10 ਦਿਨਾਂ ‘ਚ 16,000 ਜਨ-ਸਭਾਵਾਂ ਕਰਾਂਗੇ : ਅਮਨ ਅਰੋੜਾ

0
5

ਚੰਡੀਗੜ੍ਹ (ਗੁਰਜੀਤ ਬਿੱਲਾ)
ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਬੁੱਧਵਾਰ ਭਗਵੰਤ ਮਾਨ ਸਰਕਾਰ ਦੇ ਚਾਰ ਸਾਲ ਪੂਰੇ ਹੋਣ ਦੇ ਮੌਕੇ ‘ਤੇ ਸੂਬਾ ਪੱਧਰੀ ਵੱਡੀ ਜਨਤਕ ਮੁਹਿੰਮ ਦਾ ਐਲਾਨ ਕੀਤਾ। ਇਹ ਮੁਹਿੰਮ ਅਗਲੇ 10 ਦਿਨਾਂ ਵਿੱਚ 16,000 ਰੈਲੀਆਂ, ਜਨ-ਸਭਾਵਾਂ ਅਤੇ ਨੁੱਕੜ ਮੀਟਿੰਗਾਂ ਰਾਹੀਂ ਸਰਕਾਰ ਦਾ ਰਿਪੋਰਟ ਕਾਰਡ ਸਿੱਧਾ ਲੋਕਾਂ ਤੱਕ ਪਹੁੰਚਾਏਗੀ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਰੋੜਾ ਨੇ ਕਿਹਾ ਕਿ ਵੀਰਵਾਰ ਤੋਂ ਇੱਕ ਵਿਸ਼ਾਲ ਜਨਤਕ ਮੁਹਿੰਮ ਸ਼ੁਰੂ ਹੋਵੇਗੀ, ਜਿਸ ਤਹਿਤ ਅਗਲੇ 10 ਦਿਨਾਂ ਵਿੱਚ ਪੂਰੇ ਪੰਜਾਬ ਵਿੱਚ 16,000 ਰੈਲੀਆਂ, ਜਨ-ਸਭਾਵਾਂ ਅਤੇ ਨੁੱਕੜ ਮੀਟਿੰਗਾਂ ਕੀਤੀਆਂ ਜਾਣਗੀਆਂ।
ਉਨ੍ਹਾ ਕਿਹਾ ਕਿ ਇਸ ਮੁਹਿੰਮ ਵਿੱਚ ਮੰਤਰੀ, ਵਿਧਾਇਕ, ਚੇਅਰਮੈਨ, ਸਰਪੰਚ, ਪੰਚ, ਐੱਮ ਸੀ, ਜ਼ਿਲ੍ਹਾ ਪ੍ਰਧਾਨ ਅਤੇ ਪਾਰਟੀ ਵਲੰਟੀਅਰ ਸ਼ਾਮਲ ਹੋਣਗੇ, ਜੋ ਸਰਕਾਰ ਦਾ ਰਿਪੋਰਟ ਕਾਰਡ ਲੈ ਕੇ ਹਰ ਪਿੰਡ, ਗਲੀ ਅਤੇ ਘਰ-ਘਰ ਪਹੁੰਚਣਗੇ। ਅਮਨ ਅਰੋੜਾ ਨੇ ਕਿਹਾ—ਅਸੀਂ ਆਪਣਾ ਚਾਰ ਸਾਲਾਂ ਦਾ ਰਿਪੋਰਟ ਕਾਰਡ ਹਰ ਪਿੰਡ ਅਤੇ ਹਰ ਬੂਹੇ ਤੱਕ ਲੈ ਕੇ ਜਾਵਾਂਗੇ।ਉਨ੍ਹਾ ਕਿਹਾ ਕਿ ਸਾਨੂੰ ਅਰਵਿੰਦ ਕੇਜਰੀਵਾਲ ਦੇ ਮਾਰਗਦਰਸ਼ਨ ਅਤੇ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਕੀਤੇ ਗਏ ਕੰਮਾਂ ‘ਤੇ ਪੂਰਾ ਭਰੋਸਾ ਹੈ। ਪੰਜਾਬ ਦੇ ਲੋਕਾਂ ਨੂੰ ਸਾਡਾ ਸੁਨੇਹਾ ਸਾਦਾ ਹੈ—ਜੇਕਰ ਤੁਸੀਂ ਸਾਡੀਆਂ ਕੋਸ਼ਿਸ਼ਾਂ ਤੋਂ ਸੰਤੁਸ਼ਟ ਹੋ, ਤਾਂ ਅਸੀਂ ਤੁਹਾਡਾ ਸਮਰਥਨ ਚਾਹੁੰਦੇ ਹਾਂ, ਜੇਕਰ ਨਹੀਂ, ਤਾਂ ਅਸੀਂ ਤੁਹਾਡੇ ਫੈਸਲੇ ਦਾ ਸਤਿਕਾਰ ਕਰਾਂਗੇ।