ਸ਼ਹੀਦ-ਏ-ਆਜ਼ਮ ਭਗਤ ਸਿੰਘ ਪਹਿਲੇ ਪ੍ਰਧਾਨ ਮੰਤਰੀ ਹੁੰਦੇ ਤਾਂ ਦੇਸ਼ ਦੇ ਹਾਲਾਤ ਅੱਜ ਕੁਝ ਹੋਰ ਹੁੰਦੇ : ਮਾਨ

0
5

ਹੁਸੈਨੀਵਾਲਾ (ਫਿਰੋਜ਼ਪੁਰ) : ਫਿਰੋਜ਼ਪੁਰ ਦੇ ਹੁਸੈਨੀਵਾਲਾ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਹੀਦਾਂ ਦੇ ਸਨਮਾਨ ਵਜੋਂ ਉਨ੍ਹਾਂ ਦੇ ਸੁਪਨਿਆਂ ਦਾ ‘ਰੰਗਲਾ ਪੰਜਾਬ’ ਬਣਾਉਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਇੱਥੇ ਇਤਿਹਾਸਕ ਕੌਮੀ ਸ਼ਹੀਦ ਸਮਾਰਕ ‘ਤੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸ਼ਹੀਦਾਂ ਦੇ ਪਰਵਾਰਾਂ ਨੂੰ ਸਨਮਾਨਤ ਕੀਤਾ ਅਤੇ 24.99 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਹੁਸੈਨੀਵਾਲਾ ਵਿਰਾਸਤੀ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ। ਦੇਸ਼ ਦੇ ਮਹਾਨ ਇਨਕਲਾਬੀਆਂ ਦੀ ਸ਼ਾਨਾਮੱਤੀ ਵਿਰਾਸਤ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਮੌਕਾ ਸਿਰਫ਼ ਉਨ੍ਹਾਂ ਯੋਧਿਆਂ ਦੀ ਕੁਰਬਾਨੀ ਨੂੰ ਯਾਦ ਕਰਨ ਦਾ ਨਹੀਂ, ਸਗੋਂ ਉਨ੍ਹਾਂ ਦੇ ਆਦਰਸ਼ਾਂ ਅਤੇ ਬੇਇਨਸਾਫ਼ੀ ਵਿਰੁੱਧ ਆਢਾ ਲੈਣ ਵਾਲੇ ਦ੍ਰਿੜ੍ਹ ਇਰਾਦਿਆਂ ਨੂੰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦਾ ਹੈ। ਉਨ੍ਹਾ ਸ਼ਹੀਦਾਂ ਦੀ ਮਹਾਨ ਸੋਚ ਅਨੁਸਾਰ ਪੰਜਾਬ ਅਤੇ ਦੇਸ਼ ਦੀ ਸੇਵਾ ਕਰਨ ਦੇ ਆਪਣੇ ਇਰਾਦੇ ਨੂੰ ਦੁਹਰਾਇਆ ਅਤੇ ਨਾਲ ਹੀ ਇਨ੍ਹਾਂ ਮਹਾਨ ਆਜ਼ਾਦੀ ਘੁਲਾਟੀਆਂ ਨੂੰ ਹਾਲੇ ਤੱਕ ਭਾਰਤ ਰਤਨ ਨਾ ਦਿੱਤੇ ਜਾਣ ‘ਤੇ ਵੀ ਸਵਾਲ ਉਠਾਇਆ। ਉਨ੍ਹਾ ਕਿਹਾ ਕਿ ਆਜ਼ਾਦੀ ਦੇ ਸ਼ੁਰੂਆਤੀ ਸਾਲਾਂ ਦੌਰਾਨ ਜੇਕਰ ਦੇਸ਼ ਦੀ ਵਾਗਡੋਰ ਅਜਿਹੇ ਦਲੇਰ ਨੌਜਵਾਨਾਂ ਦੇ ਹੱਥ ਹੁੰਦੀ ਤਾਂ ਭਾਰਤ ਦਾ ਚਿਹਰਾ-ਮੋਹਰਾ ਹੋਰ ਹੀ ਹੁੰਦਾ।
ਇਕੱਠ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ, ‘ਇਸ ਦੇਸ਼ ਦੇ ਲਾਲਚੀ ਤੇ ਸਵਾਰਥੀ ਆਗੂਆਂ ਨੇ ਜਿਉਂਦੇ ਜੀਅ ਆਪਣੇ ਨਾਵਾਂ ‘ਤੇ ਸਟੇਡੀਅਮ ਬਣਾਏ ਹਨ, ਪਰ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਵਰਗੇ ਸੱਚੇ ਸ਼ਹੀਦਾਂ ਨੂੰ ਸਨਮਾਨਤ ਕਰਨ ਲਈ ਹਾਲੇ ਤੱਕ ਕੋਈ ਵੀ ਮੂਹਰੇ ਨਹੀਂ ਆਇਆ।’ਮੁੱਖ ਮੰਤਰੀ ਨੇ ਕਿਹਾ, ‘ਇਨ੍ਹਾਂ ਮਹਾਨ ਕ੍ਰਾਂਤੀਕਾਰੀਆਂ ਨੇ ਛੋਟੀ ਉਮਰ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ, ਪਰ ਆਜ਼ਾਦੀ ਤੋਂ ਬਾਅਦ ਕੁਰਸੀ ਦੇ ਲੋਭੀਆਂ ਨੇ ਸੱਤਾ ‘ਤੇ ਕਬਜ਼ਾ ਕਰ ਲਿਆ ਅਤੇ ਲਹੂ ਡੋਲ੍ਹ ਕੇ ਹਾਸਲ ਕੀਤੀ ਉਸ ਆਜ਼ਾਦੀ ਦਾ ਸਿਹਰਾ ਆਪਣੇ ਸਿਰ ਬੰਨ੍ਹ ਲਿਆ, ਜਿਸ ਲਈ ਉਹ ਕਦੇ ਲੜੇ ਵੀ ਨਹੀਂ।’ ਉਹਨਾ ਕਿਹਾ, ‘ਕੁਝ ਨਾਸ਼ੁਕਰੇ ਨੇਤਾ ਹੁਣ ਦਾਅਵਾ ਕਰਦੇ ਹਨ ਕਿ ਭਾਰਤ ਨੂੰ ਸੱਚੀ ਆਜ਼ਾਦੀ ਸਿਰਫ਼ 2014 ਵਿੱਚ ਮਿਲੀ ਹੈ, ਜੋ ਕਿ ਸਾਡੇ ਸ਼ਹੀਦਾਂ ਦਾ ਘੋਰ ਅਪਮਾਨ ਹੈ।’ ਉਨ੍ਹਾ ਕਿਹਾ ਕਿ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਕੁਝ ਲੋਕ ਸ਼ਹੀਦ ਭਗਤ ਸਿੰਘ ਨੂੰ ਸਿਰਫ਼ ਇੱਕ ‘ਸਮਾਜ ਸੇਵਕ’ ਵਜੋਂ ਪੇਸ਼ ਕਰਦੇ ਹਨ, ਸ਼ਹੀਦ ਨਹੀਂ ਮੰਨਦੇ। ਅਜਿਹੇ ਸਰਟੀਫਿਕੇਟ ਦੇਣ ਵਾਲੇ ਇਹ ਲੋਕ ਕੌਣ ਹਨ? ਉਨ੍ਹਾ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਸਾਨੂੰ ਮੁਹਾਲੀ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ ‘ਤੇ ਰੱਖਣ ਲਈ ਵੀ ਸੰਘਰਸ਼ ਕਰਨਾ ਪਿਆ, ਕਿਉਂਕਿ ਕੇਂਦਰ ਵੱਲੋਂ ਵਾਰ-ਵਾਰ ਸਾਡੀਆਂ ਬੇਨਤੀਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ, ਪਰ ਅੰਤ ਵਿੱਚ ਸਾਡੀਆਂ ਲਗਾਤਾਰ ਕੋਸ਼ਿਸ਼ਾਂ ਸਦਕਾ ਅਸੀਂ ਇਸ ਦਾ ਨਾਂਅ ਉਨ੍ਹਾ ਦੇ ਸਨਮਾਨ ਵਿੱਚ ਰੱਖਣ ਵਿੱਚ ਕਾਮਯਾਬ ਹੋਏ। ਉਨ੍ਹਾ ਕਿਹਾ ਕਿ ਮੈਨੂੰ ਬਹੁਤ ਦੁੱਖ ਹੁੰਦਾ ਹੈ, ਜਦੋਂ ਲੋਕ ਵਾਹਨਾਂ ‘ਤੇ ਉਨ੍ਹਾ ਦੀ ਤਸਵੀਰ ਲਾ ਕੇ ਕਹਿੰਦੇ ਹਨ ਕਿ ਉਹ ਵਾਪਸ ਆ ਜਾਣਗੇ। ਉਨ੍ਹਾ ਦੇ ਵਾਪਸ ਆਉਣ ਦੀ ਉਡੀਕ ਕਰਨ ਦੀ ਬਜਾਏ ਸਾਨੂੰ ਉਨ੍ਹਾ ਦੇ ਦਿਖਾਏ ਰਸਤੇ ‘ਤੇ ਚੱਲਣਾ ਚਾਹੀਦਾ ਹੈ ਅਤੇ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ। ਮੌਜੂਦਾ ਸਮੇਂ ਬੰਬਾਂ ਅਤੇ ਹਥਿਆਰਾਂ ਦੀ ਲੋੜ ਨਹੀਂ। ਵੋਟ ਦੀ ਸ਼ਕਤੀ ਸਭ ਤੋਂ ਵੱਡੀ ਤਾਕਤ ਹੈ ਅਤੇ ਸਹੀ ਆਗੂਆਂ ਦੀ ਚੋਣ ਕਰਕੇ ਲੋਕ ਅਸਲ ਮਾਇਨੇ ‘ਚ ਤਬਦੀਲੀ ਲਿਆ ਸਕਦੇ ਹਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਹੁਸੈਨੀਵਾਲਾ ਵਿਰਾਸਤੀ ਕੰਪਲੈਕਸ ਦਾ ਨੀਂਹ ਪੱਥਰ ਰੱਖਦਿਆਂ ਕਿਹਾ ਕਿ 24.99 ਕਰੋੜ ਰੁਪਏ ਦੀ ਲਾਗਤ ਵਾਲਾ ਇਹ ਪ੍ਰੋਜੈਕਟ ਸਾਡੇ ਮਹਾਨ ਸ਼ਹੀਦਾਂ ਦਾ ਸਨਮਾਨ ਕਰਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਉਨ੍ਹਾਂ ਦੀ ਵਿਰਾਸਤ ਨੂੰ ਸੰਭਾਲਣ ਦਾ ਇੱਕ ਨਿਮਾਣਾ ਜਿਹਾ ਯਤਨ ਹੈ। ਇਸ ਕੰਪਲੈਕਸ ਵਿੱਚ ਇੱਕ ਸ਼ਾਨਦਾਰ ਵਿਰਾਸਤੀ ਪ੍ਰਵੇਸ਼ ਦੁਆਰ, ਸ਼ਹੀਦਾਂ ਦੇ ਜੀਵਨ ਨੂੰ ਸਮਰਪਤ ਗਲਿਆਰਾ, ਕੰਧ ਚਿੱਤਰਕਾਰੀ, ਪਾਰਕਾਂ ਅਤੇ ਯਾਦਗਾਰੀ ਖੇਤਰਾਂ ਦਾ ਸੁੰਦਰੀਕਰਨ ਅਤੇ ਲੈਂਡਸਕੇਪਿੰਗ ਸ਼ਾਮਲ ਹੋਵੇਗੀ। ਇਸ ਵਿੱਚ ਇਤਿਹਾਸਕ ਘਟਨਾਵਾਂ ਨਾਲ ਸੰਬੰਧਤ ਵਿਸ਼ਾਗਤ ਚਿੱਤਰ, ਪੁਰਾਣੇ ਪੁਲ ‘ਤੇ 3-ਡੀ ਮੈਪਿੰਗ ਸ਼ੋਅ, ਇੱਕ ਸੰਗੀਤਕ ਫੁਹਾਰਾ, ਬੱਚਿਆਂ ਲਈ ਖੇਡਣ ਦਾ ਖੇਤਰ, ਬਜ਼ੁਰਗ ਨਾਗਰਿਕਾਂ ਲਈ ਆਰਾਮਦਾਇਕ ਸਥਾਨ, ਇੱਕ ਆਨ-ਗਰਿੱਡ ਸੋਲਰ ਪਾਵਰ ਪਲਾਂਟ ਅਤੇ ਸਾਫ਼ ਪੀਣ ਵਾਲੇ ਪਾਣੀ ਲਈ ਇੱਕ ਆਰ ਓ ਪਲਾਂਟ ਲਗਾਉਣਾ ਵੀ ਸ਼ਾਮਲ ਹੈ।