ਰੋਬੋਟ ਨੇ ਹਾਫ ਮੈਰਾਥਨ ਦਾ ਇਨਸਾਨੀ ਵਰਲਡ ਰਿਕਾਰਡ ਤੋੜ’ਤਾ

0
9

ਬੀਜਿੰਗ : ਐਤਵਾਰ ਬੀਜਿੰਗ ਦੀਆਂ ਸੜਕਾਂ ‘ਤੇ ਹਾਫ ਮੈਰਾਥਨ ਵਿੱਚ ਦਰਜਨਾਂ ਹਿਊਮਨਾਈਡ ਰੋਬੋਟਾਂ ਨੇ ਪੇਸ਼ਾਵਰ ਐਥਲੀਟਾਂ ਨੂੰ ਪਛਾੜਦਿਆਂ ਨਾ ਸਿਰਫ ਰੇਸ ਪੂਰੀ ਕੀਤੀ, ਸਗੋਂ ਹਾਫ ਮੈਰਾਥਨ ਦਾ ਵਰਲਡ ਰਿਕਾਰਡ ਤੱਕ ਤੋੜ ਦਿੱਤਾ। ਪਿਛਲੇ ਸਾਲ ਜਿੱਥੇ ਰੋਬੋਟ ਲੜਖੜਾਉਂਦੇ ਨਜ਼ਰ ਆਏ ਸਨ, ਐਤਕੀਂ ਪੂਰੀ ਤਿਆਰੀ ਨਾਲ ਦੌੜੇ। ਇਸ ਪ੍ਰਦਰਸ਼ਨ ਨੇ ਐਲਨ ਮਸਕ ਦੀ ਉਸ ਭਵਿੱਖਬਾਣੀ ‘ਤੇ ਵੀ ਮੋਹਰ ਲਾ ਦਿੱਤੀ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ (ਏ ਆਈ) ਤੇ ਰੋਬੋਟਿਕਸ ਦੇ ਖੇਤਰ ਵਿੱਚ ਚੀਨ ਹੀ ਟੈਸਲਾ ਨੂੰ ਟੱਕਰ ਦੇ ਸਕਦਾ ਹੈ। ਪਿਛਲੇ ਸਾਲ ਰੋਬੋਟ ਨੇ 2 ਘੰਟੇ 40 ਮਿੰਟ ਦਾ ਸਮਾਂ ਲਿਆ ਸੀ, ਜਦਕਿ ਐਤਕੀਂ ‘ਹੋਨੋਰ’ ਦੇ ਰੋਬੋਟ ਨੇ ਸਿਰਫ 50 ਮਿੰਟ 26 ਸਕਿੰਟ ਵਿੱਚ ਫਿਨਿਸ਼ ਲਾਈਨ ਪਾਰ ਕਰ ਲਈ। ਇਹ ਯੂਗਾਂਡਾ ਦੇ ਜੈਕਬ ਕਿਪਲਿਮੋ ਦੇ 57 ਮਿੰਟ 31 ਸਕਿੰਟ ਦੇ ਵਰਲਡ ਰਿਕਾਰਡ ਨਾਲ 7 ਮਿੰਟ ਘੱਟ ਹੈ। ਇਸ ਨੂੰ ਰੋਬੋਟਿਕਸ ਦੇ ਖੇਤਰ ਵਿੱਚ ਚੀਨ ਦੇ ਸ਼ਕਤੀ ਪ੍ਰਦਰਸ਼ਨ ਵਜੋਂ ਵੀ ਦੇਖਿਆ ਜਾ ਰਿਹਾ ਹੈ, ਜੋ ਦਿਖਾਉਂਦਾ ਹੈ ਕ ਹੁਣ ਰੋਬੋਟ ਹੌਲੀ-ਹੌਲੀ ਚੱਲਣ ਵਾਲੇ ਖਿਡੌਣੇ ਨਹੀਂ ਰਹੇ, ਸਗੋਂ ਸੁਪਰ ਹਿਊਮਨ ਰਫਤਾਰ ਵਾਲੇ ਐਥਲੀਟ ਬਣ ਚੁੱਕੇ ਹਨ। ਇਸ ਵਾਰ ਰੋਬੋਟਾਂ ਵਿੱਚ ਜਿਹੜੀ ਸਭ ਤੋਂ ਵੱਡੀ ਖੂਬੀ ਦੇਖਣ ਨੂੰ ਮਿਲੀ ਉਹ ਸੀ ਸੈਲਫ ਨੈਵੀਗੇਸ਼ਨ। ਉਨ੍ਹਾਂ ਰਿਮੋਟ ਨਾਲ ਨਹੀਂ, ਸਗੋਂ ਏ ਆਈ ਨਾਲ ਲੈਸ ਦਿਮਾਗ ਨਾਲ 21 ਕਿੱਲੋਮੀਟਰ ਦਾ ਰਾਹ ਤੈਅ ਕੀਤਾ। ਇਸਦੇ ਇਲਾਵਾ ਉਨ੍ਹਾਂ ਨੂੰ ਠੰਢੇ ਰੱਖਣ ਲਈ ਲਿਕੁਵਿਡ ਕੂਲਿੰਗ ਟੈਕਨਾਲੋਜੀ ਦੀ ਵਰਤੋਂ ਕੀਤੀ ਗਈ। ਰੇਸ ਦਾ ਮਕਸਦ ਸਾਫ ਤੌਰ ‘ਤੇ ਰੋਬੋਟਾਂ ਦੀ ਮਜ਼ਬੂਤੀ ਤੇ ਸੁਧਾਰ ਨੂੰ ਪਰਖਣਾ ਸੀ।