ਜਖੇਪਲ : ਇੱਥੇ 25 ਸਤੰਬਰ ਤੋਂ ਸ਼ੁਰੂ ਹੋਈ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਦੀ ਪੰਜਾਬ ਰਾਜ ਕਮੇਟੀ ਦੀ ਦੂਸਰੀ ਤਿੰਨ ਰੋਜ਼ਾ ਜਥੇਬੰਦਕ ਕਾਨਫਰੰਸ ਮੰਗਲਵਾਰ ਉਤਸ਼ਾਹਪੂਰਵਕ ਮਾਹੌਲ ਵਿੱਚ ਸਫਲਤਾ ਸਹਿਤ ਸੰਪੰਨ ਹੋਈ। ਹਾਜ਼ਰ ਡੈਲੀਗੇਟਾਂ ਵੱਲੋਂ ਆਰ ਐੱਸ ਐੱਸ ਦੇ ਫਿਰਕੂ-ਫਾਸ਼ੀ, ਫੁਟਪਾਊ ਏਜੰਡੇ, ਭਾਰਤੀ ਲੋਕਾਈ ਨੂੰ ਕੰਗਾਲ ਕਰਕੇ ਕਾਰਪੋਰੇਟਾਂ ਤੇ ਉਨ੍ਹਾਂ ਦੇ ਸਾਮਰਾਜੀ ਜੋਟੀਦਾਰਾਂ ਦੀ ਬੇਕਿਰਕ ਲੁੱਟ ਦੀ ਗਰੰਟੀ ਕਰਦੀਆਂ ਮੋਦੀ ਸਰਕਾਰ ਦੀਆਂ ਨਵ-ਉਦਾਰਵਾਦੀ ਨੀਤੀਆਂ, ਪ੍ਰਸ਼ਾਸਕੀ ਜਬਰ ਤੇ ਭਿ੍ਰਸ਼ਟਾਚਾਰ ਖਿਲਾਫ਼ ਤਿੱਖੇ ਸੰਘਰਸ਼ ਵਿੱਢਣ ਦਾ ਸੰਕਲਪ ਲਿਆ ਗਿਆ। ਉਕਤ ਦਿਸ਼ਾ ਵਿੱਚ ਸਮੁੱਚੇ ਖੱਬੇ ਪੱਖ ਅਤੇ ਜਮਹੂਰੀਅਤ, ਧਰਮ-ਨਿਰਪੱਖਤਾ ਤੇ ਫੈਡਰਲਿਜ਼ਮ ਦੇ ਹੱਕ ਵਿੱਚ ਖਲੋਣ ਵਾਲੀਆਂ ਤਾਕਤਾਂ ਦੀ ਇਕਜੁੱਟ ਸੰਗਰਾਮੀ ਦਖਲ ੰਦਾਜ਼ੀ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਜੁਟਾਉਣ ਦਾ ਨਿਰਣਾ ਲਿਆ ਗਿਆ। ਮੋਦੀ ਸਰਕਾਰ ਵਾਲੀਆਂ ਹੀ ਤਬਾਹਕੁੰਨ ਨੀਤੀਆਂ ’ਤੇ ਇਨ-ਬਿਨ ਅਮਲ ਕਰਨ ਵਾਲੀ ਸੂਬੇ ਦੀ ਮਾਨ ਸਰਕਾਰ ਦੀ ਨਖਿੱਧ ਪ੍ਰਸ਼ਾਸਨਿਕ ਕਾਰਗੁਜ਼ਾਰੀ ਖਿਲਾਫ਼ ਪਾਰਟੀ ਅਤੇ ਜਨਤਕ ਫਰੰਟਾਂ ਵੱਲੋਂ ਤਿੱਖੇ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਗਿਆ। ਲੁੱਟ-ਚੋਂਘ ਤੋਂ ਕਿਰਤੀ ਦੀ ਬੰਦ-ਖਲਾਸੀ ਦੀ ਲਾਲ ਝੰਡੇ ਦੀ ਲਹਿਰ ਲਈ ਸਮੁੱਚਾ ਜੀਵਨ ਅਰਪਨ ਕਰਨ ਵਾਲੇ ਸਤਨਾਮ ਰਾਏ, ਤੇਜਾ ਸਿੰਘ ਬੇਨੜਾ ਅਤੇ ਗੱਜਣ ਸਿੰਘ ਦੁੱਗਾਂ ਨੇ ਕਾਨਫਰੰਸ ਵਿੱਚ ਉਚੇਚੇ ਸ਼ਾਮਲ ਹੋ ਕੇ ਡੈਲੀਗੇਟਾਂ ਦਾ ਉਤਸ਼ਾਹ ਵਧਾਇਆ। ਪਹਿਲੇ ਦਿਨ ਪੇਸ਼ ਕੀਤੀ ਗਈ ਰਿਪੋਰਟ ’ਤੇ ਹੋਈ ਬਹਿਸ ’ਚ ਭਾਗ ਲੈਣ ਵਾਲੇ 64 ਡੈਲੀਗੇਟਾਂ ਵੱਲੋਂ ਉਠਾਏ ਮੁੱਲਵਾਨ ਨੁਕਤਿਆਂ ਦਾ ਪਰਗਟ ਸਿੰਘ ਜਾਮਾਰਾਏ ਵੱਲੋਂ ਜਵਾਬ ਦਿੱਤੇ ਜਾਣ ਉਪਰੰਤ ਰਿਪੋਰਟ ਸਰਬਸੰਮਤੀ ਨਾਲ ਪ੍ਰਵਾਨ ਕੀਤੀ ਗਈ।
ਪੰਜਾਬ ਭਰ ’ਚੋਂ ਪਿੰਡ ਪੱਧਰ ਤੋਂ ਜਮਹੂਰੀ ਢੰਗ ਨਾਲ ਚੁਣ ਕੇ ਆਏ ਡੈਲੀਗੇਟਾਂ ਨੇ ਸਰਬਸੰਮਤੀ ਨਾਲ ਨਵੀਂ ਸੂਬਾ ਕਮੇਟੀ ਦੀ ਚੋਣ ਕੀਤੀ। ਰਤਨ ਸਿੰਘ ਰੰਧਾਵਾ ਨੂੰ ਪ੍ਰਧਾਨ, ਪਰਗਟ ਸਿੰਘ ਜਾਮਾਰਾਏ ਨੂੰ ਸਕੱਤਰ ਅਤੇ ਪ੍ਰੋ. ਜੈਪਾਲ ਸਿੰਘ ਨੂੰ ਕੈਸ਼ੀਅਰ ਚੁਣਿਆ ਗਿਆ। ਸਮਾਪਤੀ ਭਾਸ਼ਣ ਕਰਦਿਆਂ ਮੰਗਤ ਰਾਮ ਪਾਸਲਾ ਨੇ ਉਚੇਰੀ ਵਿਚਾਰਧਾਰਕ ਤੇ ਸਿਧਾਂਤਕ ਸੂਝ ਨਾਲ ਲੈਸ ਵਿਆਪਕ ਜਨ-ਆਧਾਰ ਵਾਲੀ ਮਜ਼ਬੂਤ ਪਾਰਟੀ ਉਸਾਰਨ ਲਈ ਜੁਟ ਜਾਣ ਦਾ ਸੱਦਾ ਦਿੱਤਾ। ਉਹਨਾ ਕਾਨਫਰੰਸ ਦੇ ਸੁਚੱਜੇ ਪ੍ਰਬੰਧਾਂ ’ਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਜਿਲ੍ਹੇ ਦੇ ਮਿਹਨਤੀ ਲੋਕਾਂ, ਪੱਤਰਕਾਰ ਭਾਈਚਾਰੇ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਅਤੇ ਭਰਾਤਰੀ ਜਥੇਬੰਦੀਆਂ ਦਾ ਉਚੇਚਾ ਧੰਨਵਾਦ ਵੀ ਕੀਤਾ।