ਨਵੀਂ ਦਿੱਲੀ : ‘ਦਿ ਲੈਂਸੇਟ ਓਬਸਟੈਟ੍ਰਿਕਸ, ਗਾਇਨੀਕੋਲੋਜੀ ਐਂਡ ਵੂਮੈਨਜ਼ ਹੈੱਲਥ’ ਜਰਨਲ ਵਿੱਚ ਪ੍ਰਕਾਸ਼ਤ ਇੱਕ ਨਵੇਂ ਵਿਸ਼ਵ ਪੱਧਰੀ ਵਿਸ਼ਲੇਸ਼ਣ ਅਨੁਸਾਰ ਭਾਰਤ 2023 ਵਿੱਚ 24,700 ਜਣੇਪਾ ਮੌਤਾਂ ਦੇ ਨਾਲ ਦੱਖਣੀ ਏਸ਼ੀਆ ਅਤੇ ਉਪ-ਸਹਾਰਾ ਅਫਰੀਕਾ ਦੇ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਲ ਸੀ, ਜਿੱਥੇ ਜਣੇਪਾ ਮੌਤਾਂ ਦੀ ਗਿਣਤੀ ਸਭ ਤੋਂ ਵੱਧ ਸੀ। ਇਹ ਗਿਣਤੀ ਪ੍ਰਤੀ ਇੱਕ ਲੱਖ ਜੀਵਤ ਜਨਮਾਂ ਪਿੱਛੇ 116 ਦੀ ਮੌਤ ਦਰ (ਮੈਟਰਨਲ ਮੋਰਟੈਲਿਟੀ ਰੇਸ਼ੋ) ਦੇ ਬਰਾਬਰ ਹੈ। ਅੰਦਾਜ਼ੇ ਦੱਸਦੇ ਹਨ ਕਿ ਉਸੇ ਸਾਲ ਪਾਕਿਸਤਾਨ ਵਿੱਚ ਕੁੱਲ 10,300 ਜਣੇਪਾ ਮੌਤਾਂ ਹੋਈਆਂ, ਜਦੋਂ ਕਿ ਅਫਰੀਕੀ ਦੇਸ਼ਾਂ ਇਥੋਪੀਆ ਅਤੇ ਨਾਇਜੀਰੀਆ ਵਿੱਚ ਕ੍ਰਮਵਾਰ 11,900 ਅਤੇ 32,900 ਜਣੇਪਾ ਮੌਤਾਂ ਹੋਈਆਂ। ਵਾਸ਼ਿੰਗਟਨ ਯੂਨੀਵਰਸਿਟੀ ਦੇ ਇੰਸਟੀਚਿਊਟ ਫਾਰ ਹੈੱਲਥ ਮੈਟ੍ਰਿਕਸ ਐਂਡ ਇਵੈਲੂਏਸ਼ਨ ਦੇ ਖੋਜਕਰਤਾਵਾਂ ਅਤੇ ਵਿਸ਼ਵਵਿਆਪੀ ਸਹਿਯੋਗੀਆਂ ਦੀ ਅਗਵਾਈ ਵਾਲੀ ਟੀਮ ਨੇ ਨੋਟ ਕੀਤਾ ਕਿ ਹਾਲਾਂਕਿ ਪਿਛਲੇ ਤਿੰਨ ਦਹਾਕਿਆਂ ਵਿੱਚ ਜਣੇਪਾ ਮੌਤਾਂ ਵਿੱਚ ਕਮੀ ਆਈ ਹੈ, ਪਰ ਹਾਲ ਹੀ ਦੇ ਸਾਲਾਂ ਵਿੱਚ ਰਫਤਾਰ ਮੱਠੀ ਪੈ ਗਈ ਹੈ ਅਤੇ ਵੱਖ-ਵੱਖ ਦੇਸ਼ਾਂ ਵਿੱਚ ਅਸਮਾਨ ਰਹੀ ਹੈ।
ਖੋਜਕਰਤਾਵਾਂ ਨੇ ਅੰਦਾਜ਼ਾ ਲਗਾਇਆ ਹੈ ਕਿ ਦੁਨੀਆ ਨੇ 2023 ਵਿੱਚ ਕੁੱਲ 2.4 ਲੱਖ ਜਣੇਪਾ ਮੌਤਾਂ ਦੇਖੀਆਂ। ਟੀਮ ਨੇ ਕਿਹਾ ਕਿ 204 ਦੇਸ਼ਾਂ ਅਤੇ ਖੇਤਰਾਂ ਵਿੱਚੋਂ 104 ਨੇ ਅਜੇ ਤੱਕ ਪ੍ਰਤੀ ਇੱਕ ਲੱਖ ਜੀਵਤ ਜਨਮਾਂ ਪਿੱਛੇ 70 ਤੋਂ ਘੱਟ ਜੱਚਾ ਦੀ ਮੌਤ ਦਰ ਦੇ ਟਿਕਾਊ ਵਿਕਾਸ ਟੀਚੇ ਨੂੰ ਪੂਰਾ ਕਰਨਾ ਹੈ, ਦੋਂ ਕਿ ਜਣੇਪਾ ਮੌਤਾਂ ਦੇ ਮੁੱਖ ਕਾਰਨ ਸਥਾਨ ਦੇ ਅਨੁਸਾਰ ਵੱਖੋ-ਵੱਖਰੇ ਪਾਏ ਗਏ, ਪਰ ਵਿਸ਼ਵ ਪੱਧਰ ‘ਤੇ ਮੌਤਾਂ ਦੇ ਸਭ ਤੋਂ ਵੱਡੇ ਹਿੱਸੇ ਲਈ ‘ਮੈਟਰਨਲ ਹੈਮਰੇਜ’ (ਖੂਨ ਦਾ ਜ਼ਿਆਦਾ ਵਗਣਾ) ਅਤੇ ਗਰਭ ਅਵਸਥਾ ਦੇ ਹਾਈਪਰਟੈਂਸਿਵ ਵਿਕਾਰ ਜ਼ਿੰਮੇਵਾਰ ਸਨ। ਖੋਜਕਰਤਾਵਾਂ ਨੇ ਕਿਹਾ ਕਿ ਜਣੇਪੇ ਤੋਂ ਪਹਿਲਾਂ ਦੀ ਦੇਖਭਾਲ, ਸੁਰੱਖਿਅਤ ਜਣੇਪਾ ਸੇਵਾਵਾਂ, ਐਮਰਜੈਂਸੀ ਪ੍ਰਸੂਤਾ ਦੇਖਭਾਲ ਅਤੇ ਜਣੇਪੇ ਤੋਂ ਬਾਅਦ ਦੀ ਫਾਲੋ-ਅੱਪ ਤੱਕ ਬਿਹਤਰ ਪਹੁੰਚ ਮੌਤ ਦਰ ਨੂੰ ਕਾਫੀ ਹੱਦ ਤੱਕ ਘਟਾ ਸਕਦੀ ਹੈ, ਖਾਸ ਕਰਕੇ ਉਨ੍ਹਾਂ ਦੇਸ਼ਾਂ ਵਿੱਚ ਜਿੱਥੇ ਬੋਝ ਸਭ ਤੋਂ ਵੱਧ ਹੈ।
ਕੋਵਿਡ-19 ਦੀ ਲਾਗ ਕਾਰਨ ਵੀ ਮਹਾਂਮਾਰੀ ਦੇ ਸ਼ੁਰੂ ਵਿੱਚ ਜਣੇਪਾ ਮੌਤ ਦਰ ਵਿੱਚ ਵਾਧਾ ਹੋਇਆ ਸੀ।


