ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨਿਆ ਕਿ ਅਮਰੀਕੀ ਨੇਵੀ ਹੁਣ ਹਾਰਮੁਜ਼ ਜਲਡਮਰੂ ਤੋਂ ਲੰਘਣ ਵਾਲੇ ਜਹਾਜ਼ਾਂ ਦੀ ਨਾਕਾਬੰਦੀ ਕਰੇਗੀ। ਜਿਹੜਾ ਜਹਾਜ਼ ਈਰਾਨ ਨੂੰ ਟੋਲ ਟੈਕਸ ਦੇ ਕੇ ਲੰਘੇਗਾ, ਉਸ ਨੂੰ ਸੁਰੱਖਿਅਤ ਰਾਹ ਨਹੀਂ ਦਿੱਤਾ ਜਾਵੇਗਾ। ਇਸ ਨਾਲ ਈਰਾਨ ਦੀ ਆਰਥਕ ਤਾਕਤ ਕਮਜ਼ੋਰ ਹੋਵੇਗੀ। ਈਰਾਨ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਜਹਾਜ਼ਾਂ ਨੂੰ ਈਰਾਨੀ ਕਰੰਸੀ ਰਿਆਲ ਵਿੱਚ ਟੈਕਸ ਦੇਣਾ ਪਵੇਗਾ। ਇਸੇ ਦੌਰਾਨ ਅਮਰੀਕਾ ਨਾਲ ਇਸਲਾਮਾਬਾਦ ਵਿੱਚ ਗੱਲਬਾਤ ਟੁੱਟਣ ਤੋਂ ਬਾਅਦ ਈਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕਿਅਨ ਨੇ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਗੱਲਬਾਤ ਕੀਤੀ ਹੈ।
ਈਰਾਨ ਦੇ ਮੁੱਖ ਵਾਰਤਾਕਾਰ ਅਤੇ ਸੰਸਦ ਦੇ ਸਪੀਕਰ ਮੁਹੰਮਦ ਬਾਕਰ ਗ਼ਾਲੀਬਾਫ ਨੇ ਕਿਹਾ ਹੈ ਕਿ ਅਮਰੀਕਾ ਗੱਲਬਾਤ ਦੌਰਾਨ ਈਰਾਨ ਦਾ ਵਿਸ਼ਵਾਸ ਜਿੱਤਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਿਹਾ ਹੈ। ਉਨ੍ਹਾ ਸੋਸ਼ਲ ਮੀਡੀਆ ‘ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਈਰਾਨ ਨੇ ਕਈ ਸਾਰਥਕ ਸੁਝਾਅ ਦਿੱਤੇ ਸਨ, ਪਰ ਪੁਰਾਣੀਆਂ ਜੰਗਾਂ ਦੇ ਤਜਰਬਿਆਂ ਕਾਰਨ ਉਨ੍ਹਾ ਨੂੰ ਅਮਰੀਕਾ ‘ਤੇ ਰਤਾ ਵੀ ਭਰੋਸਾ ਨਹੀਂ। ਉਨ੍ਹਾ ਸਪੱਸ਼ਟ ਕੀਤਾ ਕਿ ਈਰਾਨ ਆਪਣੇ ਹੱਕਾਂ ਲਈ ਫੌਜੀ ਤਾਕਤ ਦੇ ਨਾਲ-ਨਾਲ ਮਜ਼ਬੂਤ ਡਿਪਲੋਮੇਸੀ ਦੀ ਵਰਤੋਂ ਜਾਰੀ ਰੱਖੇਗਾ।
ਦੂਜੇ ਪਾਸੇ, ਅਮਰੀਕੀ ਵਫਦ ਦੀ ਅਗਵਾਈ ਕਰ ਰਹੇ ਉਪ-ਰਾਸ਼ਟਰਪਤੀ ਜੇ ਡੀ ਵਾਂਸ ਨੇ ਕਿਹਾ ਕਿ ਸ਼ਾਂਤੀ ਸਮਝੌਤਾ ਨਾ ਹੋਣ ਦਾ ਮੁੱਖ ਕਾਰਨ ਈਰਾਨ ਵੱਲੋਂ ਆਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਨਾ ਤਿਆਗਣਾ ਹੈ। ਈਰਾਨ ਨੇ ਅਮਰੀਕੀ ਫੌਜਾਂ ਦੀ ਵਾਪਸੀ, ਪਾਬੰਦੀਆਂ ਹਟਾਉਣ ਅਤੇ ਹਾਰਮੁਜ਼ ਜਲ ਮਾਰਗ ‘ਤੇ ਕੰਟਰੋਲ ਵਰਗੀਆਂ 10 ਮੁੱਖ ਮੰਗਾਂ ਰੱਖੀਆਂ ਸਨ। ਇਸ ਗੱਲਬਾਤ ਦੇ ਨਾਕਾਮ ਹੋਣ ਨਾਲ ਹੁਣ ਵਿਸ਼ਵ ਊਰਜਾ ਬਾਜ਼ਾਰ ਅਤੇ ਦੋ ਹਫਤਿਆਂ ਤੋਂ ਚੱਲ ਰਹੀ ਜੰਗਬੰਦੀ ਦੇ ਭਵਿੱਖ ‘ਤੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਗਏ ਹਨ। ਈਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਘੇਈ ਨੇ ਕਿਹਾ ਕਿ 40 ਦਿਨਾਂ ਦੀ ਜੰਗ ਤੋਂ ਬਾਅਦ ਅਜਿਹੀਆਂ ਸਥਿਤੀਆਂ ਵਿੱਚ ਇਹ ਉਮੀਦ ਕਰਨਾ ਗਲਤ ਸੀ ਕਿ ਸਿਰਫ ਇੱਕ ਗੇੜ ਦੀ ਗੱਲਬਾਤ ਨਾਲ ਕੋਈ ਵਿਆਪਕ ਸਮਝੌਤਾ ਹੋ ਜਾਵੇਗਾ। ਬਘੇਈ ਅਨੁਸਾਰ, ਲਗਭਗ 25 ਘੰਟਿਆਂ ਤੱਕ ਚੱਲੀ ਇਸ ਲੰਮੀ ਚਰਚਾ ਦੌਰਾਨ ਕਈ ਮੁੱਦਿਆਂ ‘ਤੇ ਸਹਿਮਤੀ ਤਾਂ ਬਣੀ, ਪਰ 2 ਤੋਂ 3 ਮੁੱਖ ਮੁੱਦਿਆਂ ‘ਤੇ ਡੂੰਘੇ ਮਤਭੇਦ ਅਜੇ ਵੀ ਬਰਕਰਾਰ ਹਨ। ਉਨ੍ਹਾ ਇਸ ਗੱਲਬਾਤ ਨੂੰ ਪਿਛਲੇ ਇੱਕ ਸਾਲ ਦੀ ਸਭ ਤੋਂ ਲੰਮੀ ਡਿਪਲੋਮੈਟਿਕ ਕੋਸ਼ਿਸ਼ ਦੱਸਿਆ। ਈਰਾਨ ਦਾ ਮੰਨਣਾ ਹੈ ਕਿ ਇਹ ਨਤੀਜਾ ਕੋਈ ‘ਫੇਲ੍ਹ’ ਹੋਣਾ ਨਹੀਂ, ਸਗੋਂ ਇਹ ਇੱਕ ਲੰਮੀ ਪ੍ਰਕਿਰਿਆ ਦਾ ਹਿੱਸਾ ਹੈ। ਹਾਲਾਂਕਿ ਕਿਸੇ ਅੰਤਮ ਫੈਸਲੇ ‘ਤੇ ਨਹੀਂ ਪਹੁੰਚਿਆ ਜਾ ਸਕਿਆ, ਪਰ ਕੁਝ ਮੁੱਦਿਆਂ ‘ਤੇ ਬਣੀ ਸੀਮਤ ਸਹਿਮਤੀ ਇਹ ਸੰਕੇਤ ਦਿੰਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਗੱਲਬਾਤ ਦੇ ਹੋਰ ਦੌਰ ਚੱਲ ਸਕਦੇ ਹਨ।
ਇਸੇ ਦੌਰਾਨ ਪਾਕਿਸਤਾਨ ਨੇ ਦੋਵਾਂ ਦੇਸ਼ਾਂ ਨੂੰ ਜੰਗਬੰਦੀ ਦੇ ਆਪਣੇ ਵਾਅਦੇ ‘ਤੇ ਕਾਇਮ ਰਹਿਣ ਦੀ ਅਪੀਲ ਕੀਤੀ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਕਿਹਾ ਕਿ ਹਾਲਾਂਕਿ ਕੋਈ ਰਸਮੀ ਸਮਝੌਤਾ ਨਹੀਂ ਹੋ ਸਕਿਆ, ਪਰ ਉਹ ਉਮੀਦ ਕਰਦੇ ਹਨ ਕਿ ਇਸ ਗੱਲਬਾਤ ਨੇ ਭਵਿੱਖ ਵਿੱਚ ਸੰਵਾਦ ਜਾਰੀ ਰੱਖਣ ਲਈ ਇੱਕ ਰਾਹ ਪੱਧਰਾ ਕੀਤਾ ਹੈ। ਡਾਰ ਨੇ ਦੱਸਿਆ ਕਿ ਜੇ ਡੀ ਵਾਂਸ ਅਤੇ ਈਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਘੇਰ ਗ਼ਾਲੀਬਾਫ ਦੀ ਅਗਵਾਈ ਹੇਠ 24 ਘੰਟਿਆਂ ਤੋਂ ਵੱਧ ਸਮੇਂ ਤੱਕ ‘ਗੰਭੀਰ ਅਤੇ ਉਸਾਰੂ’ ਚਰਚਾ ਹੋਈ। ਪਾਕਿਸਤਾਨ ਦੇ ਫੌਜ ਮੁਖੀ ਜਨਰਲ ਆਸਿਮ ਮੁਨੀਰ ਨੇ ਵੀ ਇਨ੍ਹਾਂ ਗੱਲਬਾਤਾਂ ਨੂੰ ਨੇਪਰੇ ਚਾੜ੍ਹਨ ਵਿੱਚ ਅਹਿਮ ਭੂਮਿਕਾ ਨਿਭਾਈ। ਡਾਰ ਨੇ ਜ਼ੋਰ ਦੇ ਕੇ ਕਿਹਾ ਕਿ ਖੇਤਰੀ ਸਥਿਰਤਾ ਲਈ ਇਹ ਬਹੁਤ ਜ਼ਰੂਰੀ ਹੈ ਕਿ ਦੋਵੇਂ ਪੱਖ ਸੰਜਮ ਤੋਂ ਕੰਮ ਲੈਣ ਅਤੇ ਜੰਗਬੰਦੀ ਨੂੰ ਟੁੱਟਣ ਨਾ ਦੇਣ। ਉਨ੍ਹਾ ਮੁਤਾਬਕ ਪਾਕਿਸਤਾਨ ਅੱਗੇ ਵੀ ਦੋਵਾਂ ਧਿਰਾਂ ਵਿਚਾਲੇ ਸਥਾਈ ਸ਼ਾਂਤੀ ਸਥਾਪਤ ਕਰਨ ਲਈ ਕੋਸ਼ਿਸ਼ਾਂ ਜਾਰੀ ਰੱਖੇਗਾ।
ਜੇ ਡੀ ਵਾਂਸ ਨੇ ਖੁਲਾਸਾ ਕੀਤਾ ਹੈ ਕਿ ਗੱਲਬਾਤ ਦੌਰਾਨ ਉਹ ਲਗਾਤਾਰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੰਪਰਕ ਵਿੱਚ ਸਨ। ਉਨ੍ਹਾ ਰਾਸ਼ਟਰਪਤੀ ਨਾਲ ਲਗਭਗ ਅੱਧੀ ਦਰਜਨ ਤੋਂ ਲੈ ਕੇ ਇੱਕ ਦਰਜਨ ਵਾਰ ਗੱਲਬਾਤ ਕੀਤੀ। ਇਹ ਖੁਲਾਸਾ ਦਰਸਾਉਂਦਾ ਹੈ ਕਿ ਹਰ ਕਦਮ ਸਿੱਧਾ ਵ੍ਹਾਈਟ ਹਾਊਸ ਦੀ ਨਿਗਰਾਨੀ ਹੇਠ ਚੁੱਕਿਆ ਜਾ ਰਿਹਾ ਸੀ।
ਹਾਰਮੁਜ਼ ਜਲ ਮਾਰਗ ਦੇ ਮੁੱਦੇ ‘ਤੇ ਅਮਰੀਕਾ ਅਤੇ ਈਰਾਨ ਵਿਚਾਲੇ ਤਣਾਅ ਹੋਰ ਵਧ ਗਿਆ ਹੈ। ਅਮਰੀਕੀ ਫੌਜ ਨੇ ਦਾਅਵਾ ਕੀਤਾ ਹੈ ਕਿ ਉਹ ਜਲਡਮਰੂ ਨੂੰ ਸਾਫ ਕਰਨ ਲਈ ‘ਹਾਲਾਤ ਤਿਆਰ’ ਕਰ ਰਹੀ ਹੈ ਅਤੇ ਉਸ ਦੇ ਦੋ ਜੰਗੀ ਜਹਾਜ਼ ਇਸ ਰਸਤੇ ਰਾਹੀਂ ਲੰਘ ਚੁੱਕੇ ਹਨ। ਅਮਰੀਕਾ ਅਨੁਸਾਰ ਇਸ ਇਲਾਕੇ ਵਿੱਚੋਂ ਬਾਰੂਦੀ ਸੁਰੰਗਾਂ ਹਟਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜੋ ਕਿ ਜੰਗਬੰਦੀ ਦੀਆਂ ਵਾਰਤਾਵਾਂ ਦਾ ਇੱਕ ਕੇਂਦਰੀ ਹਿੱਸਾ ਹੈ। ਦੂਜੇ ਪਾਸੇ, ਈਰਾਨ ਦੇ ਸਰਕਾਰੀ ਮੀਡੀਆ ਨੇ ਅਮਰੀਕੀ ਦਾਅਵਿਆਂ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਕਿਹਾ ਹੈ ਕਿ ਕੋਈ ਵੀ ਅਮਰੀਕੀ ਜਹਾਜ਼ ਇਸ ਜਲ ਮਾਰਗ ਤੋਂ ਨਹੀਂ ਲੰਘਿਆ। ਇਹ ਟਕਰਾਅ ਨਾ ਸਿਰਫ ਫੌਜੀ ਤਣਾਅ ਨੂੰ ਦਰਸਾਉਂਦਾ ਹੈ, ਸਗੋਂ ਇਸਲਾਮਾਬਾਦ ਵਾਰਤਾ ਦੇ ਅਸਫਲ ਹੋਣ ਪਿੱਛੇ ਮੌਜੂਦ ਡੂੰਘੇ ਅਵਿਸ਼ਵਾਸ ਦੀ ਪੁਸ਼ਟੀ ਵੀ ਕਰਦਾ ਹੈ।




