ਸ਼ਾਹਕੋਟ (ਗਿਆਨ ਸੈਦਪੁਰੀ)
ਬਲਾਕ ਸੰਮਤੀ ਸ਼ਾਹਕੋਟ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ, ਜਿਹੜੀ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਵੱਕਾਰ ਦਾ ਸਵਾਲ ਬਣੀ ਹੋਈ ਸੀ, ਦੋਹਾਂ ਧਿਰਾਂ ਦਾ ਵੱਕਾਰ ਕਾਇਮ ਰੱਖਦੀ ਹੋਈ ਬੁੱਧਵਾਰ ਨੂੰ ਨੇਪਰੇ ਚੜ੍ਹ ਗਈ। ਪੁਲਸ ਦੀਆਂ ਸਵੇਰ ਤੋਂ ਸਖਤ ਪੇਸ਼ਬੰਦੀਆਂ ਕਈਆਂ ਦੇ ਮਨਾਂ ਅੰਦਰ ਧੁੜਕੂ ਛੇੜਦੀਆਂ ਰਹੀਆਂ ਕਿ ਦੋਹਾਂ ਧਿਰਾਂ ਦੇ ਆਪਸੀ ਟਕਰਾਅ ਦੀ ਨੌਬਤ ਆ ਸਕਦੀ ਹੈ, ਪਰ ਪੂਰੇ ਸ਼ਾਂਤਮਈ ਮਾਹੌਲ ਵਿੱਚ ਚੋਣ ਸਿਰੇ ਚੜ੍ਹ ਗਈ। ਪਹਿਲਾਂ ਇਹੀ ਚੋਣ 18 ਮਾਰਚ ਨੂੰ ਰੱਦ ਹੋ ਗਈ ਸੀ। ਬੁੱਧਵਾਰ ਨੂੰ ਐੱਸ ਡੀ ਐੱਮ ਨਕੋਦਰ ਸਿਮਰਨਜੀਤ ਸਿੰਘ ਦੀ ਦੇਖਰੇਖ ਵਿੱਚ ਹੋਈ ਚੋਣ ਵਿੱਚ ਟਾਸ ਨਾਲ ਫੈਸਲਾ ਹੋਇਆ। ਇਸ ਪ੍ਰਕਿਰਿਆ ਵਿੱਚ ਆਮ ਆਦਮੀ ਪਾਰਟੀ ਵੱਲੋਂ ਬਲਾਕ ਸੰਮਤੀ ਜ਼ੋਨ ਨੰਬਰ 6 ਤੋਂ ਜਿੱਤੀ ਬੀਬੀ ਰਮਨਦੀਪ ਕੌਰ ਨਵਾਂ ਕਿਲ੍ਹਾ ਚੇਅਰਪਰਸਨ ਬਣੀ ਅਤੇ ਕਾਂਗਰਸ ਪਾਰਟੀ ਵੱਲੋਂ ਜ਼ੋਨ ਨੰਬਰ 7 ਤੋਂ ਜਿੱਤ ਕੇ ਆਏ ਸੁਖਦੇਵ ਸਿੰਘ ਸੁੱਖਾ ਨੰਗਲ ਅੰਬੀਆਂ ਖੁਰਦ ਵਾਈਸ ਚੇਅਰਮੈਨ ਬਣ ਗਏ।ਬਲਾਕ ਸੰਮਤੀ ਦੇ ਮੈਂਬਰਾਂ ਦੀਆਂ ਚੋਣਾਂ ਵੇਲੇ ਸੱਤ ਮੈਂਬਰ ਕਾਂਗਰਸ ਪਾਰਟੀ ਦੇ ਜਿੱਤੇ ਸਨ ਤੇ ਸੱਤ ਹੀ ‘ਆਪ’ ਜਿਤਾਉਣ ਵਿੱਚ ਸਫਲ ਰਹੀ ਸੀ। ਇੱਕ ਮੈਂਬਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਜਿੱਤਿਆ ਸੀ। 18 ਮਾਰਚ ਨੂੰ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਰੱਦ ਹੋਈ ਚੋਣ ਵਾਲੇ ਦਿਨ ਅਕਾਲੀ ਦਲ (ਬਾਦਲ) ਵੱਲੋਂ ਸੰਮਤੀ ਮੈਂਬਰ ਕੁਲਵੰਤ ਸਿੰਘ ਕਾਂਗਰਸੀ ਮੈਂਬਰਾਂ ਦੇ ਨਾਲ ਸੀ। ਇਸ ਤਰ੍ਹਾਂ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਵੋਟ ਨਾਲ ਕਾਂਗਰਸ ਦੀਆਂ ਨੌਂ ਵੋਟਾਂ ਬਣਦੀਆਂ ਸਨ। ਕਾਂਗਰਸ ਪਾਰਟੀ ਦਾ ਚੇਅਰਮੈਨ ਬਣਨਾ ਤੈਅ ਸੀ। ‘ਆਪ’ ਸਿਆਸੀ ਦਾਅਪੇਚ ਵਜੋਂ ਉਸ ਦਿਨ ਚੋਣ ਪ੍ਰਕਿਰਿਆ ਵਿੱਚ ਸ਼ਾਮਲ ਨਾ ਹੋਈ। ਇਸ ਦੌਰਾਨ ਅਕਾਲੀ ਦਲ ਦਾ ਮੈਂਬਰ ‘ਆਪ’ ਦਾ ਹੋ ਗਿਆ।25 ਮਾਰਚ ਦੀ ਚੋਣ ਪ੍ਰਕਿਰਿਆ ਬਹੁਤ ਦਿਲਚਸਪ ਬਣ ਗਈ। ਸੱਤਾਧਾਰੀ ਧਿਰ ਸੱਤਾਂ ਤੋਂ ਅੱਠ ਮੈਂਬਰਾਂ ਵਾਲੀ ਬਣ ਗਈ। ਕਾਂਗਰਸ ਪਾਰਟੀ ਵੀ ਵਿਧਾਇਕ ਦੀ ਵੋਟ ਨਾਲ ਅੱਠ ਮੈਂਬਰਾਂ ਵਾਲੀ ਹੋ ਕੇ ਸਾਹਮਣੇ ਸੀ। 8-8 ਮੈਂਬਰ ਆਹਮੋ-ਸਾਹਮਣੇ ਸਨ। ਵੋਟਾਂ ਪੈਣ ਨਾਲ ਵੀ ਇਹੋ ਸਥਿਤੀ ਸਾਹਮਣੇ ਆਈ। ਆਖਰ ਟਾਸ ਨਾਲ ਚੇਅਰਪਰਸਨ ਦਾ ਅਹੁਦਾ ‘ਆਪ’ ਦੇ ਹੱਥ ਆਇਆ ਤੇ ਕਾਂਗਰਸ ਨੇ ਵਾਈਸ ਚੇਅਰਮੈਨ ਬਣਾਉਣ ਵਿੱਚ ਸਫਲਤਾ ਹਾਸਲ ਕੀਤੀ। ਇਸ ਦੌਰਾਨ ਇਹ ਚਰਚਾ ਵੀ ਸੁਣੀ ਗਈ ਦੋਵੇਂ ਧਿਰਾਂ ਜਿੱਤ ਗਈਆਂ। ਇਹ ਜ਼ਿਕਰ ਵੀ ਕਰਨਾ ਬਣਦਾ ਹੈ ਕਿ ਬਾਜ਼ੀ ਪਲਟਣ ਵਾਲਾ ਅਕਾਲੀ ਦਲ ਦਾ ਮੈਂਬਰ ਆਪ ਬਾਜ਼ੀ ਹਾਰ ਗਿਆ। ਕਾਂਗਰਸ ਵਾਲਿਆਂ ਨੇ ਉਸ ਨੂੰ ਵਾਈਸ ਚੇਅਰਮੈਨ ਬਣਾਉਣ ਦਾ ਭਰੋਸਾ ਦਿੱਤਾ ਹੋਇਆ ਸੀ। ਦੁਬਾਰਾ ਬਣੀਆਂ ਸਿਆਸੀ ਪ੍ਰਸਥਿਤੀਆਂ ਵਿੱਚ ਉਹ ‘ਆਪ’ ਵੱਲ ਝੁਕ ਗਿਆ। ਉਨ੍ਹਾਂ ਵੱਲੋਂ ਵੀ ਉਸ ਨੂੰ ਵਾਈਸ ਚੇਅਰਮੈਨੀ ਮਿਲਣ ਦੀ ਆਸ ਸੀ, ਪਰ ਆਸ ਅੰਗੜਾਈਆਂ ਲੈਂਦੀ ਰਹੀ, ਉਸ ਨੂੰ ਬੂਰ ਨਾ ਪਿਆ।ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾ ਨੂੰ ਇਸ ਚੋਣ ‘ਤੇ ਤਸੱਲੀ ਹੈ। ਬਲਾਕ ਸੰਮਤੀ ਪਿੰਡਾਂ ਦੇ ਵਿਕਾਸ ਦਾ ਕੇਂਦਰ ਹੁੰਦੀ ਹੈ। ਸ਼ੇਰੋਵਾਲੀਆਂ ਨੇ ਆਸ ਪ੍ਰਗਟ ਕੀਤੀ ਕਿ ਸਾਂਝੇ ਯਤਨਾਂ ਨਾਲ ਹਲਕਾ ਵਿਕਾਸ ਵੱਲ ਵਧੇਗਾ। ਆਪ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਨੇ ਵੀ ਸ਼ਾਂਤੀਪੂਰਵਕ ਚੋਣ ਨਿਪਰੇ ਚੜ੍ਹਨ ‘ਤੇ ਤਸੱਲੀ ਜ਼ਾਹਰ ਕੀਤੀ ਤੇ ਪੁਲਸ ਅਤੇ ਸਿਵਲ ਪ੍ਰਸ਼ਾਸਨ ਦਾ ਧੰਨਵਾਦ ਕੀਤਾ।





