ਭਗਤ ਸਿੰਘ ਵੱਲੋਂ ਬਸਤੀਵਾਦ ਵਿਰੁੱਧ ਲੜੀ ਲੜਾਈ ਵਾਂਗ ਅਮਰੀਕੀ ਸਾਮਰਾਜਵਾਦ ਵਿਰੁੱਧ ਡਟਣਾ ਸਮੇਂ ਦੀ ਲੋੜ

0
7

ਸ਼ਾਹਕੋਟ (ਗਿਆਨ ਸੈਦਪੁਰੀ)
ਜਿਸ ਸ਼ਿੱਦਤ ਨਾਲ ਸ਼ਹੀਦ-ਏ-ਆਜ਼ਮ ਭਗਤ ਸਿੰਘ ਤੇ ਉਸ ਦੇ ਸਾਥੀ ਬਰਤਾਨਵੀ ਸਾਮਰਾਜ ਵਿਰੁੱਧ ਲੜੇ ਸਨ, ਅੱਜ ਉਹਨਾਂ ਵਰਗੀ ਸੰਜੀਦਗੀ ਨਾਲ ਅਮਰੀਕੀ ਸਾਮਰਾਜ ਵਿਰੁੱਧ ਡਟਣ ਦੀ ਲੋੜ ਹੈ।ਸਾਡੇ ਕੌਮੀ ਯੋਧਿਆਂ ਨੇ ਬਸਤੀਵਾਦ ਵਿਰੁੱਧ ਜਾਨ ਹੂਲਵੀਂ ਲੜਾਈ ਰਾਹੀਂ ਬਰਤਾਨਵੀ ਜ਼ੰਜੀਰਾਂ ਤੋੜੀਆਂ ਸਨ।ਇਸੇ ਤਰ੍ਹਾਂ ਅਮਰੀਕਾ ਅਤੇ ਇਜ਼ਰਾਈਲ ਦੀ ਪਸਾਰਵਾਦੀ ਨੀਤੀ ਨੂੰ ਨੱਥ ਪਾਉਣ ਲਈ ਪੂਰੀ ਦੁਨੀਆ ਦੀਆਂ ਲੋਕ ਪੱਖੀ ਆਵਾਜ਼ਾਂ ਦਾ ਇੱਕ ਸੁਰ ਹੋਣਾ ਸਮੇਂ ਦੀ ਮੰਗ ਹੈ। ਸ਼ਹੀਦੇ-ਆਜ਼ਮ ਭਗਤ ਸਿੰਘ ਦੇ ਇਨਕਲਾਬੀ ਪੈਂਡੇ ਦੀ ਗੱਲ ਕਰਦਿਆਂ ਸਾਡੇ ਸਾਹਮਣੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਇੱਕ ਅੰਗਰੇਜ਼ ਅਫਸਰ ਨੂੰ ਮਾਰ ਦੇਣ ਦੀ ਘਟਨਾ ਨਾਲ ਸਾਹਮਣੇ ਆਉਂਦਾ ਹੈ। ਸੁੱਤੀ ਹੋਈ ਅੰਗਰੇਜ਼ੀ ਹਕੂਮਤ ਨੂੰ ਜਗਾਉਣ ਲਈ 1929 ਵਿੱਚ ਦਿੱਲੀ ਅਸੰਬਲੀ ਵਿੱਚ ਬੰਬ ਸੁੱਟਿਆ ਜਾਂਦਾ ਹੈ।ਉਸ ਵਕਤ ਸਿਆਸੀ ਕੈਦੀਆਂ ਨਾਲ ਹੁੰਦੀ ਬਦਸਲੂਕੀ ਵਿਰੁੱਧ ਭਗਤ ਸਿੰਘ ਹੁਰਾਂ ਵੱਲੋਂ ਭੁੱਖ ਹੜਤਾਲਾਂ ਕੀਤੀਆਂ ਗਈਆਂ। ਇਸ ਤੋਂ ਬਿਨਾਂ ਭਗਤ ਸਿੰਘ ਇਕ ਮਹਾਨ ਬੁੱਧੀਜੀਵੀ ਸਨ।ਉਹਨਾ ਦੁਨੀਆ ਭਰ ਦੇ ਇਨਕਲਾਬੀ ਸਾਹਿਤ ਦਾ ਅਧਿਐਨ ਕੀਤਾ। ਆਪ ਉਹਨਾ ਬਹੁਤ ਕੁਝ ਲਿਖਿਆ।‘’ਮੈਂ ਨਾਸਤਿਕ ਕਿਉਂ ਹਾਂ’’ ਅਤੇ ‘’ਜਾਤ ਦਾ ਸਵਾਲ’’ ਉਹਨਾ ਦੇ ਪੜ੍ਹਨ ਯੋਗ ਲੇਖ ਹਨ।
ਅੱਜ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਨਿਆਂ, ਬਰਾਬਰਤਾ ਤੇ ਖੂਬਸੂਰਤ ਸਮਾਜ ਸਿਰਜਣ ਦਾ ਭਗਤ ਸਿੰਘ ਹੁਰਾਂ ਵੱਲੋਂ ਲਿਆ ਗਿਆ ਸੁਪਨਾ ਪੂਰਾ ਨਹੀਂ ਹੋ ਸਕਿਆ।ਉਹਨਾ ਦਾ ਸੁਪਨਾ ਸਕਾਰ ਕਰਨ ਲਈ ਦੇਸ਼ ਦੀ ਤੇ ਖਾਸ ਕਰਕੇ ਪੰਜਾਬ ਦੀ ਜਵਾਨੀ ਲਈ ਚੈਲੰਜ ਹੈ। ਇਸ ਚੈਲੰਜ ਨੂੰ ਕਬੂਲ ਕਰਕੇ ਸੰਘਰਸ਼ਾਂ ਦਾ ਮੈਦਾਨ ਮੱਲਣਾ ਹੀ ਇੱਕੋ-ਇਕ ਰਾਹ ਹੈ।ਉਕਤ ਸਾਰਤੱਤ ਹੈ, ਸਰਬ ਭਾਰਤ ਨੌਜਵਾਨ ਸਭਾ ਜਿਲ੍ਹਾ ਜਲੰਧਰ ਵੱਲੋਂ ਮਹਿਤਪੁਰ ਤੋਂ ਸ਼ੁਰੂ ਹੋ ਕੇ ਵੱਖ-ਵੱਖ ਪਿੰਡਾਂ ਵਿੱਚੋਂ ਹੁੰਦੇ ਹੋਏ ਵਿਸ਼ਾਲ ਮੋਟਰਸਾਈਕਲ ਮਾਰਚ ਦੇ ਪਿੰਡ ਪਰਜੀਆਂ ਕਲਾਂ ਪਹੁੰਚਣ ‘ਤੇ ਵੱਖ-ਵੱਖ ਆਗੂਆਂ ਵੱਲੋਂ ਪ੍ਰਗਟ ਕੀਤੇ ਗਏ ਵਿਚਾਰਾਂ ਦਾ। ਇਸ ਮਾਰਚ ਦਾ ਪਰਜੀਆਂ ਪਹੁੰਚਣ ‘ਤੇ ਸਰਬ ਭਾਰਤ ਨੌਜਵਾਨ ਸਭਾ ਦੇ ਪੁਰਾਣੇ ਆਗੂ ਤੇ ਪੰਜਾਬ ਖੇਤ ਮਜ਼ਦੂਰ ਸਭਾ ਜਿਲ੍ਹਾ ਜਲੰਧਰ ਦੇ ਸਰਪ੍ਰਸਤ ਰੂੜਾ ਰਾਮ ਨੇ ਸਿਹਤ ਦੀ ਨਾਸਾਜਗੀ ਦੇ ਬਾਵਜੂਦ ਜਿਸ ਤਰ੍ਹਾਂ ਸਵਾਗਤ ਕੀਤਾ ਤੇ ਹੱਲਾਸ਼ੇਰੀ ਦਿੰਦੀ ਸੰਖੇਪ ਤਕਰੀਰ ਕੀਤੀ, ਉਸ ਨਾਲ ਸਰਬ ਭਾਰਤ ਨੌਜਵਾਨ ਸਭਾ ਦੇ ਕਾਰਕੁਨ ਉੁਤਸ਼ਾਹ ਨਾਲ ਭਰ ਗਏ। ਸਰਬ ਭਾਰਤ ਨੌਜਵਾਨ ਸਭਾ ਦੇ ਆਗੂ ਮਨਦੀਪ ਸਿੱਧੂ ਦੀ ਅਗਵਾਈ ਵਿੱਚ ਮਾਰਚ ਦਾਣਾ ਮੰਡੀ ਮਹਿਤਪੁਰ ਤੋਂ ਰਵਾਨਾ ਹੋ ਕੇ ਬੱਸ ਅੱਡਾ ਮਹਿਤਪੁਰ, ਸੰਗੋਵਾਲ, ਟੋਲ ਪਲਾਜ਼ਾ, ਬੀਟਲਾ, ਗੋਸੂਵਾਲ, ਬਾਂਗੀਵਾਲ, ਲੋਹਗੜ੍ਹ, ਬਾਲੋਕੀ, ਉਧੋਵਾਲ, ਪਰਜੀਆਂ ਖੁਰਦ ਹੁੰਦਾ ਹੋਇਆ ਪਰਜੀਆਂ ਕਲਾਂ ਸਮਾਪਤ ਹੋਇਆ। ਮਾਰਚ ਦੌਰਾਨ ਇਨਕਲਾਬ-ਜ਼ਿੰਦਾਬਾਦ, ਸਾਮਰਾਜਵਾਦ ਮੁਰਦਾਬਾਦ ਦੇ ਨਾਹਰੇ ਅਤੇ ‘ਮੇਰਾ ਰੰਗ ਦੇ ਬਸੰਤੀ ਚੋਲਾ’ ਵਰਗੇ ਗੀਤ ਫਿਜ਼ਾਵਾਂ ਵਿੱਚ ਇਨਕਲਾਬੀ ਜੋਸ਼ ਭਰਦੇ ਰਹੇ।
ਮੋਟਰਸਾਈਕਲ ਮਾਰਚ ਦੀ ਪਰਜੀਆਂ ਵਿਖੇ ਸਮਾਪਤੀ ਵੇਲੇ ਸੰਬੋਧਨ ਕਰਨ ਵਾਲੇ ਆਗੂਆਂ ਵਿੱਚ ਮਨਦੀਪ ਸਿੱਧੂ, ਕੁਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸੰਦੀਪ ਅਰੋੜਾ, ਸੀ ਪੀ ਆਈ ਜ਼ਿਲ੍ਹਾ ਜਲੰਧਰ ਦੇ ਸਕੱਤਰ ਰਸ਼ਪਾਲ ਕੈਲੇ, ਪੰਜਾਬ ਖੇਤ ਮਜ਼ਦੂਰ ਸਭਾ ਜਿਲ੍ਹਾ ਜਲੰਧਰ ਦੇ ਪ੍ਰਧਾਨ ਵੀਰ ਕੁਮਾਰ, ਕੁਲ ਹਿੰਦ ਕਿਸਾਨ ਸਭਾ ਦੇ ਆਗੂ ਦਿਲਬਾਗ ਸਿੰਘ ਚੰਦੀ ਸ਼ਾਮਲ ਸਨ। ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਸਿਕੰਦਰ ਸੰਧੂ ਨੇ ਸਫਲ ਮਾਰਚ ਦੀ ਵਧਾਈ ਦਿੰਦਿਆਂ ਇਸ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ।