ਸ੍ਰੀ ਹਰਿਮੰਦਰ ਸਾਹਿਬ ਵਿਖੇ ਖ਼ਾਲਸਾ ਸਾਜਨਾ ਦਿਵਸ ਦੀਆਂ ਰੌਣਕਾਂ

0
21

ਅੰਮ੍ਰਿਤਸਰ : ਖ਼ਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ 14 ਅਪ੍ਰੈਲ ਨੂੰ ਅੰਮ੍ਰਿਤਸਰ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ ਅਤੇ ਉਤਸ਼ਾਹ ਦਾ ਅਦਭੁੱਤ ਸੰਗਮ ਦੇਖਣ ਨੂੰ ਮਿਲਿਆ। ਲੱਖਾਂ ਸੰਗਤਾਂ ਨੇ ਤੜਕਸਾਰ ਤੋਂ ਹੀ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕੀਤਾ ਤੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਨ ਲਈ ਲੰਬੀਆਂ ਕਤਾਰਾਂ ਵਿੱਚ ਲੱਗ ਕੇ ਆਪਣੀ ਵਾਰੀ ਦੀ ਉਡੀਕ ਕੀਤੀ। ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਵਿਖੇ ਸੰਗਤਾਂ ਦੀ ਸੇਵਾ ਲਈ ਵਿਸ਼ੇਸ਼ ਪਕਵਾਨ ਤਿਆਰ ਕੀਤੇ ਗਏ ਹਨ। ਖ਼ਾਲਸਾ ਸਾਜਨਾ ਦਿਵਸ ਦੀ ਖੁਸ਼ੀ ਵਿੱਚ ਲੰਗਰ ਵਿੱਚ ਦਾਲ-ਸਬਜ਼ੀ ਦੇ ਨਾਲ-ਨਾਲ ਜਲੇਬੀਆਂ ਬੂੰਦੀ ਦੇ ਲੱਡੂ, ਬੇਸਣ ਦੇ ਲੱਡੂ, ਖੀਰ ਅਤੇ ਮਿੱਠੇ ਚਾਵਲ ਵਰਗੀਆਂ ਮਿਠਾਈਆਂ ਵਰਤਾਈਆਂ ਜਾ ਰਹੀਆਂ ਹਨ। ਵੱਖ-ਵੱਖ ਮੁਲਕਾਂ ਅਤੇ ਵੱਖੋ-ਵੱਖਰੇ ਪਿਛੋਕੜ ਵਾਲੇ ਸ਼ਰਧਾਲੂ ਇਕੱਠੇ ਮਿਲ ਕੇ ਬਰਤਨ ਮਾਂਜਣ ਅਤੇ ਲੰਗਰ ਵਰਤਾਉਣ ਦੀ ਸੇਵਾ ਕਰਕੇ ਸਿੱਖ ਧਰਮ ਦੇ ਸਰਬ-ਸਾਂਝੀਵਾਲਤਾ ਦੇ ਸੰਦੇਸ਼ ਨੂੰ ਸਾਕਾਰ ਕਰ ਰਹੇ ਸਨ।