ਜਲੰਧਰ (ਕੇਸਰ)-ਦੇਸ਼ ਭਗਤ ਯਾਦਗਾਰ ਹਾਲ ‘ਚ ਮਨਾਇਆ ਵਿਸ਼ਵ ਰੰਗ ਮੰਚ ਦਿਹਾੜਾ ਵਿਸ਼ਵ ਭਰ ਦੀਆਂ ਜੰਗ ਵਿਰੋਧੀ, ਫਾਸਿਜ਼ਮ ਵਿਰੋਧੀ ਸ਼ਕਤੀਆਂ ਨਾਲ ਕਲਾ, ਕਲਮ ਅਤੇ ਰੰਗ ਮੰਚ ਦੀ ਗਲਵੱਕੜੀ ਪਾਉਣ ਦਾ ਸੁਨੇਹਾ ਦੇਣ ‘ਚ ਸਫ਼ਲ ਰਿਹਾ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੱਦੇ ‘ਤੇ ਵੰਨ-ਸੁਵੰਨੀਆਂ ਰੰਗ ਟੋਲੀਆਂ, ਕਲਾਕਾਰਾਂ, ਚਿੱਤਰਕਾਰਾਂ, ਸਹਿਯੋਗੀ ਸੰਸਥਾਵਾਂ ਅਤੇ ਦੇਸ਼ ਭਗਤ ਯਾਦਗਾਰ ਹਾਲ ਨਾਲ਼ ਜੁੜੇ ਪਰਿਵਾਰਾਂ ਨੇ ਸਮਾਗਮ ਵਿੱਚ ਇੱਕਜੁੱਟ ਹੋ ਕੇ ਆਵਾਜ਼ ਬੁਲੰਦ ਕਰਦਿਆਂ ਅਹਿਦ ਲਿਆ ਕਿ ਰੰਗਕਰਮੀ ਹਮੇਸ਼ਾਂ ਫ਼ਿਰਕੂ ਫਾਸ਼ੀ, ਜੰਗਬਾਜ਼ਾਂ ਖ਼ਿਲਾਫ਼ ਡਟਕੇ ਖੜ੍ਹਨਗੇ।
ਸਮਾਗਮ ‘ਚ ਪ੍ਰੋ. ਵਰਿਆਮ ਸਿੰਘ ਸੰਧੂ ਨੂੰ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਬੱਬਰ ਅਕਾਲੀ ਸੰਗਰਾਮ ਬਾਰੇ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ। ਪ੍ਰੋ. ਵਰਿਆਮ ਸਿੰਘ ਸੰਧੂ ਨੇ ਕਿਹਾ ਕਿ ਜੰਗਬਾਜ਼ਾਂ ਦੇ ਕੈਪਟਨ ਅਮਰੀਕਨ ਸਾਮਰਾਜ ਵੱਲੋਂ ਵੱਖ-ਵੱਖ ਮੁਲਕਾਂ ਨੂੰ ਡਰਾਉਣ, ਧਮਕਾਉਣ, ਨਿਹੱਕੀ ਜੰਗ ਦੀ ਭੱਠੀ ਵਿੱਚ ਝੋਕਣ ਖ਼ਿਲਾਫ਼ ਦੁਨੀਆਂ ਭਰ ਦੇ ਲੋਕਾਂ ਵੱਲੋਂ ਵਿਰੋਧ ਦਾ ਇਜ਼ਹਾਰ ਇੱਕ ਸੁਲੱਖਣਾ ਵਰਤਾਰਾ ਹੈ। ਉਹਨਾਂ ਕਿਹਾ ਕਿ ਕਲਮ, ਕਲਾ ਅਤੇ ਹੱਕਾਂ ਲਈ ਜੂਝਦੇ ਕਾਫ਼ਲਿਆਂ ਦੀ ਪ੍ਰਸਪਰ ਸਾਂਝ ਅਤੇ ਆਪੋ ਆਪਣੀ ਕਰਮਭੂਮੀ ਲਈ ਵਿਸ਼ੇਸ਼ ਭੂਮਿਕਾ ਦੀ ਮਹੱਤਤਾ ਨੂੰ ਸਮਝਕੇ ਤੁਰਨਾ ਸਮੇਂ ਦੀ ਲੋੜ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਵਿਸ਼ਵ ਰੰਗਮੰਚ ਦਿਹਾੜੇ ਮੌਕੇ ਇਸ ਵਾਰ ਹਾਲੀਵੁੱਡ ਦੇ ਨਾਮਵਰ ਅਦਾਕਾਰ ਵਿਲੀਅਮ ਜੇਮਜ਼ ਡੇਫੀਓ (ਯੂ.ਐਸ.ਏ.) ਦਾ ਕੌਮਾਂਤਰੀ ਸੁਨੇਹਾ ਸਾਂਝਾ ਕਰਦਿਆਂ ਦੱਸਿਆ ਕਿ,’ਦੁਨੀਆਂ ਵਿੱਚ ਰੰਗ ਮੰਚ ਦੀ ਵਿਧਾ ਦਾ ਕੋਈ ਬਦਲ ਨਹੀਂ। ਇਹ ਵਿਧਾ ਬੇਹੱਦ ਕਾਰਗਰ ਹੈ। ਨਵੀਂ ਤਕਨਾਲੋਜੀ ਭਾਵੇਂ ਅੰਬਰਾਂ ਨੂੰ ਛੋਹ ਜਾਏ ਉਹ ਕਦੇ ਵੀ ਰੰਗ ਮੰਚ ਦੀ ਥਾਂ ਨਹੀਂ ਲੈ ਸਕਦੀ। ਸਮਾਗਮ ‘ਚ ਨਵਚਿੰਤਨ ਕਲਾ ਮੰਚ ਬਿਆਸ ਵੱਲੋਂ ਕਰਾਂਤੀਪਾਲ ਦੀ ਨਿਰਦੇਸ਼ਨਾ ਅਤੇ ਪ੍ਰਿਤਪਾਲ ਦੀ ਸਹਿ ਨਿਰਦੇਸ਼ਨਾ ‘ਚ ਗੁਰਸ਼ਰਨ ਭਾਅ ਜੀ ਦਾ ਲਿਖਿਆ ਨਾਟਕ ‘ਸੀਸ ਤਲੀ ‘ਤੇ’ ਪੇਸ਼ ਕੀਤਾ ਗਿਆ। ਨਾਟਕ ਆਪਣੇ ਆਪ ‘ਚ ਤਿੱਖੀਆਂ ਟਕੋਰਾਂ ਕਰ ਗਿਆ ਕਿ ਬੱਬਰ ਅਕਾਲੀ ਲਹਿਰ ਮੌਕੇ ਬਾਹਰੋਂ ਆਈਆਂ ਕੰਪਨੀਆਂ ਵੱਲੋਂ ਸਾਡੇ ਲੋਕਾਂ ਦੀ ਕੀਤੀ ਜਾ ਰਹੀ ਲੁੱਟ ਖ਼ਿਲਾਫ਼ ਉਠੀ ਬਬਰ ਲਹਿਰ ਅੱਜ ਵੀ ਪ੍ਰਸੰਗਕ ਹੈ। ਖੇਤੀ, ਸਨਅਤ, ਸਿੱਖਿਆ, ਜੰਗਲ, ਜਲ, ਜ਼ਮੀਨ, ਰੁਜ਼ਗਾਰ ਆਦਿ ਖੇਤਰ ਉਪਰ ਕਾਰਪੋਰੇਟ ਘਰਾਣਿਆਂ ਦੀਆਂ ਕੰਪਨੀਆਂ ਜੱਫ਼ੇ ਮਾਰ ਰਹੀਆਂ ਨੇ ਤਾਂ 100 ਵਰ੍ਹੇ ਬਾਅਦ ਲੋਕਾਂ ਦੇ ਸਿਰ ਚੜ੍ਹ ਬੋਲਦੀਆਂ ਚੁਣੌਤੀਆਂ ਸਰ ਕਰਨ ਲਈ ਬੱਬਰ ਅਕਾਲੀ ਲਹਿਰ ਪ੍ਰੇਰਨਾਦਾਇਕ ਹੈ।
‘ਮੋਇਆਂ ਦੇ ਖ਼ਤ’ ਵਿਸ਼ਵ ਪ੍ਰਸਿੱਧ ਰਚਨਾ ‘ਤੇ ਅਧਾਰਤ ਦੋ ਲਘੂ ਨਾਟਕ ਅਰੂਸ਼ੀ ਅਤੇ ਐਸ.ਪੀ. ਸਿੰਘ ਨੇ ਬਾਖ਼ੂਬੀ ਪੇਸ਼ ਕੀਤੇ। ਇਹ ਨਾਟਕ ਸਟਾਈਲ ਆਰਟਸ ਐਸੋਸੀਏਸ਼ਨ ਵੱਲੋਂ ਨੀਰਜ ਕੌਸ਼ਿਕ ਦੀ ਨਿਰਦੇਸ਼ਨਾ ‘ਚ ਤਿਆਰ ਕੀਤੇ ਗਏ।
ਸਮਾਗਮ ‘ਚ ਵਿਸ਼ੇਸ਼ ਖਿੱਚ ਦਾ ਕੇਂਦਰ ਸੀ ਇੰਦਰਜੀਤ ਆਰਟਿਸਟ ਜਲੰਧਰ ਵੱਲੋਂ ਲਗਾਈ ਫੋਟੋ ਪ੍ਰਦਰਸ਼ਨੀ। ਜਿਸ ਵਿੱਚ ਦੇਸ਼ ਭਗਤ ਯਾਦਗਾਰ ਕਮੇਟੀ ਅਤੇ ਪੀਪਲਜ਼ ਵਾਇਸ ਡਾ. ਸੈਲੇਸ਼ ਵੱਲੋਂ ਵੀ ਤਸਵੀਰਾਂ ਲਾਈਆਂ ਗਈਆਂ। ਫੋਟੋ ਪ੍ਰਦਰਸ਼ਨੀ ਨੇ ਜੰਗ, ਫ਼ਿਰਕਾਪ੍ਰਸਤੀ ਅਤੇ ਫਾਸ਼ੀਵਾਦ ਦੇ ਖ਼ਿਲਾਫ਼ ਅਤੇ ਜਮਹੂਰੀ ਹੱਕਾਂ ਦੀ ਰਾਖੀ ਲਈ ਮਿਲਕੇ ਜੂਝਣ ਦਾ ਪੈਗ਼ਾਮ ਦਿੱਤਾ।
ਜਲ੍ਹਿਆਂ ਵਾਲਾ ਬਾਗ਼, ਬਬਰ ਲਹਿਰ, ਕਾਕੋਰੀ ਕਾਂਡ, ਜਮਹੂਰੀ ਹੱਕਾਂ ‘ਤੇ ਵਾਰ ਆਦਿ ਬਾਰੇ ਪੰਜਾਬ ਦੇ ਨਾਮਵਰ ਕਵੀਆਂ ਦੀ ਕਾਵਿ ਪਰਦਰਸ਼ਨੀ ਨੇ ਲੋਕਾਂ ਉਪਰ ਅਮਿੱਟ ਪ੍ਰਭਾਵ ਪਾਇਆ। ਸਮਾਗਮ ‘ਚ ਜੀ.ਐੱਨ.ਏ. ਯੂਨੀਵਰਸਿਟੀ, ਫਗਵਾੜਾ ਦੇ ਪ੍ਰੋ. ਰਵੀ ਦੀ ਅਗਵਾਈ ‘ਚ ਵੱਡੀ ਗਿਣਤੀ ਵਿੱਚ ਆਏ ਵਿਦਿਆਰਥੀਆਂ ਤੋਂ ਇਲਾਵਾ ਉੱਘੇ ਪੱਤਰਕਾਰ ਸਤਨਾਮ ਸਿੰਘ ਮਾਣਕ, ਪਰਮਜੀਤ ਸਿੰਘ ਵਿਰਕ, ਜਸਪ੍ਰੀਤ ਸਿੰਘ ਸੈਣੀ, ਕਵਿਤਰੀ ਬਲਜੀਤ ਕੌਰ ਬੱਲ, ਰੰਗ ਕਰਮੀ ਬਖ਼ਸ਼ ਸੰਘਾ ਐਡਮਿੰਟਨ (ਕਨੇਡਾ) ਤੋਂ ਇਲਾਵਾ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਅਤੇ ਦਰਜਨਾਂ ਕਲਾ ਪ੍ਰੇਮੀ ਹਾਜ਼ਰ ਸਨ।
ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਧੰਨਵਾਦ ਦੇ ਸ਼ਬਦ ਕਹਿੰਦਿਆਂ ਲੋਕਾਂ ਨੂੰ ਵਿਸ਼ਵਾਸ਼ ਦੁਆਇਆ ਕਿ ਸਭਿਆਚਾਰਕ ਸਰਗਰਮੀਆਂ ਹਰ ਮਹੀਨੇ ਜਾਰੀ ਰਹਿਣਗੀਆਂ। ਸਮਾਗਮ ਦਾ ਮੰਚ ਸੰਚਾਲਨ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕੀਤਾ।




