ਸਮੁੰਦਰੀ ਭਾੜਾ 80 ਫੀਸਦੀ ਤੱਕ ਵਧਿਆ

0
5

ਕੋਲਕਾਤਾ : ਪੱਛਮੀ ਏਸ਼ੀਆ ਵਿੱਚ ਜਾਰੀ ਸੰਕਟ ਕਾਰਨ ਯੂਰਪ ਜਾਣ ਵਾਲੇ ਸਾਮਾਨ ਦੀ ਢੁਆਈ ਦੀ ਲਾਗਤ (ਭਾੜੇ) ਵਿੱਚ 60 ਤੋਂ 80 ਫੀਸਦੀ ਤੱਕ ਦਾ ਭਾਰੀ ਵਾਧਾ ਹੋਇਆ ਹੈ। ਇਸ ਨਾਲ ਪੂਰਬੀ ਭਾਰਤ ਤੋਂ ਹੋਣ ਵਾਲੀ ਬਰਾਮਦ ਵਿੱਚ 50 ਫੀਸਦੀ ਤੱਕ ਦੀ ਗਿਰਾਵਟ ਆਈ ਹੈ ਅਤੇ ਕੋਲਕਾਤਾ ਬੰਦਰਗਾਹ ‘ਤੇ ਸੈਂਕੜੇ ਕੰਟੇਨਰ ਫਸ ਗਏ ਹਨ। ਕਲਕੱਤਾ ਕਸਟਮਜ਼ ਹਾਊਸ ਏਜੰਟਸ ਐਸੋਸੀਏਸ਼ਨ ਦੇ ਪ੍ਰਧਾਨ ਮੰਨੂ ਚੌਧਰੀ ਨੇ ਦੱਸਿਆ ਕਿ ਜਹਾਜ਼ਾਂ ਦਾ ਰਸਤਾ ਬਦਲ ਕੇ ਅਫਰੀਕਾ ਹੋ ਕੇ ਜਾਣ ਕਾਰਨ ਭਾੜੇ ਵਿੱਚ 40 ਫੀਸਦੀ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਜੰਗ ਦੇ ਕਾਰਨ ਲੱਗਣ ਵਾਲੇ ਵਾਧੂ ਖਰਚਿਆਂ ਨੂੰ ਮਿਲਾ ਕੇ ਯੂਰਪ ਅਤੇ ਅਮਰੀਕਾ ਜਾਣ ਵਾਲੇ ਸਾਮਾਨ ਦੀ ਕੁੱਲ ਲਾਗਤ 80 ਫੀਸਦੀ ਤੱਕ ਵਧ ਗਈ ਹੈ। ਉਨ੍ਹਾ ਕਿਹਾ ਕਿ ਸ਼ਿਪਿੰਗ ਕੰਪਨੀਆਂ ਹੁਣ ਨਵਾਂ ਸਾਮਾਨ ਲੈਣ ਤੋਂ ਮਨ੍ਹਾ ਕਰ ਰਹੀਆਂ ਹਨ। ਇਸ ਕਾਰਨ ਕੋਲਕਾਤਾ ਬੰਦਰਗਾਹ ‘ਤੇ ਲੋਡਿੰਗ ਲਈ ਪਹੁੰਚੇ ਲਗਭਗ 600 ਭਰੇ ਹੋਏ ਕੰਟੇਨਰਾਂ ਨੂੰ ਜਗ੍ਹਾ ਦੀ ਘਾਟ ਕਾਰਨ ਸ਼ਹਿਰ ਵਾਪਸ ਭੇਜਣਾ ਪਿਆ ਹੈ।
ਇੰਜੀਨੀਅਰਿੰਗ ਐਕਸਪੋਰਟ ਪ੍ਰਮੋਸ਼ਨ ਕੌਂਸਲ ਇੰਡੀਆ ਦੇ ਸਾਬਕਾ ਚੇਅਰਮੈਨ ਰਾਕੇਸ਼ ਸ਼ਾਹ ਨੇ ਸਥਿਤੀ ਨੂੰ ਗੰਭੀਰ ਦੱਸਦੇ ਹੋਏ ਕਿਹਾ ਕਿ ਭਾੜੇ ਵਿੱਚ ਵਾਧੇ ਅਤੇ ਕੰਟੇਨਰਾਂ ਦੀ ਕਮੀ ਦੇ ਨਾਲ-ਨਾਲ ਰਸੋਈ ਗੈਸ (ਐੱਲ ਪੀ ਜੀ) ਦੀ ਕਿੱਲਤ ਨੇ ਵੀ ਉਤਪਾਦਨ ਨੂੰ ਪ੍ਰਭਾਵਤ ਕੀਤਾ ਹੈ। ਐੱਲ ਪੀ ਜੀ ਦੀ ਵਰਤੋਂ ਇੰਜੀਨੀਅਰਿੰਗ ਸਾਮਾਨ ਨੂੰ ਅੰਤਮ ਰੂਪ ਦੇਣ ਦੀ ਪ੍ਰਕਿਰਿਆ ਵਿੱਚ ਕੀਤੀ ਜਾਂਦੀ ਹੈ। ਸ਼ਾਹ ਅਨੁਸਾਰ ਇੰਜੀਨੀਅਰਿੰਗ ਉਦਯੋਗ ਨੂੰ ਇਸ ਸਾਲ 3.5 ਫੀਸਦੀ ਦੇ ਵਾਧੇ ਦੀ ਉਮੀਦ ਸੀ, ਪਰ ਹੁਣ ਇਹ ਪਿਛਲੇ ਸਾਲ ਦੇ ਪੱਧਰ ‘ਤੇ ਹੀ ਰਹਿਣ ਦੀ ਸੰਭਾਵਨਾ ਹੈ। ਪੂਰਬੀ ਖੇਤਰ ਤੋਂ ਹੋਣ ਵਾਲੀ ਬਰਾਮਦ ਵਿੱਚ ਸਭ ਤੋਂ ਵੱਧ ਅਸਰ ਮੱਛੀ, ਝੀਂਗਾ, ਇੰਜੀਨੀਅਰਿੰਗ ਸਾਮਾਨ, ਕੱਪੜੇ ਅਤੇ ਦਵਾਈਆਂ ‘ਤੇ ਪਿਆ ਹੈ।ਵਿਦੇਸ਼ਾਂ ਵਿੱਚ ਸਮਾਨ ਭੇਜਣ ਵਾਲੇ ਵਪਾਰੀਆਂ ਦੀ ਮਦਦ ਲਈ ਸਰਕਾਰ ਨੇ 497 ਕਰੋੜ ਰੁਪਏ ਦੀ ਰਿਲੀਫ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ। ਇਸ ਤਹਿਤ ਜੰਗ ਕਾਰਨ ਹੋਣ ਵਾਲੇ ਨੁਕਸਾਨ ਅਤੇ ਮਾਲ ਢੁਆਈ ‘ਤੇ ਲੱਗਣ ਵਾਲੇ ਵਾਧੂ ਟੈਕਸਾਂ ਦੀ ਭਰਪਾਈ ਵਿੱਚ ਮਦਦ ਦਿੱਤੀ ਜਾਵੇਗੀ। ਛੋਟੇ, ਲਘੂ ਅਤੇ ਦਰਮਿਆਨੇ ਉਦਯੋਗਾਂ ਨੂੰ ਮਾਲ ਢੁਆਈ ਅਤੇ ਬੀਮਾ ਖਰਚਿਆਂ ‘ਤੇ 50 ਫੀਸਦੀ ਤੱਕ ਦੀ ਵਾਪਸੀ ਮਿਲ ਸਕੇਗੀ।