ਪਟਿਆਲਾ : ਹਾਲ ਹੀ ਵਿੱਚ ਤਿੰਨ ਵੱਖ-ਵੱਖ ਮਾਮਲਿਆਂ ਵਿੱਚ ਬਰਾਮਦ ਹੋਈਆਂ ਨਕਲੀ ਅਤੇ ਮੁੜ ਭਰੀਆਂ (ਰੀਫਿਲ) ਸ਼ਰਾਬ ਦੀਆਂ ਬੋਤਲਾਂ ਦੀ ਮੁੱਢਲੀ ਜਾਂਚ ਇੱਕ ਡੂੰਘੇ ਗੱਠਜੋੜ ਵੱਲ ਇਸ਼ਾਰਾ ਕਰਦੀ ਹੈ। ਸੀਨੀਅਰ ਅਧਿਕਾਰੀਆਂ ਦਾ ਦਾਅਵਾ ਹੈ ਕਿ ਕੁਝ ਮਹਿੰਗੇ ਬ੍ਰਾਂਡਿਡ ਸਕੌਚ ਅਤੇ ਸਿੰਗਲ ਮਾਲਟ ਬੋਤਲਾਂ ਵਿੱਚ ਨਾਜਾਇਜ਼ ਸ਼ਰਾਬ ਹੋਣ ਦਾ ਵੀ ਸ਼ੱਕ ਹੈ।
ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਜੌਨੀ ਵਾਕਰ ਬਲੈਕ ਲੇਬਲ, ਬਲੈਕ ਡੌਗ ਗੋਲਡ ਰਿਜ਼ਰਵ ਅਤੇ 100 ਪਾਈਪਰਸ ਵਰਗੇ ਬ੍ਰਾਂਡਾਂ ਦੀਆਂ ਖਾਲੀ ਬੋਤਲਾਂ ਇਕੱਠੀਆਂ ਕਰਦੇ ਸਨ ਅਤੇ ਉਨ੍ਹਾਂ ਵਿੱਚ ਘਟੀਆ ਦਰਜੇ ਦੀ ‘ਇੰਡੀਅਨ ਮੀਡੀਅਮ ਫਾਰੇਨ ਲਿਕਰ’ ਭਰ ਦਿੰਦੇ ਸਨ। ਆਬਕਾਰੀ ਅਧਿਕਾਰੀ ਨੇ ਦੱਸਿਆ ਕਿ ਇੱਕ ਵਾਰ ਜਦੋਂ ਉਨ੍ਹਾਂ ਕੋਲ ਬੋਤਲਾਂ ਇਕੱਠੀਆਂ ਹੋ ਜਾਂਦੀਆਂ ਸਨ, ਤਾਂ ਉਹ ਉਨ੍ਹਾਂ ਨੂੰ ਚੰਡੀਗੜ੍ਹ ਤੋਂ ਲਿਆ ਕੇ ਸਸਤੇ ਬ੍ਰਾਂਡਾਂ ਜਾਂ ਹੋਰ ਕਿਸੇ ਵੀ ਉਪਲੱਬਧ ਸ਼ਰਾਬ ਨਾਲ ਭਰ ਦਿੰਦੇ ਸਨ ਤੇ ਇਨ੍ਹਾਂ ਨੂੰ ਵਿਆਹਾਂ ਅਤੇ ਹੋਰ ਸਮਾਗਮਾਂ ਵਿੱਚ ਵੇਚਣ ਵਿੱਚ ਕਾਮਯਾਬ ਹੋ ਜਾਂਦੇ ਸਨ, ਜਿੱਥੇ ਜ਼ਿਆਦਾਤਰ ਮਾਮਲਿਆਂ ਵਿੱਚ ਇਸ ਦਾ ਪਤਾ ਨਹੀਂ ਲੱਗਦਾ ਸੀ।
ਪਟਿਆਲਾ ਆਬਕਾਰੀ ਵਿਭਾਗ ਨੇ ਤਿੰਨ ਐੱਫ ਆਈ ਆਰ ਦਰਜ ਕਰਕੇ ਕਈ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਵੱਡੀ ਮਾਤਰਾ ਵਿੱਚ ਨਾਜਾਇਜ਼, ਨਕਲੀ ਅਤੇ ਤਸਕਰੀ ਕੀਤੀ ਸ਼ਰਾਬ ਜ਼ਬਤ ਕੀਤੀ ਹੈ। ਪੁਲਸ ਨੇ ਰਾਇਲ ਚੈਲੇਂਜ (47 ਬੋਤਲਾਂ), ਪੰਜਾਬ ਮੋਟਾ ਸੰਤਰਾ (24), ਪੰਜਾਬ ਰਾਣੋ ਸੌਂਫੀ (7) ਅਤੇ ਰਾਇਲ ਸਟੈਗ (8 ਬੋਤਲਾਂ) ਵੀ ਬਰਾਮਦ ਕੀਤੀਆਂ। ਇੱਕ ਸ਼ਰਾਬ ਠੇਕੇਦਾਰ ਨੇ ਦੱਸਿਆ ਕਿ ਮੁਲਜ਼ਮਾਂ ਵਿੱਚੋਂ ਇੱਕ ਪੁਰਾਣਾ ਅਪਰਾਧੀ ਹੈ ਅਤੇ ਜ਼ਹਿਰੀਲੀ ਸ਼ਰਾਬ ਕਾਂਡ ਤੋਂ ਬਾਅਦ ਬਣਾਏ ਗਏ ਸਖਤ ਕਾਨੂੰਨਾਂ ਤਹਿਤ ਮਾਮਲਾ ਦਰਜ ਕੀਤੇ ਜਾਣ ਦੇ ਬਾਵਜੂਦ, ਉਹ ਲਗਾਤਾਰ ਜ਼ਮਾਨਤ ‘ਤੇ ਬਾਹਰ ਆ ਜਾਂਦਾ ਹੈ ਅਤੇ ਇਸੇ ਕਾਰੋਬਾਰ ਵਿੱਚ ਸ਼ਾਮਲ ਹੋ ਜਾਂਦਾ ਹੈ। ਉਸ ਨੇ ਪੁਸ਼ਟੀ ਕੀਤੀ, ਉਹ ਮਹਿੰਗੇ ਬ੍ਰਾਂਡਾਂ ਵਿੱਚ ਸਸਤੀ ਘਟੀਆ ਸ਼ਰਾਬ ਅਤੇ ਹੋਰ ਅਲਕੋਹਲ ਭਰਦਾ ਹੈ, ਜੋ ਕਿਸੇ ਵੀ ਦਿਨ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ।
ਇਸ ਲਈ ਸਮੇਂ ਦੀ ਲੋੜ ਹੈ ਕਿ ਅਜਿਹੇ ਲੋਕਾਂ ‘ਤੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਜਾਵੇ, ਕਿਉਂਕਿ ਉਨ੍ਹਾਂ ਵੱਲੋਂ ਸਪਲਾਈ ਕੀਤੀ ਗਈ ਸ਼ਰਾਬ ਕਿਸੇ ਵੀ ਦਿਨ ਜਾਨੀ ਨੁਕਸਾਨ ਦਾ ਕਾਰਨ ਬਣ ਸਕਦੀ ਹੈ।




