ਹਰ ਪੀੜ੍ਹੀ ਦੇ ਦਿਲਾਂ ‘ਤੇ ਰਾਜ ਕਰਨ ਵਾਲੀ ਤੁਰ ਗਈ

0
6

ਮੁੰਬਈ : ਮਹਾਨ ਗਾਇਕਾ ਆਸ਼ਾ ਭੋਸਲੇ ਦਾ 92 ਸਾਲ ਦੀ ਉਮਰ ਵਿੱਚ ਐਤਵਾਰ ਇੱਥੋਂ ਦੇ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾ ਨੂੰ ਛਾਤੀ ਵਿੱਚ ਇਨਫੈਕਸ਼ਨ, ਥਕਾਵਟ ਅਤੇ ਦਿਲ ਦੀਆਂ ਤਕਲੀਫਾਂ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾ ਆਪਣੇ ਦਹਾਕਿਆਂ ਲੰਮੇ ਕੈਰੀਅਰ ਵਿੱਚ ਕਈ ਪੀੜ੍ਹੀਆਂ ਦੇ ਦਿਲਾਂ ‘ਤੇ ਰਾਜ ਕੀਤਾ।
ਆਸ਼ਾ ਭੋਸਲੇ ਆਪਣੇ ਪਿੱਛੇ ਪੁੱਤਰ ਆਨੰਦ ਅਤੇ ਪੋਤੇ-ਪੋਤੀਆਂ ਛੱਡ ਗਏ ਹਨ। ਆਸ਼ਾ ਨੇ ਸਰੋਤਿਆਂ ਨੂੰ ‘ਆਜਾ, ਆਜਾ’ ਵਰਗੇ ਗੀਤਾਂ ‘ਤੇ ਨਚਾਇਆ ਅਤੇ ‘ਚੈਨ ਸੇ ਹਮ ਕੋ ਕਭੀ’ ਰਾਹੀਂ ਗੁਆਚੇ ਪਿਆਰ ਦਾ ਦਰਦ ਮਹਿਸੂਸ ਕਰਵਾਇਆ। ਆਸ਼ਾ ਭੋਸਲੇ ਨੇ ਅੱਠ ਦਹਾਕਿਆਂ ਤੋਂ ਵੱਧ ਲੰਮੇ ਸਫਰ ਦੌਰਾਨ ਲਗਭਗ 12,000 ਗੀਤ ਰਿਕਾਰਡ ਕੀਤੇ। ਉਨ੍ਹਾ ਮਹਿਜ਼ 10 ਸਾਲ ਦੀ ਉਮਰ ਵਿੱਚ ਮਰਾਠੀ ਫਿਲਮ ‘ਮਾਝਾ ਬਾਲ’ ਤੋਂ ਗਾਇਕੀ ਦੀ ਸ਼ੁਰੂਆਤ ਕੀਤੀ ਸੀ। ਉਹ ਆਲਮੀ ਸੰਗੀਤ ਦੇ ਇਤਿਹਾਸ ਵਿੱਚ ਸਭ ਤੋਂ ਲੰਮੇ ਸਮੇਂ ਤੱਕ ਗਾਉਣ ਵਾਲੀ ਗਾਇਕਾ ਬਣੇ।
ਆਸ਼ਾ ਨੂੰ ਅੱਜ ਵੀ ‘ਉਮਰਾਓ ਜਾਨ’ ਦੀਆਂ ਗ਼ਜ਼ਲਾਂ ਲਈ ਯਾਦ ਕੀਤਾ ਜਾਂਦਾ ਹੈ। ਉਨ੍ਹਾ ਇਸ ਫਿਲਮ ਲਈ ਨੈਸ਼ਨਲ ਫਿਲਮ ਐਵਾਰਡ ਜਿੱਤਿਆ ਸੀ। ਪਹਿਲਾਂ ਉਨ੍ਹਾ ਓ ਪੀ ਨਈਅਰ ਨਾਲ ਮਿਲ ਕੇ ਜੋਸ਼ੀਲੇ ਗੀਤ ਗਾਏ ਅਤੇ ਬਾਅਦ ਵਿੱਚ ਆਰ ਡੀ ਬਰਮਨ ਨਾਲ ਮਿਲ ਕੇ ਹਰ ਤਰ੍ਹਾਂ ਦੀਆਂ ਭਾਵਨਾਵਾਂ ਨਾਲ ਭਰੇ ਯਾਦਗਾਰੀ ਗੀਤ ਦਿੱਤੇ। ਆਸ਼ਾ ਦੇ ਸਭ ਤੋਂ ਮਸ਼ਹੂਰ ਗੀਤਾਂ ਵਿੱਚ ‘ਅਭੀ ਨਾ ਜਾਓ ਛੋੜ ਕਰ’, ‘ਇਨ ਆਂਖੋਂ ਕੀ ਮਸਤੀ’, ‘ਦਿਲ ਚੀਜ਼ ਕਿਆ ਹੈ’, ‘ਪੀਆ ਤੂ ਅਬ ਤੋ ਆਜਾ’, ‘ਦੁਨੀਆ ਮੇਂ ਲੋਗੋਂ ਕੋ’ ਅਤੇ ‘ਜ਼ਰਾ ਸਾ ਝੂਮ ਲੂੰ ਮੈਂ’ ਸ਼ਾਮਲ ਹਨ। ਸਾਲ 2023 ਵਿੱਚ ਉਨ੍ਹਾ ਆਪਣੇ 90ਵੇਂ ਜਨਮ ਦਿਨ ਮੌਕੇ ਦੁਬਈ ਵਿੱਚ ਰੱਖੇ ਗਏ ਇੱਕ ਖਾਸ ਪ੍ਰੋਗਰਾਮ ‘ਆਸ਼ਾ ਐਟ 90: ਲਾਈਵ ਇਨ ਕੰਸਰਟ’ ਵਿੱਚ ਸ਼ਾਨਦਾਰ ਪੇਸ਼ਕਾਰੀ ਦਿੱਤੀ ਸੀ।
8 ਸਤੰਬਰ 1933 ਨੂੰ ਮਹਾਰਾਸ਼ਟਰ ਦੇ ਸਾਂਗਲੀ ਵਿੱਚ ਜਨਮੀ ਆਸ਼ਾ ਭੋਸਲੇ ਨੂੰ ਉਨ੍ਹਾ ਦੀ ਭੈਣ ਲਤਾ ਮੰਗੇਸ਼ਕਰ ਵਾਂਗ ਹੀ ਸੰਗੀਤ ਦੀ ਸਿੱਖਿਆ ਦਿੱਤੀ ਗਈ ਸੀ। ਚਾਰ ਭੈਣਾਂ ਵਿੱਚੋਂ ਲਤਾ, ਊਸ਼ਾ ਅਤੇ ਆਸ਼ਾ ਪਲੇਬੈਕ ਗਾਇਕਾ ਸਨ, ਜਦਕਿ ਮੀਨਾ ਸੰਗੀਤਕਾਰ ਹੈ। ਇਸੇ ਤਰ੍ਹਾਂ ਉਨ੍ਹਾ ਦੇ ਭਰਾ ਹਿਰਦੇਨਾਥ ਮੰਗੇਸ਼ਕਰ ਵੀ ਸੰਗੀਤ ਨਾਲ ਜੁੜੇ ਹੋਏ ਹਨ। ਬਹੁਤ ਸਾਰੇ ਸਨਮਾਨ ਹਾਸਲ ਕਰਨ ਵਾਲੀ ਆਸ਼ਾ ਭੋਸਲੇ ਇੱਕ ਸਫਲ ਕਾਰੋਬਾਰੀ ਵੀ ਸਨ ਅਤੇ ਦੁਬਈ ਤੇ ਯੂ ਕੇ ਵਿੱਚ ‘ਆਸ਼ਾ’ ਨਾਂਅ ਦੇ ਮਸ਼ਹੂਰ ਰੈਸਟੋਰੈਂਟ ਚਲਾਉਂਦੇ ਸਨ। ਉਨ੍ਹਾ ਆਪਣੇ ਕੈਰੀਅਰ ਵਿੱਚ ਦਾਦਾ ਸਾਹਿਬ ਫਾਲਕੇ, ਪਦਮ ਵਿਭੂਸ਼ਣ ਅਤੇ ਨੈਸ਼ਨਲ ਐਵਾਰਡ ਸਮੇਤ ਕਈ ਵੱਡੇ ਸਨਮਾਨ ਜਿੱਤੇ।