ਕਾਕੋਰੀ ਕਾਂਡ ਦੇ ਸ਼ਹੀਦਾਂ ਦੇ ਬੁੱਤ ਤੋੜੇ ਜਾਣ ਖ਼ਿਲਾਫ਼ 27 ਨੂੰ ਆਵਾਜ਼ ਬੁਲੰਦ ਕਰੇਗਾ ਵਿਸ਼ਵ ਰੰਗਮੰਚ ਦਿਹਾੜਾ ਸਮਾਗਮ

0
13

ਜਲੰਧਰ : ਆਜ਼ਾਦੀ ਸੰਗਰਾਮ ਦੇ ਇਤਿਹਾਸ ਅੰਦਰ 9 ਅਗਸਤ 1925 ਦਾ ਦਿਹਾੜਾ ਕਾਕੋਰੀ (ਉੱਤਰ ਪ੍ਰਦੇਸ਼) ਕਾਂਡ ਨੂੰ ਆਪਣੀ ਬੁੱਕਲ ਵਿਚ ਸਮੋਈ ਬੈਠਾ ਹੈ। ਉੱਤਰ ਪ੍ਰਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ 19 ਦਸੰਬਰ ਨੂੰ ਫਾਂਸੀ ਲੱਗਣ ਵਾਲੇ ਸ਼ਹੀਦ ਅਸ਼ਫ਼ਾਕ ਉੱਲਾ ਖਾਂ, ਸ਼ਹੀਦ ਰਾਮ ਪ੍ਰਸਾਦ ਬਿਸਮਿਲ ਅਤੇ ਸ਼ਹੀਦ ਠਾਕੁਰ ਰੌਸ਼ਨ ਸਿੰਘ ਦੀ ਯਾਦ ‘ਚ ਸ਼ਾਹਜਹਾਂਪੁਰ ਦੇ ਪਾਰਕ ‘ਚ ਲੱਗੇ ਬੁੱਤਾਂ ਨੂੰ ਮਲੀਆਮੇਟ ਕਰਕੇ ਸ਼ਹਿਰ ਦੇ ਮਲਬੇ ਦੇ ਮਹਾਂ ਡੰਪ ਵਿੱਚ ਸੁੱਟ ਦਿੱਤੇ ਜਾਣ ਦੀ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਕਮੇਟੀ ਦਾ ਕਹਿਣਾ ਹੈ ਕਿ ਪਹਿਲਾਂ ਬਰਤਾਨਵੀ ਹਕੂਮਤ ਨੇ ਇਹਨਾਂ ਦੇਸ਼ ਭਗਤਾਂ ਨੂੰ ਫਾਂਸੀ ਦੇ ਤਖ਼ਤੇ ‘ਤੇ ਲਟਕਾਇਆ, ਹੁਣ ਦੂਜੀ ਵਾਰ ਸਾਡੇ ਮੁਲਕ ਦੇ ਹਾਕਮਾਂ ਦੀ ਡਬਲ ਇੰਜਣ ਸਰਕਾਰ ਨੇ ਉਹਨਾਂ ਦੇਸ਼ ਭਗਤਾਂ ਨੂੰ ਮੌਤ ਦੇ ਘਾਟ ਉਤਾਰਿਆ ਹੈ।
ਸ਼ਹੀਦ ਅਸ਼ਫ਼ਾਕ ਉੱਲਾ ਖਾਂ ਦੇ ਪੜਪੋਤਰੇ, ਜਿਸ ਦਾ ਨਾਂਅ ਪਰਵਾਰ ਨੇ ਅਸ਼ਫਾਕ ਉੱਲਾ ਖਾਂ ਰੱਖਿਆ ਹੈ ਅਤੇ ਯੂ ਪੀ ਦੇ ਨਾਮਵਰ ਵਿਦਵਾਨ ਲੇਖਕ ਸੁਧੀਰ ਵਿਦਿਆਰਥੀ, ਹਿਮਾਂਸ਼ੂ ਕੁਮਾਰ ਤੇ ਪ੍ਰੋ. ਵੇਦ ਵਟੁਕ ਨੇ ਦੇਸ਼ ਭਗਤ ਯਾਦਗਾਰ ਕਮੇਟੀ ਨਾਲ਼ ਫ਼ੋਨ ‘ਤੇ ਗੱਲਬਾਤ ਕਰਦਿਆਂ ਦੱਸਿਆ ਕਿ ਜਦੋਂ ਦੇਸ਼-ਦੁਨੀਆ ਅੰਦਰ 23 ਮਾਰਚ ਨੂੰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਣਾ ਸੀ, ਉਸੇ ਦਿਨ ਸਰਘੀ ਵੇਲੇ ਬਿਨਾਂ ਕਿਸੇ ਸੂਚਨਾ ਦੇ ਇਸ ਪਾਰਕ ਵਿੱਚ ਲੱਗੇ ਬੁੱਤਾਂ ਨੂੰ ਮਲੀਆਮੇਟ ਕਰ ਦਿੱਤਾ ਗਿਆ। 1972 ਦੀ ਗੱਲ ਹੈ, ਜਦੋਂ ਨਗਰ ਪਾਲਿਕਾ ਦੇ ਪ੍ਰਧਾਨ ਵਾਸਦੇਵ ਗੁਪਤਾ ਨੇ ਇਹਨਾਂ ਬੁੱਤਾਂ ਨੂੰ ਸਥਾਪਤ ਕੀਤਾ ਸੀ।ਸੁਧੀਰ ਵਿਦਿਆਰਥੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਬੀਤੇ ਨੌਂ ਸਾਲਾਂ ਤੋਂ ਚੁਣੇ ਜਾਂਦੇ ਵਿਧਾਇਕ ਤੇ ਅੱਜਕੱਲ੍ਹ ਵਿੱਤ ਮੰਤਰੀ ਸੁਰੇਸ਼ ਖੰਨਾ ਦੇ ਹੁਕਮਾਂ ਬਿਨਾਂ ਇਸ ਖੇਤਰ ਅੰਦਰ ਪੱਤਾ ਵੀ ਨਹੀਂ ਹਿੱਲ ਸਕਦਾ ।ਉਹਨਾ ਸਪੱਸ਼ਟ ਕਿਹਾ ਕਿ ਇਹ ਕੋਈ ਅਚਨਚੇਤ ਜਾਂ ਕਿਸੇ ਤਕਨੀਕੀ ਕਿਸਮ ਦੀ ਗਲਤੀ ਕਾਰਨ ਨਹੀਂ ਵਾਪਰਿਆ, ਇਹ ਭਾਜਪਾ ਦੇ ਉਸ ਏਜੰਡੇ ਦਾ ਹਿੱਸਾ ਹੈ, ਜਿਸ ਵਿੱਚ ਉਹ ਇਨਕਲਾਬੀ ਇਤਿਹਾਸ, ਯਾਦਗਾਰਾਂ, ਸਾਹਿਤ, ਮਿਊਜ਼ੀਅਮ ਅਤੇ ਹੋਰ ਉਹ ਨਿਸ਼ਾਨੀਆ, ਜਿਹੜੀਆਂ ਵੀ ਸਾਮਰਾਜਵਾਦ ਦੇ ਖ਼ਿਲਾਫ਼ ਕੌਮੀ ਆਜ਼ਾਦੀ ਦੀ ਤਵਾਰੀਖ਼ ਦੀ ਗਵਾਹੀ ਭਰਦੀਆਂ ਹਨ ਅਤੇ ਸਾਡੇ ਸਮਿਆਂ ਅੰਦਰ ਲੋਕਾਂ ਨੂੰ ਦੇਸ਼ ਭਗਤੀ ਦੀ ਭਾਵਨਾ ਦੇ ਰੰਗ ਵਿਚ ਰੰਗਦੀਆਂ ਹਨ, ਨੂੰ ਮਿਟਾਉਣ ਲਈ ਹਰ ਹਰਬਾ ਵਰਤਿਆ ਜਾ ਰਿਹਾ ਹੈ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਮੇਟੀ ਤਰਫ਼ੋਂ ਇਲਜ਼ਾਮ ਲਾਇਆ ਕਿ ਜਿਉਂ-ਜਿਉਂ ਸਾਮਰਾਜੀ ਤਾਕਤਾਂ ਅਤੇ ਉਹਨਾਂ ਦੀਆਂ ਬਹੁ-ਕੌਮੀ ਕੰਪਨੀਆਂ ਅਤੇ ਦੇਸੀ ਅਜਾਰੇਦਾਰ ਕੰਪਨੀਆਂ ਦਾ ਗਲਬਾ ਵਧਦਾ ਜਾ ਰਿਹਾ ਹੈ, ਤਿਉਂ-ਤਿਉਂ ਹਾਕਮਾਂ ਨੂੰ ਇਹ ਭੈਅ ਖਾਂਦਾ ਹੈ ਕਿ ਸਾਮਰਾਜੀ ਕੰਪਨੀਆਂ ਅਤੇ ਉਹਨਾਂ ਦੀ ਸੇਵਾ ‘ਚ ਭੁਗਤ ਰਹੇ ਭਾਰਤੀ ਹਾਕਮਾਂ ਦੇ ਖਿਲਾਫ ਮੁਲਕ ਅੰਦਰ ਵਿਆਪਕ ਰੋਹ ਪੈਦਾ ਹੁੰਦਾ ਜਾ ਰਿਹਾ ਹੈ। ਇਸ ਵਿਆਪਕ ਜਨਤਕ ਵਿਦਰੋਹ, ਆਪਣੀ ਆਜ਼ਾਦੀ ਸੰਗਰਾਮ ਦੀ ਇਨਕਲਾਬੀ ਤਵਾਰੀਖ਼ ਤੋਂ ਪ੍ਰੇਰਨਾ ਲੈ ਕੇ ਲੋਕ ਸੰਗਰਾਮ ਦੇ ਪਿੜ ਮਘਾਉਣ ਲਈ ਅੱਗੇ ਆਉਣ ਵਾਲੇ ਤੂਫ਼ਾਨਾਂ ਨੂੰ ਢੱਕਣ ਲਈ ਅਜਿਹੇ ਬੇਸ਼ਰਮੀ ਭਰੇ ਕਦਮ ਚੁੱਕੇ ਜਾ ਰਹੇ ਹਨ।ਕਮੇਟੀ ਨੇ ਦੱਸਿਆ ਹੈ ਕਿ ਇਉਂ ਹੀ ਜਲ੍ਹਿਆਂਵਾਲਾ ਬਾਗ ਵਿੱਚ ਪਈਆਂ ਇਤਿਹਾਸਿਕ ਵਸਤਾਂ, ਲਿਖਤਾਂ ਅਤੇ ਗੋਲੀਆਂ ਦੇ ਨਿਸ਼ਾਨ, ਲੋਕ ਨਾਇਕਾਂ ਦੀਆਂ ਨਿਸ਼ਾਨੀਆਂ ਮਿਟਾਉਣ ਲਈ ਯਤਨ ਕੀਤਾ ਜਾ ਰਿਹਾ ਹੈ। ਸੋ ਇਸ ਵਰਤਾਰੇ ਖ਼ਿਲਾਫ਼ ਉਠ ਖੜੇ ਹੋਣ ਲਈ ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਭਨਾਂ ਇਨਕਲਾਬੀ ਜਮਹੂਰੀ ਲੋਕ ਪੱਖੀ ਸ਼ਕਤੀਆਂ ਨੂੰ ਇਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ ਹੈ।ਕਮੇਟੀ ਨੇ ਸਮੂਹ ਜਥੇਬੰਦੀਆਂ ਅਤੇ ਪਰਵਾਰਾਂ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ 27 ਮਾਰਚ ਨੂੰ ਮਨਾਏ ਜਾ ਰਹੇ ਵਿਸ਼ਵ ਰੰਗਮੰਚ ਦਿਹਾੜੇ ਮੌਕੇ ਪੁੱਜ ਕੇ ਕਾਕੋਰੀ ਕਾਂਡ ਦੇ ਸ਼ਹੀਦਾਂ ਦੇ ਬੁੱਤਾਂ ਨੂੰ ਤੋੜੇ ਜਾਣ ਖ਼ਿਲਾਫ਼ ਆਵਾਜ਼ ਉਠਾਉਣ ਲਈ ਸਿਰ ਜੋੜਨ ਦਾ ਸੱਦਾ ਦਿੱਤਾ ਹੈ।