ਖਿਝੇ ਟਰੰਪ ਨੇ ਈਰਾਨ ਨੂੰ ਫਿਰ ਧਮਕਾਇਆ

0
3

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਈਰਾਨ ਦੇ ਆਗੂਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਜਲਦੀ ਹੀ ਗੰਭੀਰਤਾ ਨਾਲ ਸੋਚਣ ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ। ਟਰੰਪ ਨੇ ਕਿਹਾ ਕਿ ਈਰਾਨ ਦੇ ਅਧਿਕਾਰੀ ਬਹੁਤ ਹੀ ਅਜੀਬ ਤਰੀਕੇ ਨਾਲ ਪੇਸ਼ ਆ ਰਹੇ ਹਨ। ਉਹ ਨਿੱਜੀ ਤੌਰ ‘ਤੇ ਤਾਂ ਸਮਝੌਤੇ ਲਈ ਤਰਲੇ ਪਾ ਰਹੇ ਹਨ ਪਰ ਦੁਨੀਆ ਦੇ ਸਾਹਮਣੇ ਅਮਰੀਕੀ ਪ੍ਰਸਤਾਵਾਂ ਨੂੰ ਮਾਮੂਲੀ ਦਿਖਾ ਰਹੇ ਹਨ। ਟਰੰਪ ਮੁਤਾਬਕ ਈਰਾਨ ਫੌਜੀ ਸ਼ਕਤੀ ਵਜੋਂ ਲਗਪਗ ਖਤਮ ਹੋ ਚੁੱਕਾ ਹੈ ਅਤੇ ਉਸ ਕੋਲ ਵਾਪਸੀ ਦਾ ਕੋਈ ਮੌਕਾ ਨਹੀਂ ਬਚਿਆ। ਉਨ੍ਹਾ ਸਪੱਸ਼ਟ ਕਿਹਾ ਕਿ ਜੇ ਜਲਦੀ ਸਹੀ ਕਦਮ ਨਾ ਚੁੱਕੇ ਗਏ ਤਾਂ ਭਵਿੱਖ ਵਿਚ ਬਹੁਤ ਭਿਆਨਕ ਹੋਵੇਗਾ ਤੇ ਸਖਤ ਨਤੀਜੇ ਭੁਗਤਣੇ ਪੈਣਗੇ।
ਟਰੰਪ ਨੇ ਈਰਾਨ ਨੂੰ ਸਿਰਫ ਫੌਜੀ ਤੌਰ ‘ਤੇ ਹੀ ਨਹੀਂ, ਸਗੋਂ ਮਨੋਵਿਗਿਆਨਕ ਤੌਰ ‘ਤੇ ਵੀ ਘੇਰਨਾ ਸ਼ੁਰੂ ਕਰ ਦਿੱਤਾ ਹੈ। ਆਪਣੀ ਤਾਜ਼ਾ ਚਿਤਾਵਨੀ ਵਿੱਚ ਟਰੰਪ ਨੇ ਇਸ਼ਾਰਾ ਕੀਤਾ ਹੈ ਕਿ ਈਰਾਨ ਦੇ ਵਾਰਤਾਕਾਰ ਅੰਦਰੂਨੀ ਤੌਰ ‘ਤੇ ਬਹੁਤ ਦਬਾਅ ਵਿੱਚ ਹਨ ਕਿਉਂਕਿ ਉਨ੍ਹਾਂ ਦੀ ਆਰਥਿਕਤਾ ਅਤੇ ਫੌਜੀ ਤਾਕਤ ਲਗਾਤਾਰ ਖਤਮ ਹੋ ਰਹੀ ਹੈ। ਟਰੰਪ ਨੇ ਦਾਅਵਾ ਕੀਤਾ ਕਿ ਈਰਾਨ ਕੋਲ ਹੁਣ ਗੱਲਬਾਤ ਦੀ ਮੇਜ਼ ‘ਤੇ ਰੱਖਣ ਲਈ ਕੁਝ ਵੀ ਨਹੀਂ ਬਚਿਆ। ਵਾਸ਼ਿੰਗਟਨ ਦੇ ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਟਰੰਪ ਦਾ ਇਹ ਬਿਆਨ ਈਰਾਨ ਦੇ ਅੰਦਰੂਨੀ ਪ੍ਰਸ਼ਾਸਨ ਵਿੱਚ ਫੁੱਟ ਪਾਉਣ ਦੀ ਇੱਕ ਕੋਸ਼ਿਸ਼ ਵੀ ਹੋ ਸਕਦੀ ਹੈ, ਤਾਂ ਜੋ ਉੱਥੋਂ ਦੀ ਸਰਕਾਰ ਜਲਦੀ ਤੋਂ ਜਲਦੀ ਅਮਰੀਕੀ ਸ਼ਰਤਾਂ ‘ਤੇ ਸਮਝੌਤਾ ਕਰਨ ਲਈ ਮਜਬੂਰ ਹੋ ਜਾਵੇ।
ਇਸ ਖ਼ਬਰ ਦਾ ਇੱਕ ਹੋਰ ਅਹਿਮ ਪਹਿਲੂ ਇਹ ਹੈ ਕਿ ਟਰੰਪ ਨੇ ਨਾਟੋ ਨੂੰ ਇਸ ਜੰਗ ਵਿੱਚ ਸਿੱਧੇ ਤੌਰ ‘ਤੇ ਸ਼ਾਮਲ ਹੋਣ ਲਈ ਵੰਗਾਰਿਆ ਹੈ। ਹੁਣ ਤੱਕ ਨਾਟੋ ਦੇਸ਼ਾਂ ਨੇ ਇਸ ਮਾਮਲੇ ਵਿੱਚ ਕਾਫੀ ਸੰਜਮ ਦਿਖਾਇਆ ਹੈ, ਪਰ ਟਰੰਪ ਦੀ ਸਖਤ ਬਿਆਨਬਾਜ਼ੀ ਤੋਂ ਬਾਅਦ ਯੂਰਪੀ ਦੇਸ਼ਾਂ ‘ਤੇ ਵੀ ਦਬਾਅ ਵਧ ਗਿਆ ਹੈ। ਜੇ ਨਾਟੋ ਦੇਸ਼ ਅਮਰੀਕਾ ਦਾ ਸਾਥ ਦਿੰਦੇ ਹਨ, ਤਾਂ ਇਹ ਸੰਘਰਸ਼ ਸਿਰਫ਼ ਦੋ ਦੇਸ਼ਾਂ ਦੀ ਜੰਗ ਨਹੀਂ ਰਹੇਗਾ, ਸਗੋਂ ਇੱਕ ਵੱਡੇ ਵਿਸ਼ਵ ਸੰਕਟ ਦਾ ਰੂਪ ਲੈ ਸਕਦਾ ਹੈ। ਦੂਜੇ ਪਾਸੇ, ਖਾੜੀ ਦੇਸ਼ਾਂ ਵਿੱਚ ਤਾਇਨਾਤ ਅਮਰੀਕੀ ਸੁਰੱਖਿਆ ਬਲ ਪਹਿਲਾਂ ਹੀ ਹਾਈ ਅਲਰਟ ‘ਤੇ ਹਨ, ਕਿਉਂਕਿ ਈਰਾਨ ਵੱਲੋਂ ਅਮਰੀਕੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਧਮਕੀਆਂ ਲਗਾਤਾਰ ਮਿਲ ਰਹੀਆਂ ਹਨ। ਟਰੰਪ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜੇ ਹੁਣ ਗੱਲਬਾਤ ਸਿਰੇ ਨਾ ਚੜ੍ਹੀ ਤਾਂ ਅਮਰੀਕਾ ਬਿਨਾਂ ਕਿਸੇ ਦੇਰੀ ਦੇ ਵੱਡੀ ਕਾਰਵਾਈ ਕਰੇਗਾ।
ਟਰੰਪ ਨੇ ਨਾਟੋ ਦੇਸ਼ਾਂ ‘ਤੇ ਵੀ ਨਿਸ਼ਾਨਾ ਸੇਧਿਆ ਹੈ। ਉਨ੍ਹਾ ਨੇ ਇਸ ਸੰਘਰਸ਼ ਦੌਰਾਨ ਨਾਟੋ ਦੇਸ਼ਾਂ ਦੀ ਚੁੱਪੀ ਅਤੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਾ ਕਰਨ ਦੀ ਸਖਤ ਨਿੰਦਾ ਕੀਤੀ।
ਟਰੰਪ ਦੇ ਇਸ ਬਿਆਨ ਤੋਂ ਸਪੱਸ਼ਟ ਹੈ ਕਿ ਵਾਸ਼ਿੰਗਟਨ ਹੁਣ ਈਰਾਨ ਪ੍ਰਤੀ ਆਪਣਾ ਰੁਖ਼ ਹੋਰ ਵੀ ਸਖਤ ਕਰਨ ਜਾ ਰਿਹਾ ਹੈ। ਜਿਵੇਂ-ਜਿਵੇਂ ਇਸ ਜੰਗ ਨੂੰ ਇੱਕ ਮਹੀਨਾ ਪੂਰਾ ਹੋਣ ਵਾਲਾ ਹੈ, ਦੋਵਾਂ ਪਾਸਿਆਂ ਤੋਂ ਬਿਆਨਬਾਜ਼ੀ ਤੇਜ਼ ਹੋ ਗਈ ਹੈ ਅਤੇ ਹਾਲਾਤ ਹੋਰ ਵੀ ਨਾਜ਼ੁਕ ਹੁੰਦੇ ਜਾ ਰਹੇ ਹਨ।