ਨਵੀਂ ਦਿੱਲੀ : ਈਰਾਨ ਨੇ ਕਿਹਾ ਹੈ ਕਿ ਉਹ ਭਾਰਤ ਸਮੇਤ ਚੋਣਵੇਂ ਮਿੱਤਰ ਦੇਸ਼ਾਂ ਦੇ ਜਹਾਜ਼ਾਂ ਨੂੰ ਰਣਨੀਤਕ ਤੌਰ ‘ਤੇ ਮਹੱਤਵਪੂਰਨ ਹਾਰਮੁਜ਼ ਜਲਡਮਰੂ ਮੱਧ ਤੋਂ ਗੁਜ਼ਰਨ ਦੀ ਇਜਾਜ਼ਤ ਦੇ ਰਿਹਾ ਹੈ, ਭਾਵੇਂ ਕਿ ਪੱਛਮੀ ਏਸ਼ੀਆ ਦੇ ਚੱਲ ਰਹੇ ਸੰਘਰਸ਼ ਦਰਮਿਆਨ ਦੂਜਿਆਂ ਲਈ ਪਾਬੰਦੀਆਂ ਜਾਰੀ ਹਨ। ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਕਿਹਾ ਕਿ ਈਰਾਨ ਨੇ ਚੀਨ, ਰੂਸ, ਭਾਰਤ, ਇਰਾਕ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਦੇ ਜਹਾਜ਼ਾਂ ਨੂੰ ਲੰਘਣ ਦੀ ਇਜਾਜ਼ਤ ਦਿੱਤੀ ਹੈ, ਜੋ ਸੰਘਰਸ਼ ਖੇਤਰ ਵਿੱਚ ਸਮੁੰਦਰੀ ਪਹੁੰਚ ਲਈ ਇੱਕ ਨਿਯੰਤਰਤ ਪਹੁੰਚ ਦਾ ਸੰਕੇਤ ਦਿੰਦਾ ਹੈ। ਇਹ ਬਿਆਨ ਉਸ ਗੱਲ ਨੂੰ ਰਸਮੀ ਰੂਪ ਦਿੰਦਾ ਹੈ, ਜੋ ਪਹਿਲਾਂ ਡਿਪਲੋਮੈਟਿਕ ਚੈਨਲਾਂ ਰਾਹੀਂ ਸਾਹਮਣੇ ਆਈ ਸੀ ਕਿ ਖੇਤਰ ਵਿੱਚ ਵਧੇ ਹੋਏ ਤਣਾਅ ਦੇ ਬਾਵਜੂਦ ਭਾਰਤ ਜਾਣ ਵਾਲੇ ਜਹਾਜ਼ਾਂ ਨੂੰ ਸੰਚਾਲਨ ਦੀ ਛੋਟ ਦਿੱਤੀ ਜਾ ਰਹੀ ਹੈ।
ਪਿਛਲੇ ਦਿਨਾਂ ਵਿੱਚ ਨਵੀਂ ਦਿੱਲੀ ਅਤੇ ਤਹਿਰਾਨ ਵਿਚਕਾਰ ਉੱਚ ਪੱਧਰੀ ਰਾਬਤੇ ਤੋਂ ਬਾਅਦ ਘੱਟੋ-ਘੱਟ ਚਾਰ ਭਾਰਤੀ ਝੰਡੇ ਵਾਲੇ ਟੈਂਕਰਾਂ ਨੇ ਸਫਲਤਾਪੂਰਵਕ ਇਸ ਜਲਮਾਰਗ ਨੂੰ ਪਾਰ ਕੀਤਾ ਹੈ। ਇੱਕ ਦਿਨ ਪਹਿਲਾਂ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਸ਼ਿਪਿੰਗ ਮੰਤਰਾਲੇ ਦੇ ਚੋਟੀ ਦੇ ਅਧਿਕਾਰੀ ਰਾਜੇਸ਼ ਕੁਮਾਰ ਸਿਨਹਾ ਨੇ ਦੱਸਿਆ ਸੀ ਕਿ ਲੱਗਭੱਗ 20 ਭਾਰਤੀ ਝੰਡੇ ਵਾਲੇ ਜਹਾਜ਼ ਖੇਤਰ ਵਿੱਚ ਹਨ, ਜਿਨ੍ਹਾਂ ਵਿੱਚੋਂ ਛੇ ਐੱਲ ਪੀ ਜੀ ਨਾਲ ਲੱਦੇ ਟੈਂਕਰਾਂ ਦੇ ਅਗਲੇ ਕੁਝ ਦਿਨਾਂ ਵਿੱਚ ਲੰਘਣ ਦੀ ਉਮੀਦ ਹੈ। ਉਨ੍ਹਾ ਨੇ ਇੱਕ ਅੰਤਰ-ਮੰਤਰਾਲਾ ਬ੍ਰੀਫਿੰਗ ਵਿੱਚ ਕਿਹਾ, ”ਉਨ੍ਹਾਂ ਦੀ ਹਰਕਤ ਦੀ ਨੇੜਿਓਂ ਨਿਗਰਾਨੀ ਕੀਤੀ ਜਾ ਰਹੀ ਹੈ। 3-4 ਦਿਨਾਂ ਵਿੱਚ, ਸਾਡੇ ਕੋਲ ਛੇ ਲੱਦੇ ਹੋਏ ਐੱਲ ਪੀ ਜੀ ਟੈਂਕਰ ਹੋਣਗੇ।” ਸਰਕਾਰ ਨੇ ਸਮੁੰਦਰੀ ਸੁਰੱਖਿਆ ਬਾਰੇ ਵੀ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਖੇਤਰ ਵਿੱਚ ਸਾਰੇ ਭਾਰਤੀ ਮਲਾਹ ਸੁਰੱਖਿਅਤ ਹਨ ਅਤੇ ਪਿਛਲੇ ਕੁਝ ਦਿਨਾਂ ਵਿੱਚ ਭਾਰਤੀ ਝੰਡੇ ਵਾਲੇ ਜਹਾਜ਼ਾਂ ਨਾਲ ਸੰਬੰਧਤ ਕੋਈ ਵੀ ਘਟਨਾ ਸਾਹਮਣੇ ਨਹੀਂ ਆਈ ਹੈ।
ਦੋ ਭਾਰਤੀ ਐੱਲ ਪੀ ਜੀ ਕੈਰੀਅਰ—ਪਾਈਨ ਗੈਸ ਅਤੇ ਜਗ ਵਸੰਤ— ਨੇ ਬੁੱਧਵਾਰ ਰਾਤ ਸਫਲਤਾਪੂਰਵਕ ਜਲਡਮਰੂ ਨੂੰ ਪਾਰ ਕੀਤਾ ਅਤੇ ਇਸ ਵੇਲੇ ਮਾਲ ਲੈ ਕੇ ਭਾਰਤ ਦੇ ਰਸਤੇ ‘ਤੇ ਹਨ। ਜਿੱਥੇ ਲੱਗਭੱਗ 45,000 ਮੀਟ੍ਰਿਕ ਟਨ ਐੱਲ ਪੀ ਜੀ ਲੈ ਕੇ ਆ ਰਿਹਾ ਪਾਈਨ ਗੈਸ 27 ਮਾਰਚ ਨੂੰ ਨਿਊ ਮੰਗਲੌਰ ਪਹੁੰਚਣ ਦੀ ਉਮੀਦ ਹੈ, ਉੱਥੇ ਹੀ 47,600 ਮੀਟ੍ਰਿਕ ਟਨ ਤੋਂ ਵੱਧ ਮਾਲ ਵਾਲਾ ਜਗ ਵਸੰਤ 26 ਮਾਰਚ ਨੂੰ ਕਾਂਡਲਾ ਪਹੁੰਚਣ ਵਾਲਾ ਸੀ।





