼ਰੂਰੀ ਹੈ। ਆਰਥਿਕ ਨੀਤੀਆਂ ਵਿੱਚ ਅਤਿ ਵੱਡੇ ਧੰਨ ਕੁਬੇਰਾਂ ਦੀ ਸੇਵਾ ਕੀਤੀ ਜਾ ਰਹੀ ਹੈ ਤੇ ਬਾਕੀ ਲੋਕ ਬਹੁਤ ਮਾਰ ਖਾ ਰਹੇ ਹਨ।
ਇਸ ਮੌਕੇ ਵੱਡੀ ਗਿਣਤੀ ਵਿੱਚ ਨੌਜਵਾਨ, ਵਿਦਿਆਰਥੀ ਅਤੇ ਮਿਹਨਤਕਸ਼ ਲੋਕ ਸ਼ਾਮਲ ਹੋਏ। ਜਿਨ੍ਹਾਂ ਬੁਲਾਰਿਆਂ ਨੇ ਸੰਬੋਧਨ ਕੀਤਾ, ਉਹਨਾਂ ਵਿੱਚ ਕਾਮਰੇਡ ਡੀ ਪੀ ਮੌੜ, ਰਘਬੀਰ ਸਿੰਘ ਬੈਨੀਪਾਲ, ਸੁਖਵਿੰਦਰ ਸਿੰਘ ਲੋਟੇ, ਜਗਦੀਸ਼ ਚੰਦ, ਡਾ: ਅਰੁਣ ਮਿੱਤਰਾ, ਚਮਕੌਰ ਸਿੰਘ, ਰਾਮ ਲਾਲ, ਐੱਮ ਐੱਸ ਭਾਟੀਆ, ਪਰਮਜੀਤ ਸਿੰਘ, ਅਮਰਨਾਥ ਕੂਮ ਕਲਾਂ, ਵਿਜੇ ਕੁਮਾਰ, ਕੇਵਲ ਸਿੰਘ ਬਨਵੈਤ ਆਦਿ ਸ਼ਾਮਲ ਸਨ।
ਛੇਹਰਟਾ (ਮਨੋਜ ਕੁਮਾਰ) : ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਰੋਸ ਪ੍ਰਦਰਸ਼ਨ ਟਰੇਡ ਯੂਨੀਅਨਾਂ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੰਮ੍ਰਿਤਸਰ ਦੇ ਭੰਡਾਰੀ ਪੁਲ ‘ਤੇ ਕੀਤਾ ਗਿਆ। ਇਸ ਦਿਨ ਨੂੰ ‘ਸਾਮਰਾਜ ਤੇ ਜੰਗ ਵਿਰੋਧੀ ਦਿਨ’ ਵਜੋਂ ਮਨਾਉਂਦਿਆਂ ਬੁਲਾਰਿਆਂ ਨੇ ਕੇਂਦਰ ਤੇ ਰਾਜ ਸਰਕਾਰ ਦੀਆਂ ਕਾਰਪੋਰੇਟ-ਪੱਖੀ ਨੀਤੀਆਂ ਵਿਰੁੱਧ ਤਿੱਖਾ ਹਮਲਾ ਬੋਲਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਮੌਜੂਦਾ ਕੇਂਦਰ ਸਰਕਾਰ ਨੇ ਅਮਰੀਕਾ ਅੱਗੇ ਗੋਡੇ ਟੇਕ ਦਿੱਤੇ ਹਨ ਤੇ ਦੇਸ਼ ਦੀ ਪ੍ਰਭੂਸੱਤਾ ਨੂੰ ਖ਼ਤਰੇ ਵਿਚ ਪਾ ਦਿੱਤਾ ਹੈ। ਉਨ੍ਹਾ ਪੰਜਾਬ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਸੂਬਾ ਕਰਜ਼ੇ ਦੀ ਪੰਡ ਹੇਠ ਦੱਬਿਆ ਹੋਇਆ ਹੈ, ਜਿਸ ਕਾਰਨ ਵਿਕਾਸ ਦੇ ਸਾਰੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ।
ਟਰੇਡ ਯੂਨੀਅਨ ਆਗੂਆਂ ਕਾਮਰੇਡ ਸੁੱਚਾ ਸਿੰਘ ਅਜਨਾਲਾ, ਅਮਰਜੀਤ ਸਿੰਘ ਆਸਲ ਤੇ ਸੁਰਿੰਦਰ ਪਾਲ ਸ਼ਰਮਾ ਨੇ ਕਿਹਾ ਕਿ ਚਾਰ ਨਵੇਂ ਲੇਬਰ ਕੋਡ ਲਾਗੂ ਕਰਕੇ ਮਜ਼ਦੂਰਾਂ ਨੂੰ ਗੁਲਾਮੀ ਵੱਲ ਧੱਕਿਆ ਜਾ ਰਿਹਾ ਹੈ। ਮਜ਼ਦੂਰਾਂ ਦੀ ਦਿਹਾੜੀ 8 ਘੰਟੇ ਤੋਂ ਵਧਾ ਕੇ 12 ਘੰਟੇ ਕਰਨਾ ਸਰਾਸਰ ਧੱਕੇਸ਼ਾਹੀ ਹੈ। ਯੂਨੀਅਨ ਬਣਾਉਣ ਦੇ ਜਮਹੂਰੀ ਹੱਕ ਨੂੰ ਖੋਹਿਆ ਜਾ ਰਿਹਾ ਹੈ।
ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਲਖਬੀਰ ਸਿੰਘ ਨਿਜ਼ਾਮਪੁਰਾ, ਸਵਿੰਦਰ ਸਿੰਘ ਮੀਰਾਂਕੋਟ ਤੇ ਗੁਰਦੇਵ ਸਿੰਘ ਵਰਪਾਲ ਨੇ ਭਾਰਤ-ਅਮਰੀਕਾ ਵਪਾਰ ਸਮਝੌਤੇ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾ ਸਪੱਸ਼ਟ ਕੀਤਾ ਕਿ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਸਾਮਰਾਜਵਾਦ ਵਿਰੁੱਧ ਲੜਾਈ ਨੂੰ ਪਿੰਡ-ਪਿੰਡ ਤੱਕ ਲਿਜਾਇਆ ਜਾਵੇਗਾ। ਸਮਾਗਮ ਦੌਰਾਨ ਅਹਿਮ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ।
ਕਾਮਰੇਡ ਸੁੱਚਾ ਸਿੰਘ ਅਜਨਾਲਾ ਨੇ ਵੇਅਰਹਾਊਸ ਦੇ ਐੱਮ.ਡੀ. ਗਗਨਦੀਪ ਸਿੰਘ ਰੰਧਾਵਾ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਸਾਬਕਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਤੇ ਉਨ੍ਹਾਂ ਦੇ ਪਰਵਾਰ ਦੀ ਤੁਰੰਤ ਗ੍ਰਿਫ਼ਤਾਰੀ ਕਰਨ ਅਤੇ ਪੂਰੇ ਮਾਮਲੇ ਦੀ ਸੀ.ਬੀ.ਆਈ. ਤੋਂ ਨਿਰਪੱਖ ਪੜਤਾਲ ਕਰਵਾਉਣ ਦੀ ਮੰਗ ਕੀਤੀ। ਇਸ ਮੌਕੇ ਚਰਨਜੀਤ ਮਜੀਠਾ, ਦਸਵਿੰਦਰ ਕੌਰ, ਬਲਦੇਵ ਸਿੰਘ ਵੇਰਕਾ, ਸ਼ਮਸ਼ੇਰ ਸਿੰਘ ਹੇਰ, ਬਲਬੀਰ ਸਿੰਘ ਮੂਧਲ, ਕਿਰਪਾ ਰਾਮ, ਭੁਪਿੰਦਰਜੀਤ ਸਿੰਘ ਛੀਨਾ ਅਤੇ ਕੁਲਵੰਤ ਸਿੰਘ ਮੀਰਾਂਕੋਟ ਸਮੇਤ ਵੱਡੀ ਗਿਣਤੀ ਵਿਚ ਵਰਕਰ ਤੇ ਅਹੁਦੇਦਾਰ ਹਾਜ਼ਰ ਸਨ।





