ਜਲੰਧਰ : ਪੰਜਾਬ ਪੁਲਸ ਨੇ ਆਪਣੇ ਆਨਲਾਈਨ ਪੋਰਟਲ ਤੋਂ ਐੱਫ ਆਈ ਆਰ (ਪਹਿਲੀ ਸੂਚਨਾ ਰਿਪੋਰਟ) ਡਾਊਨਲੋਡ ਕਰਨ ਲਈ 80 ਰੁਪਏ ਦੀ ਫੀਸ ਲਗਾ ਦਿੱਤੀ ਹੈ। ਸਪੈਸ਼ਲ ਡੀ ਜੀ ਪੀ ਗੁਰਪ੍ਰੀਤ ਦਿਓ ਮੁਤਾਬਕ ਸ਼ਿਕਾਇਤਕਰਤਾ ਤੇ ਮੁਲਜ਼ਮ ਨੂੰ ਅਜੇ ਵੀ ਥਾਣੇ ਤੋਂ ਐੱਫ ਆਈ ਆਰ ਦੀ ਕਾਪੀ ਮੁਫਤ ਮਿਲੇਗੀ। ਇਹ ਫੀਸ ਸਿਰਫ ਤੀਜੀ ਧਿਰ ਲਈ ਹੈ। ਪੁਲਸ ਦਾ ਕਹਿਣਾ ਹੈ ਕਿ ‘ਸਾਂਝ’ ਸਰਵਰ ‘ਤੇ ਬਹੁਤ ਜ਼ਿਆਦਾ ਟਰੈਫਿਕ ਹੋਣ ਕਾਰਨ ਸਿਸਟਮ ਹੌਲੀ ਹੋ ਰਿਹਾ ਸੀ। ਬਹੁਤ ਸਾਰੇ ਲੋਕ ਬਿਨਾਂ ਵਜ੍ਹਾ ਐੱਫ ਆਈ ਆਰ ਡਾਊਨਲੋਡ ਕਰਦੇ ਸਨ, ਜਿਸ ਨੂੰ ਰੋਕਣ ਲਈ ਇਹ ਕਦਮ ਚੁੱਕਿਆ ਗਿਆ ਹੈ। ਆਪੋਜ਼ੀਸ਼ਨ ਆਗੂਆਂ ਨੇ ਕਿਹਾ ਹੈ ਕਿ ਫੀਸ ਕਾਰਨ ਆਮ ਲੋਕਾਂ ਲਈ ਕਾਨੂੰਨੀ ਜਾਣਕਾਰੀ ਲੈਣਾ ਔਖਾ ਹੋ ਜਾਵੇਗਾ। ਇਹ ਕਦਮ ਪਾਰਦਰਸ਼ਤਾ ਦੇ ਵਿਰੁੱਧ ਹੈ।
ਬਾਦਸ਼ਾਹ ਦਾ ਇਸ਼ਾ ਰਿਖੀ ਨਾਲ ਵਿਆਹ
ਚੰਡੀਗੜ੍ਹ : ਰੈਪਰ ਬਾਦਸ਼ਾਹ ਨੇ ਅਦਾਕਾਰਾ ਇਸ਼ਾ ਰਿਖੀ ਨਾਲ ਵਿਆਹ ਕਰ ਲਿਆ ਹੈ। ਬਾਦਸ਼ਾਹ ਦਾ ਇਹ ਦੂਜਾ ਵਿਆਹ ਹੈ। ਜੈਸਮੀਨ ਮਸੀਹ, ਜਿਸ ਤੋਂ ਇੱਕ ਬੇਟੀ ਜੈਸਮੀ ਗ੍ਰੇਸ ਮਸੀਹ ਸਿੰਘ ਹੈ, ਨਾਲ 2020 ਵਿੱਚ ਤੋੜ-ਵਿਛੋੜਾ ਹੋ ਗਿਆ ਸੀ। ਇਸ਼ਾ ਰਿਖੀ ਨੇ 2013 ਵਿੱਚ ‘ਜੱਟ ਬੁਆਏਜ਼ ਪੁੱਤ ਜੱਟਾਂ ਦੇ’ ਨਾਲ ਪੰਜਾਬੀ ਸਿਨੇਮਾ ਵਿੱਚ ਕਦਮ ਰੱਖਿਆ ਸੀ ਅਤੇ 2018 ਵਿੱਚ ‘ਨਵਾਬਜ਼ਾਦੇ’ ਰਾਹੀਂ ਬੌਲੀਵੁੱਡ ਵਿੱਚ ਡੈਬਿਊ ਕੀਤਾ ਸੀ।
ਕੋਲੰਬੀਆ ਜਹਾਜ਼ ਹਾਦਸੇ ‘ਚ 66 ਫੌਜੀਆਂ ਦੀ ਮੌਤ
ਬੋਗੋਟਾ : ਦੱਖਣੀ ਅਮਰੀਕੀ ਦੇਸ਼ ਕੋਲੰਬੀਆ ਦੇ ਪੁਟੂਮਾਯੋ ਸੂਬੇ ਵਿੱਚ ਸੋਮਵਾਰ ਫੌਜੀ ਟਰਾਂਸਪੋਰਟ ਜਹਾਜ਼ ਹਰਕੂਲਿਸ ਸੀ-130 ਉਡਾਣ ਭਰਨ ਦੇ ਤੁਰੰਤ ਬਾਅਦ ਹਾਦਸਾਗ੍ਰਸਤ ਹੋਣ ਕਾਰਨ 66 ਫੌਜੀਆਂ ਦੀ ਮੌਤ ਹੋ ਗਈ। ਜਹਾਜ਼ ਵਿੱਚ 110 ਫੌਜੀ ਅਤੇ 11 ਕਰੂ ਮੈਂਬਰ ਸਵਾਰ ਸਨ। ਹਾਦਸਾ ਹਵਾਈ ਅੱਡੇ ਤੋਂ ਮਹਿਜ਼ ਦੋ ਕਿੱਲੋਮੀਟਰ ਦੀ ਦੂਰੀ ‘ਤੇ ਵਾਪਰਿਆ, ਜਿਸ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਗਈ। ਇਹ ਜਹਾਜ਼ 2020 ਵਿੱਚ ਅਮਰੀਕਾ ਵੱਲੋਂ ਤੋਹਫੇ ਵਜੋਂ ਦਿੱਤਾ ਗਿਆ ਸੀ ਅਤੇ ਇਸ ਦੀ ਹਾਲ ਹੀ ਵਿੱਚ ਮੁਰੰਮਤ ਵੀ ਕੀਤੀ ਗਈ ਸੀ।




