ਬੰਗਾ (ਅਵਤਾਰ ਕਲੇਰ)
ਭਾਰਤੀ ਕਮਿਊਨਿਸਟ ਪਾਰਟੀ ਅਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਵਲੋਂ ਭਾਰਤ ਦੀ ਅਜ਼ਾਦੀ ਸੰਗਰਾਮ ਦੇ ਕੌਮੀ ਹੀਰੋ, ਨੌਜਵਾਨਾਂ ਦੇ ਰਾਹ-ਦਸੇਰਾ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਯਾਦ ‘ਚ ਖਟਕੜ ਕਲਾਂ ਵਿਖੇ ਵਿਸ਼ਾਲ ਸ਼ਰਧਾਂਜਲੀ ਸਮਾਗਮ ਕੀਤਾ ਗਿਆ। ਸ਼ਰਧਾਂਜਲੀ ਸਮਾਗਮ ਨੂੰ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਮੰਗਤ ਰਾਮ ਪਾਸਲਾ, ਅਸ਼ੋਕ ਓਮਕਾਰ (ਆਂਧਰਾ ਪ੍ਰਦੇਸ਼) ਜਨਰਲ ਸਕੱਤਰ (ਐੱਮ ਸੀ ਪੀ ਆਈ ਯੂ), ਦੇਵੀ ਕੁਮਾਰੀ ਸਰਹਾਲੀ ਕਲਾਂ ਜਨਰਲ ਸਕੱਤਰ ਪੰਜਾਬ ਖੇਤ ਮਜ਼ਦੂਰ ਸਭਾ ਆਦਿ ਆਗੂਆਂ ਨੇ ਸੰਬੋਧਨ ਕੀਤਾ। ਸ਼ਹੀਦੀ ਸਮਾਗਮ ਦੀ ਪ੍ਰਧਾਨਗੀ ਨਰੰਜਣ ਦਾਸ ਮੇਹਲੀ ਅਤੇ ਹਰਪਾਲ ਸਿੰਘ ਜਗਤਪੁਰ ਨੇ ਸਾਂਝੇ ਤੌਰ ‘ਤੇ ਕੀਤੀ। ਵੱਖ-ਵੱਖ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਭਰ ਜਵਾਨੀ ‘ਚ ਭਾਰਤ ਨੂੰ ਅਜ਼ਾਦ ਕਰਵਾਉਣ ਲਈ ਆਪਣੀ ਕੁਰਬਾਨੀ ਦਿੱਤੀ ਅਤੇ ਫਾਂਸੀ ਦੇ ਰੱਸੇ ਚੁੰਮੇ। ਇਨਕਲਾਬੀਆਂ, ਗ਼ਦਰੀ ਬਾਬਿਆਂ ਨੇ ਅੰਗਰੇਜ਼ਾਂ ਵਿਰੁੱਧ ਲੰਮੀ ਲੜਾਈ ਲੜੀ, ਤਸੀਹੇ ਝੱਲੇ ਅਤੇ ਕੁਰਬਾਨੀਆਂ ਦਿੱਤੀਆਂ ਤਾਂ ਸਾਡਾ ਦੇਸ਼ ਅਜ਼ਾਦ ਹੋਇਆ। ਦੇਸ਼ ਅਜ਼ਾਦ ਹੋਏ ਨੂੰ ਸੱਤ ਦਹਾਕਿਆਂ ਤੋਂ ਵੀ ਵੱਧ ਸਮਾਂ ਹੋ ਗਿਆ। ਸ਼ਹੀਦਾਂ, ਗ਼ਦਰੀ ਬਾਬਿਆਂ ਦੇ ਸੁਪਨੇ ਸਾਕਾਰ ਨਹੀਂ ਹੋਏ। ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਬਨਾਉਣ ਲਈ ਸਰਕਾਰਾਂ ਨਾਕਾਮ ਰਹੀਆਂ। ਪੰਜਾਬ ਦੀ ਗੱਲ ਕਰਦਿਆਂ ਆਗੂਆਂ ਨੇ ਕਿਹਾ ਕਿ ਇੱਥੇ ਨਸ਼ਿਆਂ ਦਾ ਦੌਰ ਚੱਲ ਰਿਹਾ ਹੈ। ਕੁਰੱਪਸ਼ਨ ਜ਼ੋਰਾਂ ‘ਤੇ ਹੈ। ਥਾਂ-ਥਾਂ ਗੋਲੀਆਂ ਚੱਲ ਰਹੀਆਂ ਹਨ। ਪੰਜਾਬ ਉਜੜ ਰਿਹਾ ਹੈ। ਰੁਜ਼ਗਾਰ ਦਾ ਕੋਈ ਪ੍ਰਬੰਧ ਨਹੀਂ। ਨੌਜਵਾਨ ਪੀੜ੍ਹੀ ਵਿਦੇਸ਼ਾਂ ਵੱਲ ਜਾ ਰਹੀ ਹੈ। ਪਿੰਡ ਦੇ ਪਿੰਡ ਖਾਲੀ ਹੋ ਰਹੇ ਹਨ। ਲੱਖਾਂ ਲੋਕ ਇਲਾਜ ਦੁੱਖੋਂ ਮਰ ਰਹੇ ਹਨ। ਪੰਜਾਬ ਸਰਕਾਰ ਲਾਰਿਆਂ ਦੀ ਸਰਕਾਰ ਸਾਬਤ ਹੋਈ। ਸਾਰੇ ਦੇਸ਼ ਅੰਦਰ ਅੱਜ ਸਾਮਰਾਜ ਵਿਰੋਧੀ ਦਿਨ ਮਨਾਇਆ ਜਾ ਰਿਹਾ ਹੈ। ਅਮਰੀਕਾ ਦੀ ਗੁੰਡਾਗਰਦੀ ਦਾ ਦੌਰ ਜਾਰੀ ਹੈ। ਈਰਾਨ ‘ਤੇ ਹਮਲੇ ਕੀਤੇ ਜਾ ਰਹੇ ਹਨ, ਬੇਦੋਸ਼ੇ ਲੋਕ ਮਰ ਰਹੇ ਹਨ। ਅਮਰੀਕਾ ਈਰਾਨ ਦੇ ਤੇਲ ‘ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਈਰਾਨ ਸਾਮਰਾਜ ਦੇ ਵਿਰੁੱਧ ਲੜਾਈ ਲੜ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਅੱਗੇ ਗੋਡੇ ਟੇਕ ਚੁੱਕਾ ਹੈ। ਮੋਦੀ ਭਾਰਤੀ ਸੱਭਿਅਤਾ ਨੂੰ ਖਤਮ ਕਰਨ ‘ਤੇ ਤੁਲਿਆ ਹੋਇਆ ਹੈ। ਮੋਦੀ ਸਰਕਾਰ ਅਮਰੀਕਾ ਨਾਲ ਸਮਝੌਤਾ ਕਰ ਲਿਆ ਹੈ, ਜਿਸ ਨਾਲ ਭਾਰਤੀ ਖੇਤੀ ਤਬਾਹ ਹੋ ਜਾਵੇਗੀ। ਕੇਂਦਰ ਸਰਕਾਰ ਅਮਰੀਕਾ ਨਾਲ ਸੰਧੀ ਕਰ ਰਹੀ ਹੈ, ਜੋ ਵੀ ਤੁਹਾਡੇ ਕੋਲ ਸਮਾਨ ਵਾਧੂ ਹੈ, ਸਾਨੂੰ ਦਿਓ ਅਤੇ ਉਸ ਸਮਾਨ ‘ਤੇ ਕੋਈ ਵੀ ਟੈਕਸ ਨਹੀਂ ਲੱਗੇਗਾ। ਮੋਦੀ ਸਰਕਾਰ ਭਾਰਤੀ ਸੰਵਿਧਾਨ ਨੂੰ ਖਤਮ ਕਰ ਕੇ ਮਨੂਵਾਦੀ ਸਿਸਟਮ ਲਿਆਉਣ ਚਾਹੁੰਦੇ ਹਨ, ਜਿਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਮਰੀਕਾ ਦੀ ਗੁੰਡਾਗਰਦੀ ਐਨੀ ਵਧ ਗਈ ਹੈ ਕਿ ਵੈਨੇਜ਼ੂਏਲਾ ਦੇ ਰਾਸ਼ਟਰਪਤੀ ਅਤੇ ਉਸ ਦੀ ਪਤਨੀ ਨੂੰ ਬੈੱਡਰੂਮ ਤੋਂ ਘੜੀਸ ਕੇ ਉਨ੍ਹਾਂ ਦਾ ਕੁੱਟ-ਕਟਾਪਾ ਕੀਤਾ ਅਤੇ ਤੋਂ ਵੀ ਅੱਗੇ ਉਹਨਾਂ ਨੂੰ ਨਿਊ ਯਾਰਕ ਦੀਆਂ ਸੜਕਾਂ ‘ਤੇ ਘੁਮਾਇਆ। ਅਮਰੀਕਾ ਦਾ ਰਾਸ਼ਟਰਪਤੀ ਟਰੰਪ ਕਹਿ ਰਿਹਾ ਹੈ ਮੈਂ ਕੁਝ ਵੀ ਕਰ ਸਕਦਾ ਹਾਂ। ਮੋਦੀ ਹੁਣ ਤੱਕ ਦਾ ਸਭ ਤੋਂ ਮਾੜਾ ਪ੍ਰਧਾਨ ਮੰਤਰੀ ਸਾਬਤ ਹੋਇਆ। ਮੋਦੀ ਦੇ ਪੁਰਖੇ ਵੀ ਅੰਗਰੇਜ਼ਾਂ ਦੇ ਪਿੱਠੂ ਸਨ। ਉਹ ਪਿੱਠੂ ਅੰਗਰੇਜ਼ਾਂ ਦੀਆਂ ਮਿੰਨਤਾਂ ਕਰਦੇ ਸਨ ਕਿ ਸਾਨੂੰ ਕਾਲੇ ਪਾਣੀਆਂ ਵਿੱਚੋਂ ਕੱਢ ਦਿਓ। ਮੋਦੀ ਸਰਕਾਰ ਵੀ ਟਰੰਪ ਦੇ ਮਿੰਨਤਾਂ-ਤਰਲੇ ਕਰ ਰਹੇ ਹਨ। ਅਮਰੀਕਾ ਸੰਸਾਰ ਚੌਧਰ ਮੁੜ ਸਥਾਪਤ ਕਰਨ ਲਈ ਵੱਖਰੇ-ਵੱਖਰੇ ਦੇਸ਼ਾਂ ਨੂੰ ਡਰਾਉਣ ਧਮਕਾਉਣ, ਰਾਜ ਪਲਟੇ ਕਰਵਾਉਣ ਅਤੇ ਲੋਕਾਂ ਵੱਲੋਂ ਚੁਣੇ ਗਏ ਮੁਖੀਆਂ ਨੂੰ ਮਾਰਨ ਜਾਂ ਗ੍ਰਿਫ਼ਤਾਰ ਕਰਨ ਦੀ ਮੁਹਿੰਮ ਵਿੱਚ ਜੁਟਿਆ ਹੋਇਆ ਹੈ। ਇਸ ਤੋਂ ਪਹਿਲਾਂ ਵੀ ਇਰਾਕ ਵਿੱਚ ਜਨਤਕ ਤਬਾਹੀ ਦੇ ਹਥਿਆਰ ਜਮ੍ਹਾਂ ਕਰਨ ਦਾ ਇਲਜ਼ਾਮ ਲਾ ਕੇ ਇਰਾਕ ਉੱਪਰ ਹਮਲਾ ਕੀਤਾ ਗਿਆ ਅਤੇ ਇਰਾਕ ਦੇ ਰਾਸ਼ਟਰਪਤੀ ਸੱਦਾਮ ਹੁਸੈਨ ਨੂੰ ਫਾਂਸੀ ਲਾਇਆ ਗਿਆ। ਲਿਬੀਆ ਵਿੱਚ ਰਾਜ ਪਲਟਾ ਕਰਵਾ ਕੇ ਕਰਨਲ ਗੱਦਾਫੀ ਨੂੰ ਮਾਰ ਦਿੱਤਾ ਗਿਆ। ਆਗੂਆਂ ਕਿਹਾ ਕਿ ਇੱਕ ਪਾਸੇ ਅਮਰੀਕਾ, ਈਰਾਨ ਨਾਲ ਪ੍ਰਮਾਣੂ ਪ੍ਰੋਗਰਾਮ ਸਬੰਧੀ ਗੱਲਬਾਤ ਕਰ ਰਿਹਾ ਸੀ ਅਤੇ ਦੂਜੇ ਪਾਸੇ ਬਿਨਾਂ ਭੜਕਾਹਟ ਤੋਂ ਇਰਾਨ ਉਪਰ ਹਮਲਾ ਕਰਕੇ ਸੰਸਾਰ ਅਮਨ ਲਈ ਖਤਰਾ ਪੈਦਾ ਕੀਤਾ ਗਿਆ ਹੈ। ਅਮਰੀਕੀ ਰਾਸ਼ਟਰਪਤੀ ਦੋਸ਼ ਮੜ੍ਹ ਰਿਹਾ ਕਿ ਈਰਾਨ ਅਜਿਹੀਆਂ ਮਿਜ਼ਾਇਲ ਪ੍ਰਣਾਲੀਆਂ ਅਤੇ ਪ੍ਰਮਾਣੂ ਹਥਿਆਰ ਵਿਕਸਤ ਕਰ ਰਿਹਾ ਸੀ, ਜਿਨ੍ਹਾਂ ਦੀ ਪਹੁੰਚ ਅਮਰੀਕਾ ਤੱਕ ਹੋ ਸਕਦੀ ਸੀ। ਇਸ ਨੂੰ ਖਤਰਾ ਦਰਸਾ ਕੇ ਇਹ ਹਮਲਾ ਕੀਤਾ ਗਿਆ ਹੈ। ਅਸਲ ਵਿੱਚ ਪੱਛਮੀ ਏਸ਼ੀਆ ਵਿੱਚ ਆਪਣੀ ਚੌਧਰ ਸਥਾਪਤ ਕਰਨ ਅਤੇ ਆਪਣੇ ਸਾਮਰਾਜੀ ਪ੍ਰਬੰਧ ਦੇ ਸੰਕਟ ਨੂੰ ਹੱਲ ਕਰਨ ਲਈ ਅਜਿਹੇ ਹਮਲੇ ਆਪਣੇ ਪੱਖੀ ਸਰਕਾਰਾਂ ਬਣਾਉਣ ਖ਼ਾਤਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦੀ ਗੁੰਡਾਗਰਦੀ ਵਿਰੁੱਧ ਜ਼ੋਰਦਾਰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।
ਆਗੂਆਂ ਕਿਹਾ ਕਿ ਅੱਜ ਲੋੜ ਹੈ ਕਿ ਖੱਬੀਆਂ ਧਿਰਾਂ ਇਕੱਠੀਆਂ ਹੋ ਕੇ ਜਮਹੂਰੀ ਪਸੰਦ ਲੋਕਾਂ ਨੂੰ ਨਾਲ ਲੈ ਕੇ ਲੜਾਈ ਲੜਨ। ਇਸ ਲੜਾਈ ‘ਚ ਸਾਨੂੰ ਡਾ. ਅੰਬੇਡਕਰ ਦੇ ਪੈਰੋਕਾਰਾਂ, ਬਾਬੇ ਨਾਨਕ ਨੂੰ ਮੰਨਣ ਵਾਲੇ ਲੋਕ ਇਕੱਠੇ ਕਰਨੇ ਪੈਣਗੇ, ਤਾਂ ਹੀ ਇਹ ਲੋਕ ਵਿਰੋਧੀ ਸਰਕਾਰ ਨੂੰ ਚੱਲਦਾ ਕਰ ਸਕਦੇ ਹਾਂ। ਸਮਾਜਿਕ ਸੰਘਰਸ਼ ਕਮੇਟੀ ਦੀ ਕੌਮੀ ਪ੍ਰਧਾਨ ਹਰਵਿੰਦਰ ਕੌਰ ਨੇ ਵੀ ਸੰਬੋਧਨ ਕੀਤਾ।ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੀ ਟੀਮ ਵੱਲੋਂ ਇਨਕਲਾਬੀ ਨਾਟਕ ਅਤੇ ਕੋਰੀਓਗਰਾਫੀਆਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਜਸਵਿੰਦਰ ਸਿੰਘ ਭੰਗਲ, ਕੁਲਦੀਪ ਸਿੰਘ ਦੌੜਕਾ, ਹਰਪਾਲ ਸਿੰਘ ਜਗਤਪੁਰ, ਨਰੰਜਣ ਦਾਸ ਮੇਹਲੀ, ਪਰਮਿੰਦਰ ਮੇਨਕਾ, ਗੁਰਮੁੱਖ ਸਿੰਘ ਫਰਾਲਾ, ਦਸੌਂਂਧਾ ਸਿੰਘ, ਜਗਤਾਰ ਸਿੰਘ ਪੁੰਨੂੰ ਮਜ਼ਾਰਾ, ਜੁਝਾਰ ਸਿੰਘ ਕੁੱਕੜ ਮਜਾਰਾ, ਹੁਸਨ ਲਾਲ ਰਾਣਾ, ਅਮਰਜੀਤ ਮੇਹਲੀ, ਕੁਲਦੀਪ ਸਿੰਘ ਸੁੱਜੋਂ, ਸਤਨਾਮ ਸਿੰਘ ਸੁੱਜੋਂ, ਸਤਨਾਮ ਸਿੰਘ ਗੁਲਾਟੀ, ਸੋਮ ਲਾਲ ਥੋਪੀਆਂ, ਰਾਮ ਲੁਭਾਇਆ, ਹਰੀ ਬਿਲਾਸ, ਜਸਵੀਰ ਸਿੰਘ ਮੋਰੋਂ, ਬਲਿਹਾਰ ਸਿੰਘ ਬਾਰ੍ਹਾ, ਸੁਰਿੰਦਰ ਭੱਟੀ ਰਾਹੋਂ, ਰਾਮ ਸਾਹਿਲ ਰਾਹੋਂ, ਪ੍ਰਿੰਸੀ. ਇਕਬਾਲ ਸਿੰਘ, ਰਾਮਪਾਲ, ਰੇਸ਼ਮ ਲਾਲ, ਸੋਢੀ ਰਾਮ, ਸ਼ਿੰਗਾਰਾ ਰਾਮ, ਪਰਮਾ ਨੰਦ ਹੀਓਂ, ਪਰਮਜੀਤ ਗਿੱਲ, ਬਲਿਹਾਰ ਪੰਚ, ਬਿਮਲ ਬਖਲੌਰ ਸਾਬਕਾ ਸਰਪੰਚ, ਮਾ. ਗੁਰਦਿਆਲ ਸਿੰਘ, ਮੋਹਣ ਸਿੰਘ ਪੂਨੀਆ, ਸੋਢੀ ਰਾਮ, ਹਰਨੇਕ ਬੀਕਾ, ਪ੍ਰਸ਼ੋਤਮ ਲਾਲ, ਬੂਟਾ ਰਾਮ, ਚਰਨ ਦਾਸ, ਗੁਰਦੀਪ ਬੀਕਾ, ਸੁਰਜੀਤ ਨੂਰਪੁਰ ਅਤੇ ਕਰਨੈਲ ਚੰਦ ਚੱਕ ਬਿਲਗਾ ਆਦਿ ਹਾਜ਼ਰ ਸਨ।





