ਮੋਦੀ ‘ਚ ਦੋਸਤ ਨੇਤਨਯਾਹੂ ਅੱਗੇ ਬੋਲਣ ਦੀ ਹਿੰਮਤ ਨਹੀਂ : ਕਾਂਗਰਸ

0
9

ਨਵੀਂ ਦਿੱਲੀ : ਕਾਂਗਰਸ ਨੇ ਸਨਿੱਚਰਵਾਰ ਦਾਅਵਾ ਕੀਤਾ ਕਿ ਇਜ਼ਰਾਈਲ ਪੱਛਮੀ ਏਸ਼ੀਆ ਦੀ ਜੰਗ ਦੀ ਆੜ ਵਿੱਚ ਆਪਣੇ ‘ਗ੍ਰੇਟਰ ਇਜ਼ਰਾਈਲ’ ਦੇ ਵਿਜ਼ਨ ‘ਤੇ ਅੱਗੇ ਵਧ ਰਿਹਾ ਹੈ, ਜਿਸ ਨਾਲ ਫਲਸਤੀਨੀ ਰਾਜ ਦੀ ਕਿਸੇ ਵੀ ਉਮੀਦ ਨੂੰ ਖਤਮ ਕੀਤਾ ਜਾ ਰਿਹਾ ਹੈ। ਪਾਰਟੀ ਨੇ ਪੱਛਮੀ ਕੰਢੇ ਵਿੱਚ ਇਜ਼ਰਾਈਲ ਦੀਆਂ ਕਾਰਵਾਈਆਂ ਵਿਰੁੱਧ ਆਵਾਜ਼ ਨਾ ਉਠਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਖਤ ਨਿੰਦਾ ਕੀਤੀ ਹੈ।
ਕਾਂਗਰਸ ਦੇ ਜਨਰਲ ਸਕੱਤਰ (ਸੰਚਾਰ) ਜੈਰਾਮ ਰਮੇਸ਼ ਨੇ ਐੱਕਸ ‘ਤੇ ਲਿਖਿਆ, ‘ਪਿਛਲੇ ਚਾਰ ਹਫਤਿਆਂ ਵਿੱਚ, ਜਦੋਂ ਕਿ ਦੁਨੀਆ ਦੀ ਨਜ਼ਰ ਹਾਰਮੁਜ਼ ਜਲਡਮਰੂ ਅਤੇ ਖਾੜੀ ਦੇਸ਼ਾਂ ਦੇ ਊਰਜਾ ਬੁਨਿਆਦੀ ਢਾਂਚੇ ‘ਤੇ ਟਿਕੀ ਹੋਈ ਹੈ, ਇਜ਼ਰਾਈਲ ਨੇ ਗਾਜ਼ਾ ਦੇ ਲੋਕਾਂ ‘ਤੇ ਆਪਣੀ ਬੇਰਹਿਮੀ ਜਾਰੀ ਰੱਖੀ ਹੋਈ ਹੈ, ਦੱਖਣੀ ਲਿਬਨਾਨ ਵਿੱਚ ਆਪਣੇ ਲਈ ਇੱਕ ਵੱਡਾ ਬਫਰ ਜ਼ੋਨ ਬਣਾਉਣ ਲਈ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਪੱਛਮੀ ਕੰਢੇ ਦੇ ਆਪਣੇ ਕਬਜ਼ੇ ਨੂੰ ਪੱਕੇ ਕਬਜ਼ੇ ਵਿੱਚ ਬਦਲਣ ਲਈ ਨਿਰਣਾਇਕ ਕਦਮ ਚੁੱਕੇ ਹਨ।’
ਉਨ੍ਹਾ ਕਿਹਾ ਕਿ ਮੌਜੂਦਾ ਪੱਛਮੀ ਏਸ਼ੀਆ ਜੰਗ ਇਜ਼ਰਾਈਲ ਨੂੰ ਗ੍ਰੇਟਰ ਇਜ਼ਰਾਈਲ ਦੇ ਆਪਣੇ ਵਿਜ਼ਨ ‘ਤੇ ਅੱਗੇ ਵਧਣ ਲਈ ਓਹਲਾ ਪ੍ਰਦਾਨ ਕਰ ਰਹੀ ਹੈ ਅਤੇ ਫਲਸਤੀਨੀ ਰਾਜ ਦੀ ਕਿਸੇ ਵੀ ਉਮੀਦ ਨੂੰ ਵੀ ਖਤਮ ਕਰ ਰਹੀ ਹੈ। ਰਮੇਸ਼ ਨੇ ਕਿਹਾ, ‘ਈਰਾਨ ‘ਤੇ ਅਮਰੀਕਾ-ਇਜ਼ਰਾਈਲ ਦੀ ਬੰਬਾਰੀ ਮੋਦੀ ਦੇ ਇਜ਼ਰਾਈਲ ਛੱਡਣ ਦੇ ਸਿਰਫ ਦੋ ਦਿਨ ਬਾਅਦ ਸ਼ੁਰੂ ਹੋਈ ਸੀ। ਜੋ ਗੱਲ ਸਮਝ ਨਹੀਂ ਆ ਰਹੀ ਉਹ ਇਹ ਹੈ ਕਿ ਉਨ੍ਹਾ ਦੇ ਉੱਥੇ ਪਹੁੰਚਣ ਤੋਂ ਕੁਝ ਦਿਨ ਪਹਿਲਾਂ ਹੀ ਇਜ਼ਰਾਈਲੀ ਕੈਬਨਿਟ ਨੇ 1967 ਤੋਂ ਬਾਅਦ ਪਹਿਲੀ ਵਾਰ ਕਬਜ਼ੇ ਵਾਲੇ ਪੱਛਮੀ ਕੰਢੇ ਦੇ ਲਗਭਗ ਅੱਧੇ ਹਿੱਸੇ ਵਿੱਚ ਜ਼ਮੀਨ ਰਜਿਸਟ੍ਰੇਸ਼ਨ ਨੂੰ ਮਨਜ਼ੂਰੀ ਦਿੱਤੀ ਸੀ। ਇਸ ਨਾਲ ਲੱਖਾਂ ਫਲਸਤੀਨੀਆਂ ਦੀ ਬੇਦਖਲੀ ਹੋਵੇਗੀ, ਪਰ ਮੋਦੀ ਵਿੱਚ ਆਪਣੇ ਚੰਗੇ ਦੋਸਤ ਬੈਂਜਾਮਿਨ ਨੇਤਨਯਾਹੂ ਦੇ ਸਾਹਮਣੇ ਆਵਾਜ਼ ਉਠਾਉਣ ਅਤੇ ਸੱਚ ਬੋਲਣ ਦੀ ਹਿੰਮਤ ਨਹੀਂ ਹੈ।’ ਕਾਂਗਰਸ ਨੇ ਪਿਛਲੇ ਮਹੀਨੇ ਪ੍ਰਧਾਨ ਮੰਤਰੀ ਮੋਦੀ ਦੀ ਇਜ਼ਰਾਈਲ ਯਾਤਰਾ ਦੀ ਵੀ ਸਖ਼ਤ ਆਲੋਚਨਾ ਕੀਤੀ ਸੀ, ਕਿਉਂਕਿ ਉਹ ਦੇਸ਼ ਗਾਜ਼ਾ ਵਿੱਚ ਨਾਗਰਿਕਾਂ ‘ਤੇ ਬੇਰਹਿਮੀ ਨਾਲ ਹਮਲੇ ਜਾਰੀ ਰੱਖ ਰਿਹਾ ਸੀ।
ਰਮੇਸ਼ ਨੇ ਕਿਹਾ ਕਿ ਮੋਦੀ ਸਰਕਾਰ ਨੇ ਫਲਸਤੀਨੀਆਂ ਦੇ ਮਕਸਦ ਪ੍ਰਤੀ ਆਪਣੀ ਵਚਨਬੱਧਤਾ ‘ਤੇ ਸਿਰਫ ਸਿਆਸੀ ਅਤੇ ਪਖੰਡ ਭਰੇ ਬਿਆਨ ਦਿੱਤੇ ਹਨ, ਪਰ ਅਸਲ ਵਿੱਚ ਉਨ੍ਹਾਂ ਨੂੰ ਬੇਸਹਾਰਾ ਛੱਡ ਦਿੱਤਾ ਹੈ। ਰਮੇਸ਼ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਕਬਜ਼ੇ ਵਾਲੇ ਪੱਛਮੀ ਕੰਢੇ ਵਿੱਚ ਹਜ਼ਾਰਾਂ ਫਲਸਤੀਨੀਆਂ ਦੀ ਬੇਦਖਲੀ ਅਤੇ ਉਜਾੜਾ ਤੇਜ਼ ਹੋ ਗਿਆ ਹੈ ਅਤੇ ਦੁਨੀਆ ਭਰ ਵਿੱਚ ਇਸ ਦੀ ਨਿੰਦਾ ਹੋ ਰਹੀ ਹੈ।