ਡੇਢ ਕਰੋੜ ਦਾ ਬੇਹਿਸਾਬਾ ਮਾਲ ਫੜਿਆ : ਚੀਮਾ

0
8

ਚੰਡੀਗੜ੍ਹ (ਗੁਰਜੀਤ ਬਿੱਲਾ, ਸੁਰਜੀਤ ਸੁਮਨ)
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸ਼ੁੱਕਰਵਾਰ ਦੱਸਿਆ ਕਿ ਟੈਕਸੇਸ਼ਨ ਵਿਭਾਗ ਵੱਲੋਂ ਤੰਬਾਕੂ ਟੈਕਸ ਦੀ ਚੋਰੀ ਨੂੰ ਰੋਕਣ ਲਈ ਪੂਰੇ ਪੰਜਾਬ ਵਿੱਚ ਵੱਡੇ ਪੱਧਰ ‘ਤੇ ਚਲਾਈ ਗਈ ਮੁਹਿੰਮ ਦੌਰਾਨ ਲਗਪਗ 1.50 ਕਰੋੜ ਰੁਪਏ ਦੇ ਬਿਨਾਂ ਹਿਸਾਬ-ਕਿਤਾਬ ਵਾਲੇ ਸਾਮਾਨ ਦਾ ਪਤਾ ਲੱਗਿਆ ਹੈ।ਚੀਮਾ ਨੇ ਦੱਸਿਆ ਕਿ ਸਿਗਰਟਾਂ, ਬੀੜੀਆਂ ਅਤੇ ਸੰਬੰਧਤ ਵਸਤੂਆਂ ਵਰਗੇ ਤੰਬਾਕੂ ਉਤਪਾਦਾਂ ‘ਤੇ ਟੈਕਸ ਦਰਾਂ ਵਿੱਚ ਹਾਲ ਹੀ ਵਿੱਚ ਹੋਏ ਵਾਧੇ ਤੋਂ ਬਾਅਦ, ਵਿਭਾਗ ਨੂੰ ਇਸ ਖੇਤਰ ਵਿੱਚ ਟੈਕਸ ਚੋਰੀ ਦੀਆਂ ਗਤੀਵਿਧੀਆਂ ਵਧਣ ਬਾਰੇ ਵਿਸ਼ੇਸ਼ ਸੂਚਨਾਵਾਂ ਮਿਲੀਆਂ ਸਨ। ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਜਲੰਧਰ ਸਥਿਤ ਚਾਰ ਰਾਜ ਜਾਂਚ ਅਤੇ ਰੋਕਥਾਮ ਯੂਨਿਟਾਂ ਦੀਆਂ ਟੀਮਾਂ ਨੂੰ ਲਾਮਬੰਦ ਕੀਤਾ ਗਿਆ ਸੀ। ਇਨ੍ਹਾਂ ਯੂਨਿਟਾਂ ਨੇ ਅੱਠ ਵੱਖ-ਵੱਖ ਥਾਵਾਂ ‘ਤੇ ਇੱਕੋ ਸਮੇਂ ਨਿਰੀਖਣ ਕੀਤਾ। ਲੁਧਿਆਣਾ ਅਤੇ ਅੰਮ੍ਰਿਤਸਰ ਵਿੱਚ ਟੀਮਾਂ ਨੇ ਲੁਕਵੇਂ ਸਟੋਰੇਜ ਟਿਕਾਣਿਆਂ ਅਤੇ ਬਿਨਾਂ ਹਿਸਾਬ ਵਾਲੇ ਸਟਾਕ ਦੇ ਨਿਰੀਖਣ ਦੌਰਾਨ, ਭਾਰੀ ਮਾਤਰਾ ਵਿੱਚ ਸਾਮਾਨ ਬਿਨਾਂ ਯੋਗ ਇਨਵੌਇਸ (ਬਿੱਲ) ਦੇ ਸਟੋਰ ਕੀਤਾ ਅਤੇ ਵੇਚਿਆ ਜਾਂਦਾ ਪਾਇਆ। ਜ਼ਬਤ ਕੀਤੇ ਗਏ ਸਟਾਕ ਵਿੱਚ ਲਗਪਗ 1.32 ਲੱਖ ਪੈਕੇਟ ਭਾਰਤੀ ਸਿਗਰਟਾਂ, 18,472 ਪੈਕੇਟ ਭਾਰਤੀ ਬੀੜੀਆਂ, 302 ਪੈਕੇਟ ਜ਼ਰਦਾ, 13 ਪੈਕਟ ਅਤੇ 95 ਬਾਕਸ ਇੰਪੋਰਟਡ ਸਿਗਰਟਾਂ, 148 ਵਿਦੇਸ਼ੀ ਮੂਲ ਦੇ ਹੁੱਕੇ ਦਾ ਸਾਮਾਨ, 13,000 ਲਾਈਟਰ ਅਤੇ ਕੂਲਿਪ ਦੇ 18 ਪੈਕ ਸ਼ਾਮਲ ਹਨ। ਚੀਮਾ ਨੇ ਕਿਹਾ ਕਿ ਫੜੇ ਗਏ ਸਾਮਾਨ ‘ਤੇ 50 ਲੱਖ ਰੁਪਏ ਤੋਂ ਵੱਧ ਦੀ ਟੈਕਸ ਦੇਣਦਾਰੀ, ਲਾਗੂ ਜੁਰਮਾਨਿਆਂ ਦੇ ਨਾਲ, ਸਖਤੀ ਨਾਲ ਵਸੂਲ ਕੀਤੀ ਜਾਵੇਗੀ। 12 ਲੱਖ ਰੁਪਏ ਦੀ ਰਕਮ ਵਸੂਲ ਕੀਤੀ ਜਾ ਚੁੱਕੀ ਹੈ।