ਟੋਰਾਂਟੋ : ਕੈਨੇਡੀਅਨ ਅਧਿਕਾਰੀਆਂ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਕਥਿਤ ਗੁਰਗੇ ਅਭਿਜੀਤ ਕਿੰਗਰਾ ਦੇ ਦੇਸ਼ ਨਿਕਾਲੇ ਦੀ ਸੁਣਵਾਈ ਉਸ ਸਮੇਂ ਅਚਾਨਕ ਰੋਕ ਦਿੱਤੀ, ਜਦੋਂ ਉਹ ਵਰਚੁਅਲ ਕਾਰਵਾਈ ਦੌਰਾਨ ਉਸ ਦਾ ਪਤਾ ਲਗਾਉਣ ਵਿੱਚ ਅਸਫਲ ਰਹੇ। ਗਲੋਬਲ ਨਿਊਜ਼ ਦੀ ਰਿਪੋਰਟ ਅਨੁਸਾਰ ਇਮੀਗ੍ਰੇਸ਼ਨ ਅਤੇ ਰਫਿਊਜੀ ਬੋਰਡ ਦੇ ਮੈਂਬਰ ਨੇ ਸੁਣਵਾਈ ਬੰਦ ਕਰਨ ਤੋਂ ਪਹਿਲਾਂ ਕਿਹਾ, ”ਇਹ ਜਾਣੇ ਬਿਨਾਂ ਕਿ ਉਹ ਕਿੱਥੇ ਹੈ, ਅਸੀਂ ਹੋਰ ਬਹੁਤ ਕੁੱਝ ਨਹੀਂ ਕਰ ਸਕਦੇ।” ਕਿੰਗਰਾ, ਜਿਸ ਨੇ 2024 ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਕੋਲਵੁੱਡ ਵਿੱਚ ਪੰਜਾਬੀ ਗਾਇਕ ਏ ਪੀ ਢਿੱਲੋਂ ਦੀ ਰਿਹਾਇਸ਼ ‘ਤੇ ਟਾਰਗੇਟਿਡ ਫਾਇਰਿੰਗ ਅਤੇ ਅਗਜ਼ਨੀ ਦਾ ਹਮਲਾ ਕੀਤਾ ਸੀ, ਹਿਰਾਸਤ ਵਿੱਚ ਹੈ। ਹਾਲਾਂਕਿ ਅਧਿਕਾਰੀਆਂ ਨੇ ਇਮੀਗ੍ਰੇਸ਼ਨ ਅਤੇ ਰਫਿਊਜੀ ਬੋਰਡ ਜਾਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੂੰ ਸੂਚਿਤ ਕੀਤੇ ਬਿਨਾਂ ਉਸ ਨੂੰ ਇੱਕ ਜੇਲ੍ਹ ਤੋਂ ਦੂਜੀ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਸੀ, ਪਰ ਅਧਿਕਾਰੀਆਂ ਨੇ ਕੁਝ ਹੀ ਮਿੰਟਾਂ ਵਿੱਚ ਇਮੀਗ੍ਰੇਸ਼ਨ ਅਤੇ ਰਫਿਊਜੀ ਬੋਰਡ ਦੀ ਸੁਣਵਾਈ ਰੋਕ ਦਿੱਤੀ, ਕਿਉਂਕਿ ਕੋਈ ਵੀ ਕਿੰਗਰਾ ਦੀ ਲੋਕੇਸ਼ਨ ਦੀ ਪੁਸ਼ਟੀ ਨਹੀਂ ਕਰ ਸਕਿਆ। ਅਧਿਕਾਰੀਆਂ ਨੇ ਬਾਅਦ ਵਿੱਚ ਪੁਸ਼ਟੀ ਕੀਤੀ ਕਿ ਉਹ ਹਿਰਾਸਤ ਵਿੱਚ ਹੀ ਸੀ, ਪਰ ਇਸ ਦੇਰੀ ਲਈ ਮਾੜੇ ਤਾਲਮੇਲ ਨੂੰ ਜ਼ਿੰਮੇਵਾਰ ਠਹਿਰਾਇਆ।



