ਰੋਹਤਕ : ਪੰਜਾਬ ਦੇ ਇੱਕ ਦਿਹਾੜੀਦਾਰ ਮਜ਼ਦੂਰ ਜੋੜੇ ਨੇ ਆਪਣੇ ਤਿੰਨ ਦਿਨਾਂ ਦੇ ਪੁੱਤਰ ਨੂੰ ਇੱਕ ਅੰਤਰਰਾਜੀ ਬੱਚਾ ਤਸਕਰੀ ਕਰਨ ਵਾਲੇ ਗਰੋਹ ਨੂੰ ਇਸ ਵਿਸ਼ਵਾਸ ਨਾਲ ਵੇਚ ਦਿੱਤਾ ਕਿ ਗੋਦ ਲੈਣ ਵਾਲਾ ਪਰਵਾਰ ਉਸ ਨੂੰ ਬਿਹਤਰ ਭਵਿੱਖ ਦੇਵੇਗਾ, ਕਿਉਂਕਿ ਉਹ ਪਹਿਲਾਂ ਹੀ ਦੋ ਬੱਚਿਆਂ ਦੀ ਪਰਵਰਿਸ਼ ਕਰਦੇ ਹੋਏ ਤੀਜੇ ਬੱਚੇ ਦੀ ਦੇਖਭਾਲ ਕਰਨ ਵਿੱਚ ਅਸਮਰੱਥ ਸਨ।
ਇਸ ਗੈਰ-ਕਾਨੂੰਨੀ ਵਪਾਰ ਬਾਰੇ ਬਹਾਦਰਗੜ੍ਹ ਪੁਲਸ ਵੱਲੋਂ ਕੀਤੀ ਜਾ ਰਹੀ ਜਾਂਚ ਦੌਰਾਨ ਇਹ ਖੁਲਾਸਾ ਹੋਇਆ ਹੈ। ਇੱਕ ਹਫਤਾ ਪਹਿਲਾਂ ਬਹਾਦਰਗੜ੍ਹ (ਝੱਜਰ) ਵਿੱਚ ਪੁਲਸ ਨੇ ਇੱਕ ਨਵਜੰਮੇ ਬੱਚੇ ਨੂੰ ਛੁਡਵਾਇਆ ਸੀ, ਜਿਸ ਤੋਂ ਬਾਅਦ ਪੰਜਾਬ ਤੋਂ ਮਹਾਰਾਸ਼ਟਰ ਤੱਕ ਫੈਲੇ ਦਸ ਤੋਂ ਵੱਧ ਰਾਜਾਂ ਦੇ ਤਸਕਰੀ ਨੈੱਟਵਰਕ ਦਾ ਪਰਦਾ ਫਾਸ਼ ਹੋਇਆ ਹੈ। ਬਹਾਦਰਗੜ੍ਹ ਦੇ ਡਿਪਟੀ ਕਮਿਸ਼ਨਰ ਆਫ ਪੁਲਸ ਮਯੰਕ ਮਿਸ਼ਰਾ ਨੇ ਦੱਸਿਆ ਕਿ ਫਰੀਦਕੋਟ ਦੇ ਰਹਿਣ ਵਾਲੇ ਇਸ ਜੋੜੇ ਦੇ ਪਹਿਲਾਂ ਹੀ 15 ਅਤੇ 9 ਸਾਲ ਦੇ ਦੋ ਬੱਚੇ ਹਨ। ਉਹ ਬੜੀ ਮੁਸ਼ਕਲ ਨਾਲ ਗੁਜ਼ਾਰਾ ਕਰਦੇ ਹਨ ਅਤੇ ਆਪਣੇ ਬੱਚਿਆਂ ਲਈ ਬੁਨਿਆਦੀ ਲੋੜਾਂ ਪੂਰੀਆਂ ਕਰਨ ਲਈ ਵੀ ਸੰਘਰਸ਼ ਕਰ ਰਹੇ ਹਨ। ਤੀਜਾ ਬੱਚਾ ਅਣਚਾਹਿਆ ਸੀ। ਦਿਲਚਸਪ ਗੱਲ ਇਹ ਹੈ ਕਿ ਉਨ੍ਹਾਂ ਗਰਭਪਾਤ ਬਾਰੇ ਵੀ ਸੋਚਿਆ ਸੀ, ਪਰ ਡਾਕਟਰਾਂ ਨੇ ਮਨ੍ਹਾ ਕਰ ਦਿੱਤਾ, ਕਿਉਂਕਿ ਸਮਾਂ-ਸੀਮਾ ਲੰਘ ਚੁੱਕੀ ਸੀ। ਜੋੜੇ ਨੇ ਆਪਣੀ ਮਜਬੂਰੀ ਇੱਕ ਸਥਾਨਕ ਜਾਣਕਾਰ ਨਾਲ ਸਾਂਝੀ ਕੀਤੀ, ਜਿਸ ਨੇ ਉਨ੍ਹਾਂ ਨੂੰ ਬੱਚਾ ਵੇਚਣ ਲਈ ਉਕਸਾਇਆ ਅਤੇ ਦਾਅਵਾ ਕੀਤਾ ਕਿ ਉਸ ਦੇ ਸੰਪਰਕ ਅਜਿਹੇ ਗਰੁੱਪ ਨਾਲ ਹਨ, ਜੋ ਗੋਦ ਲੈਣ ਦਾ ਕੰਮ ਕਰਦਾ ਹੈ। ਉਸ ਨੇ ਇਹ ਵੀ ਭਰੋਸਾ ਦਿੱਤਾ ਕਿ ਬੱਚੇ ਦੇ ਬਦਲੇ ਗੋਦ ਲੈਣ ਵਾਲੇ ਪਰਵਾਰ ਵੱਲੋਂ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਮਾਪੇ ਅਨਪੜ੍ਹ ਸਨ ਅਤੇ ਇਸ ਗੱਲ ਤੋਂ ਅਣਜਾਣ ਸਨ ਕਿ ਜਿਨ੍ਹਾਂ ਲੋਕਾਂ ਨਾਲ ਉਹ ਸੰਪਰਕ ਵਿੱਚ ਸਨ, ਉਹ ਬੱਚਾ ਤਸਕਰੀ ਕਰਨ ਵਾਲੇ ਗਰੋਹ ਦਾ ਹਿੱਸਾ ਹਨ। ਗਰੋਹ ਦੇ ਮੈਂਬਰ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਜੋੜੇ ਦੇ ਸੰਪਰਕ ਵਿੱਚ ਸਨ। ਫਰੀਦਕੋਟ ਦੇ ਇੱਕ ਹਸਪਤਾਲ ਵਿੱਚ ਜਨਮ ਤੋਂ ਤਿੰਨ ਦਿਨ ਬਾਅਦ ਗਰੋਹ ਨੇ ਬੱਚੇ ਨੂੰ 2.25 ਲੱਖ ਰੁਪਏ ਵਿੱਚ ਲੈ ਲਿਆ। ਇਸ ਬੱਚੇ ਨੂੰ ਅੱਗੇ 9.25 ਲੱਖ ਰੁਪਏ ਵਿੱਚ ਦਿੱਲੀ ਦੇ ਇੱਕ ਪਰਵਾਰ ਨੂੰ ਵੇਚਿਆ ਜਾਣਾ ਸੀ, ਜੋ 31 ਮਾਰਚ ਨੂੰ ਬਹਾਦਰਗੜ੍ਹ ਪਹੁੰਚਣ ਵਾਲਾ ਸੀ, ਪਰ ਪੁਲਸ ਨੇ ਇਸ ਤੋਂ ਪਹਿਲਾਂ ਹੀ ਪੰਜਾਬ ਦੀ ਇੱਕ ਔਰਤ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਲਿਆ। ਡੀ ਸੀ ਪੀ ਅਨੁਸਾਰ ਜਾਂਚ ਜਾਰੀ ਹੈ ਅਤੇ ਹੁਣ ਤੱਕ ਪੰਜਾਬ, ਯੂ ਪੀ, ਛੱਤੀਸਗੜ੍ਹ ਅਤੇ ਦਿੱਲੀ ਤੋਂ ਸੱਤ ਵਿਅਕਤੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਹੋਰਨਾਂ ਦੀ ਭਾਲ ਲਈ ਵੱਖ-ਵੱਖ ਰਾਜਾਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।


