ਨਵੀਂ ਦਿੱਲੀ : ਕੌਮਾਂਤਰੀ ਲਿੰਕ ਵਾਲੇ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਸੀ ਬੀ ਆਈ ਨੇ ਨਾਰਕੋਟਿਕ ਕੰਟਰੋਲ ਬਿਊਰੋ ਅਤੇ ਕਈ ਸੂਬਿਆਂ ਦੀ ਪੁਲਸ ਨਾਲ ਮਿਲ ਕੇ ਇਕ ਮੁਹਿੰਮ ਚਲਾਈ, ਜਿਸ ਤਹਿਤ 6 ਭਗੌੜਿਆਂ ਸਣੇ 175 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਅਤੇ ਭਾਰੀ ਮਾਤਰਾ ’ਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ। ਅਧਿਕਾਰੀਆਂ ਨੇ ਵੀਰਵਾਰ ਦੱਸਿਆ ਕਿ ਇਸ ਹਫਤੇ ਦੇ ਸ਼ੁਰੂ ਤੋਂ ਚਲਾਏ ਗਏ ‘ਆਪ੍ਰੇਸ਼ਨ ਗਰੁੜ’ ਵਿਚ ਇੰਟਰਪੋਲ ਵੀ ਸ਼ਾਮਲ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ਤਹਿਤ ਸੀ ਬੀ ਆਈ, ਐੱਨ ਸੀ ਬੀ ਅਤੇ ਸੂਬਿਆਂ ਦੀ ਪੁਲਸ ਨੇ ਕਰੀਬ 6600 ਸ਼ੱਕੀਆਂ ਨੂੰ ਟਰੈਕ ਕਰਦਿਆਂ 127 ਕੇਸ ਦਰਜ ਕੀਤੇ ਹਨ। ਇਸ ਦੇਸ਼ਵਿਆਪੀ ਕਾਰਵਾਈ ’ਚ ਪੰਜਾਬ, ਹਰਿਆਣਾ, ਮਹਾਰਾਸ਼ਟਰ, ਤਾਮਿਲਨਾਡੂ, ਦਿੱਲੀ ਅਤੇ ਮਣੀਪੁਰ ’ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਵੱਖ-ਵੱਖ ਥਾਵਾਂ ਤੋਂ ਸਵਾ ਪੰਜ ਕਿੱਲੋ ਹੈਰੋਇਨ, 34 ਕਿੱਲੋ ਗਾਂਜਾ, ਸਵਾ ਤਿੰਨ ਕਿੱਲੋ ਚਰਸ ਅਤੇ ਹੋਰ ਨਸ਼ੀਲੀਆਂ ਗੋਲੀਆਂ ਤੇ ਟੀਕੇ ਆਦਿ ਬਰਾਮਦ ਕੀਤੇ ਹਨ।