ਅੰਮ੍ਰਿਤਸਰ : ਭਾਰਤੀ ਕਮਿਊਨਿਸਟ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਵੇਅਰ ਹਾਊਸ ਕਾਰਪੋਰੇਸ਼ਨ ਅੰਮ੍ਰਿਤਸਰ / ਤਰਨ ਤਾਰਨ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਵੱਲੋਂ ਆਪਣੀ ਜ਼ਿੰਦਗੀ ਖਤਮ ਕਰ ਲੈਣ ‘ਤੇ ਪਰਵਾਰ ਨੂੰ ਮਿਲਣ ਵਾਸਤੇ ਪਹੁੰਚੇ। ਰੰਧਾਵਾ ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂ ਪਿਰਥੀਪਾਲ ਸਿੰਘ ਮਾੜੀਮੇਘਾ ਅਤੇ ਅਮਰਜੀਤ ਸਿੰਘ ਦਾ ਭਾਣਜਾ ਸੀ।ਪਰਵਾਰ ਨੂੰ ਮਿਲਣ ਉਪਰੰਤ ਕਮਿਊਨਿਸਟ ਆਗੂ ਸਥਾਨਕ ਈ ਐੱਮ ਸੀ ਹਸਪਤਾਲ ਪੁੱਜੇ, ਜਿਥੇ ਮ੍ਰਿਤਕ ਦਾ ਸਰੀਰ ਰੱਖਿਆ ਗਿਆ ਸੀ। ਪਰਵਾਰ ਅਤੇ ਮ੍ਰਿਤਕ ਦੇ ਮਹਿਕਮੇ ਦੀਆਂ ਜਥੇਬੰਦੀਆਂ ਵੱਲੋਂ ਇਨਸਾਫ ਲਈ ਹਸਪਤਾਲ ਦੇ ਬਾਹਰ ਲਗਾਤਾਰ ਧਰਨਾ ਚੱਲ ਰਿਹਾ ਸੀ। ਇਸ ਧਰਨੇ ਵਿੱਚ ਸ਼ਾਮਲ ਹੋ ਕਿ ਉਥੇ ਬੈਠੇ ਹੋਏ ਇਨਸਾਫ ਦੀ ਲੜਾਈ ਲਈ ਜੂਝ ਰਹੇ ਸਾਥੀਆਂ ਨੂੰ ਸੰਬੋਧਨ ਕਰਦਿਆਂ ਕਾਮਰੇਡ ਅਰਸ਼ੀ ਨੇ ਦੋਸ਼ੀਆਂ ਦੀ ਤੁਰੰਤ ਗਿਰਫਤਾਰੀ ਅਤੇ ਇਸ ਕੇਸ ਦੀ ਸੀ ਬੀ ਆਈ ਤੋਂ ਇਨਕੁਆਰੀ ਦੀ ਮੰਗ ਕਰਦਿਆਂ ਪਰਵਾਰ ਅਤੇ ਮੁਲਾਜ਼ਮ ਸਾਥੀਆਂ ਨਾਲ ਸੰਪੂਰਨ ਸਹਿਯੋਗ ਕਰਨ ਅਤੇ ਇਨਸਾਫ ਪ੍ਰਾਪਤੀ ਤੱਕ ਹਰ ਕੁਰਬਾਨੀ ਦਾ ਐਲਾਨ ਕੀਤਾ।ਧਰਨੇ ‘ਤੇ ਬੈਠਿਆਂ ਹੀ ਅਚਾਨਕ ਲਾਲਜੀਤ ਸਿੰਘ ਭੁੱਲਰ ਅਤੇ ਉਸ ਦੇ ਪੀ ਏ ਦਿਲਬਾਗ ਸਿੰਘ ਦੀ ਗ੍ਰਿਫਤਾਰੀ ਦੀ ਖਬਰ ਆਉਣ ‘ਤੇ ਇਕੱਠ ਅੰਦਰ ਹਾਜ਼ਰ ਇਨਸਾਫਪਸੰਦ ਲੋਕਾਂ ਨੇ ਇਹਨਾਂ ਗ੍ਰਿਫਤਾਰੀਆਂ ਨੂੰ ਇਨਸਾਫ ਦੀ ਲੜਾਈ ਦਾ ਪਹਿਲਾ ਕਦਮ ਦੱਸਿਆ।ਪਰਵਾਰ ਅਤੇ ਕਮਿਊਨਿਸਟ ਪਾਰਟੀ ਦੀ ਮੰਗ ਹੈ ਕਿ ਮ੍ਰਿਤਕ ਦਾ ਪੋਸਟ ਮਾਰਟਮ ਪੀ ਜੀ ਆਈ ਚੰਡੀਗੜ੍ਹ ਜਾਂ ਏਮਜ਼ ਬਠਿੰਡਾ ਦੇ ਡਾਕਟਰਾਂ ਵੱਲੋਂ ਮੈਜਿਸਟਰੇਟ ਦੀ ਹਾਜ਼ਰੀ ਵਿੱਚ ਕੀਤਾ ਜਾਵੇ, ਫਿਰ ਹੀ ਅੰਤਮ ਸੰਸਕਾਰ ਕੀਤਾ ਜਾਵੇਗਾ। ਇਸ ਮੌਕੇ ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂ ਅਮਰਜੀਤ ਸਿੰਘ ਆਸਲ, ਦਸਵਿੰਦਰ ਕੌਰ, ਲਖਬੀਰ ਸਿੰਘ ਨਿਜ਼ਾਮਪੁਰ, ਨਰਿੰਦਰ ਬੱਲ, ਮਨਜੀਤ ਸਿੰਘ, ਬਲਦੇਵ ਸਿੰਘ ਵੇਰਕਾ, ਮੰਗਲ ਸਿੰਘ ਖਜਾਲਾ, ਪੂਰਨ ਸਿੰਘ ਮਾੜੀਮੇਘਾ ਅਤੇ ਕੁਲਬੀਰ ਸਿੰਘ ਕਸੇਲ ਆਦਿ ਹਾਜ਼ਰ ਸਨ।





