ਚੰਡੀਗੜ੍ਹ (ਗੁਰਜੀਤ ਬਿੱਲਾ,ਸੁਰਜੀਤ ਸੁਮਨ)
ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐੱਲ) 2026 ਦੇ ਹਿੱਸੇ ਵਜੋਂ 31 ਮਾਰਚ ਨੂੰ ਪੰਜਾਬ ਕਿੰਗਜ਼ ਅਤੇ ਗੁਜਰਾਤ ਟਾਈਟਨਜ਼ ਦਰਮਿਆਨ ਹੋਣ ਵਾਲੇ ਮੈਚ ਦੇ ਮੱਦੇਨਜ਼ਰ ਪੁਖਤਾ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ ਸੀ ਏ) ਦੇ ਨਵੇਂ ਚੁਣੇ ਗਏ ਸਕੱਤਰ ਤੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਪੀ ਸੀ ਏ ਦੇ ਉਪ ਪ੍ਰਧਾਨ ਦੀਪਕ ਬਾਲੀ ਨੇ ਵੀਰਵਾਰ ਕ੍ਰਿਕਟ ਸਟੇਡੀਅਮ ਮੁੱਲਾਂਪੁਰ, ਨਿਊ ਚੰਡੀਗੜ੍ਹ ਦਾ ਦੌਰਾ ਕੀਤਾ।ਡਿਪਟੀ ਕਮਿਸ਼ਨਰ ਮੁਹਾਲੀ ਕੋਮਲ ਮਿੱਤਲ ਅਤੇ ਐੱਸ ਐੱਸ ਪੀ ਹਰਮਨਦੀਪ ਸਿੰਘ ਹਾਂਸ ਨੇ ਪਤਵੰਤਿਆਂ ਸਮੇਤ ਸਟੇਡੀਅਮ ਦੇ ਵੱਖ-ਵੱਖ ਬਲਾਕਾਂ, ਸਟੇਡੀਅਮ ਤੱਕ ਪਹੁੰਚਣ ਵਾਲੇ ਰਸਤੇ, ਪਾਰਕਿੰਗ ਸਹੂਲਤਾਂ, ਸੁਰੱਖਿਆ ਉਪਾਵਾਂ ਦਾ ਜਾਇਜ਼ਾ ਲਿਆ ਅਤੇ ਭੀੜ ਦੇ ਸੁਚਾਰੂ ਪ੍ਰਬੰਧਨ ਦੇ ਮਹੱਤਵਪੂਰਨ ਮੁੱਦੇ ‘ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ, ਤਾਂ ਜੋ ਲੋਕਾਂ ਨੂੰ ਕ੍ਰਿਕਟ ਦਾ ਨਿਰਵਿਘਨ ਅਤੇ ਬਿਹਤਰ ਅਨੁਭਵ ਪ੍ਰਦਾਨ ਕੀਤਾ ਜਾ ਸਕੇ।ਸਿਵਲ ਅਤੇ ਪੁਲਸ ਪ੍ਰਸ਼ਾਸਨ ਦਰਮਿਆਨ ਮੁਕੰਮਲ ਤਾਲਮੇਲ ਦੀ ਵਕਾਲਤ ਕਰਦਿਆਂ ਪੀ ਸੀ ਏ ਦੇ ਉਪ ਪ੍ਰਧਾਨ ਦੀਪਕ ਬਾਲੀ ਨੇ ਕਿਹਾ ਕਿ 31 ਮਾਰਚ ਨੂੰ ਹੋਣ ਵਾਲੇ ਮੈਚ ਤੋਂ ਇਲਾਵਾ ਸਟੇਡੀਅਮ ਵਿੱਚ 3 ਹੋਰ ਮੈਚ ਕਰਵਾਏ ਜਾਣਗੇ, ਜੋ ਕਿ ਪੰਜਾਬ ਸਰਕਾਰ ਲਈ ਬਹੁਤ ਮਾਣ ਵਾਲੀ ਗੱਲ ਹੈ। ਉਹਨਾ ਕਿਹਾ ਕਿ ਸਮੇਂ ਦੇ ਨਾਲ ਇਹ ਸਟੇਡੀਅਮ ਵਿਸ਼ਵ ਦੇ ਨਕਸ਼ੇ ‘ਤੇ ਵੱਕਾਰੀ ਟੂਰਨਾਮੈਂਟਾਂ ਦੇ ਕੇਂਦਰ ਵਜੋਂ ਉਭਰ ਰਿਹਾ ਹੈ।





