ਪਾਕਿਸਤਾਨ ਦੀ ਅਪੀਲ ‘ਤੇ ਟਰੰਪ ਵੱਲੋਂ ਜੰਗਬੰਦੀ ਦਾ ਐਲਾਨ

0
9

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਦੇਰ ਰਾਤ ਈਰਾਨ ‘ਤੇ ਵਿਨਾਸ਼ਕਾਰੀ ਹਮਲੇ ਕਰਨ ਦੀਆਂ ਆਪਣੀਆਂ ਧਮਕੀਆਂ ਵਾਪਸ ਲੈ ਲਈਆਂ। ਅਮਰੀਕਾ ਅਤੇ ਈਰਾਨ ਦੋ ਹਫਤਿਆਂ ਦੀ ਜੰਗਬੰਦੀ ਲਈ ਸਹਿਮਤ ਹੋ ਗਏ ਹਨ, ਜਿਸ ਵਿੱਚ ਹਾਰਮੁਜ਼ ਜਲਮਾਰਗ ਨੂੰ ਮੁੜ ਖੋਲ੍ਹਣਾ ਵੀ ਸ਼ਾਮਲ ਹੈ।
ਟਰੰਪ ਨੇ ਈਰਾਨ ਨੂੰ ਦਿੱਤੀ ਗਈ ਡੈੱਡਲਾਈਨ ਖਤਮ ਹੋਣ ਤੋਂ ਦੋ ਘੰਟੇ ਪਹਿਲਾਂ ਜੰਗ ਨੂੰ ਰੋਕਣ ਦਾ ਫੈਸਲਾ ਕੀਤਾ। ਈਰਾਨ ਦੀ ਸੁਪਰੀਮ ਨੈਸ਼ਨਲ ਸਕਿਉਰਿਟੀ ਕੌਂਸਲ ਨੇ ਜੰਗਬੰਦੀ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਉਹ ਸ਼ੁੱਕਰਵਾਰ ਤੋਂ ਪਾਕਿਸਤਾਨ ਵਿੱਚ ਅਮਰੀਕਾ ਨਾਲ ਗੱਲਬਾਤ ਸ਼ੁਰੂ ਕਰੇਗੀ। ਹਾਲਾਂਕਿ, ਬੁੱਧਵਾਰ ਸਵੇਰੇ ਵੀ ਇਜ਼ਰਾਈਲ, ਈਰਾਨ ਅਤੇ ਖਾੜੀ ਖੇਤਰ ਵਿੱਚ ਹਮਲੇ ਜਾਰੀ ਰਹੇ।
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲ ਇਸ ਜੰਗਬੰਦੀ ਦਾ ਸਮਰਥਨ ਕਰਦਾ ਹੈ, ਪਰ ਇਹ ਸਮਝੌਤਾ ਲਿਬਨਾਨ ਵਿੱਚ ਹਿਜ਼ਬੁੱਲ੍ਹਾ ਵਿਰੁੱਧ ਲੜਾਈ ‘ਤੇ ਲਾਗੂ ਨਹੀਂ ਹੁੰਦਾ। ਇਜ਼ਰਾਈਲ ਨੇ ਸ਼ਰਤ ਰੱਖੀ ਹੈ ਕਿ ਈਰਾਨ ਤੁਰੰਤ ਹਾਰਮੁਜ਼ ਜਲਮਾਰਗ ਖੋਲ੍ਹੇ ਅਤੇ ਹਮਲੇ ਬੰਦ ਕਰੇ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਅਨੁਸਾਰ, ਇਸ ਜੰਗਬੰਦੀ ਵਿੱਚ ਇਜ਼ਰਾਈਲ ਅਤੇ ਹਿਜ਼ਬੁੱਲ੍ਹਾ ਵਿਚਕਾਰ ਲੜਾਈ ਰੋਕਣ ਦੀ ਅਪੀਲ ਵੀ ਸ਼ਾਮਲ ਹੈ। ਇਸ ਪ੍ਰਕਿਰਿਆ ਦੌਰਾਨ ਈਰਾਨ ਦੀ 10-ਨੁਕਾਤੀ ਯੋਜਨਾ ਦੇ ਫਾਰਸੀ ਅਤੇ ਅੰਗਰੇਜ਼ੀ ਸੰਸਕਰਣਾਂ ਵਿੱਚ ਫਰਕ ਕਾਰਨ ਕੁਝ ਭੁਲੇਖਾ ਵੀ ਪੈਦਾ ਹੋਇਆ, ਜਿੱਥੇ ਫਾਰਸੀ ਸੰਸਕਰਣ ਵਿੱਚ ‘ਪ੍ਰਮਾਣੂ ਸੋਧ ਦੀ ਪ੍ਰਵਾਨਗੀ’ ਸ਼ਾਮਲ ਸੀ। ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਕਿਹਾ ਕਿ ਜਲਮਾਰਗ ਰਾਹੀਂ ਆਵਾਜਾਈ ਈਰਾਨੀ ਫੌਜੀ ਪ੍ਰਬੰਧਨ ਹੇਠ ਹੋਵੇਗੀ ਅਤੇ ਇਸ ਰਾਹੀਂ ਲੰਘਣ ਵਾਲੇ ਜਹਾਜ਼ਾਂ ਤੋਂ ਈਰਾਨ ਅਤੇ ਓਮਾਨ ਫੀਸ ਵਸੂਲਣਗੇ, ਜਿਸ ਦੀ ਵਰਤੋਂ ਈਰਾਨ ਆਪਣੇ ਮੁੜ ਨਿਰਮਾਣ ਲਈ ਕਰੇਗਾ। ਈਰਾਨ ਨੇ ਜੰਗ ਖਤਮ ਕਰਨ ਲਈ ਖੇਤਰ ਵਿੱਚੋਂ ਅਮਰੀਕੀ ਫੌਜਾਂ ਦੀ ਵਾਪਸੀ, ਪਾਬੰਦੀਆਂ ਹਟਾਉਣ ਅਤੇ ਫਰੀਜ਼ ਕੀਤੇ ਗਏ ਫੰਡਾਂ ਨੂੰ ਜਾਰੀ ਕਰਨ ਦੀ ਮੰਗ ਕੀਤੀ ਹੈ। ਟਰੰਪ ਨੇ ਦੱਸਿਆ ਕਿ ਉਨ੍ਹਾ ਨੇ ਜੰਗਬੰਦੀ ਦਾ ਫੈਸਲਾ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਅਤੇ ਫੌਜ ਮੁਖੀ ਜਨਰਲ ਆਸਿਮ ਮੁਨੀਰ ਨਾਲ ਗੱਲਬਾਤ ਤੋਂ ਬਾਅਦ ਲਿਆ।
ਜੰਗਬੰਦੀ ਦੇ ਐਲਾਨ ਦੇ ਬਾਵਜੂਦ ਤਹਿਰਾਨ ਦੀਆਂ ਸੜਕਾਂ ‘ਤੇ ਸਰਕਾਰ ਪੱਖੀ ਪ੍ਰਦਰਸ਼ਨਕਾਰੀਆਂ ਨੇ ਅਮਰੀਕਾ ਅਤੇ ਇਜ਼ਰਾਈਲ ਵਿਰੁੱਧ ਨਾਅਰੇਬਾਜ਼ੀ ਕੀਤੀ। ਜੰਗ ਸ਼ੁਰੂ ਹੋਣ ਤੋਂ ਹੁਣ ਤੱਕ ਈਰਾਨ ਵਿੱਚ 1,900 ਤੋਂ ਵੱਧ ਅਤੇ ਲਿਬਨਾਨ ਵਿੱਚ 1,500 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ, ਜਦਕਿ ਲੱਖਾਂ ਲੋਕ ਬੇਘਰ ਹੋਏ ਹਨ। ਪਾਕਿਸਤਾਨ ਨੇ ਬੁੱਧਵਾਰ ਅਮਰੀਕਾ ਅਤੇ ਈਰਾਨ ਨੂੰ ਸ਼ੁੱਕਰਵਾਰ ਨੂੰ ਇਸਲਾਮਾਬਾਦ ਵਿੱਚ ਗੱਲਬਾਤ ਲਈ ਸੱਦਾ ਦਿੱਤਾ ਹੈ। ਇਸ ਦੌਰਾਨ ਸੂਤਰਾਂ ਅਨੁਸਾਰ ਚੀਨ, ਜੋ ਕਿ ਈਰਾਨ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ, ਨੇ ਅਮਰੀਕਾ ਨਾਲ ਜੰਗ ਵਿੱਚ ਜੰਗਬੰਦੀ ਦਾ ਰਸਤਾ ਲੱਭਣ ਲਈ ਈਰਾਨੀਆਂ ਨਾਲ ਗੱਲਬਾਤ ਕੀਤੀ।