ਨਵੀਂ ਦਿੱਲੀ : ਅਸੈਂਬਲੀ ਚੋਣਾਂ ਲਈ ਪੱਛਮੀ ਬੰਗਾਲ ‘ਚ ਪਹਿਲੇ ਪੜਾਅ ‘ਚ ਵੀਰਵਾਰ ਸ਼ਾਮ ਪੰਜ ਵਜੇ ਤੱਕ 91.46 ਫੀਸਦੀ, ਜਦਕਿ ਤਾਮਿਲਨਾਡੂ ਵਿੱਚ 84.41 ਫੀਸਦੀ ਵੋਟਿੰਗ ਹੋ ਚੁੱਕੀ ਸੀ ਅਤੇ ਬੂਥਾਂ ਦੇ ਅੰਦਰ ਆ ਚੁੱਕੇ ਵੋਟਰਾਂ ਨੇ ਵੋਟਾਂ ਭੁਗਤਾਉਣੀਆਂ ਸਨ। ਦੋਵਾਂ ਸੂਬਿਆਂ ਵਿੱਚ ਵੋਟਰਾਂ ਨੇ ਵੱਡੀ ਗਿਣਤੀ ਵਿੱਚ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਲੋਕਤੰਤਰ ਦੇ ਤਿਉਹਾਰ ਵਿੱਚ ਹਿੱਸਾ ਲਿਆ। ਪੱਛਮੀ ਬੰਗਾਲ ਵਿੱਚ 2021 ਵਿੱਚ 83.17 ਫੀਸਦੀ ਤੇ 2016 ਵਿੱਚ 82.66 ਫੀਸਦੀ ਵੋਟਿੰਗ ਹੋਈ ਸੀ। ਤਾਮਿਨਲਾਡੂ ਵਿੱਚ 2021 ‘ਚ 72.73 ਫੀਸਦੀ ਤੇ 2016 ਵਿੱਚ 74.24 ਫੀਸਦੀ ਵੋਟਿੰਗ ਹੋਈ ਸੀ।
ਤਾਮਿਨਲਾਡੂ ਅਸੈਂਬਲੀ ਦੀਆਂ ਸਾਰੀਆਂ 234 ਸੀਟਾਂ ਲਈ ਵੋਟਾਂ ਪਈਆਂ, ਜਦਕਿ 294 ਮੈਂਬਰੀ ਪੱਛਮੀ ਬੰਗਾਲ ਅਸੈਂਬਲੀ ਲਈ ਪਹਿਲੇ ਪੜਾਅ ‘ਚ 152 ਹਲਕਿਆਂ ‘ਚ ਵੋਟਿੰਗ ਹੋਈ। ਮੁੱਖ ਮੁਕਾਬਲਾ ਸੱਤਾਧਾਰੀ ਟੀ ਐੱਮ ਸੀ ਤੇ ਭਾਜਪਾ ਵਿਚਾਲੇ ਹੈ, ਜਦਕਿ ਖੱਬਾ ਮੁਹਾਜ਼ ਤੇ ਕਾਂਗਰਸ ਵੀ ਮੈਦਾਨ ਵਿੱਚ ਹਨ। ਤਾਮਿਲਨਾਡੂ ਵਿੱਚ ਸੱਤਾਧਾਰੀ ਡੀ ਐੱਮ ਕੇ ਦੀ ਅਗਵਾਈ ਵਾਲੇ ਗੱਠਜੋੜ ਅਤੇ ਮੁੱਖ ਵਿਰੋਧੀ ਧਿਰ ਏ ਆਈ ਏ ਡੀ ਐੱਮ ਕੇ ਦੀ ਅਗਵਾਈ ਵਾਲੇ ਗੱਠਜੋੜ, ਜਿਸ ਵਿੱਚ ਭਾਜਪਾ ਵੀ ਸ਼ਾਮਲ ਹੈ, ਵਿਚਾਲੇ ਸਿੱਧੀ ਟੱਕਰ ਮੰਨੀ ਜਾ ਰਹੀ ਹੈ, ਪਰ ਅਦਾਕਾਰ ਤੋਂ ਸਿਆਸਤਦਾਨ ਬਣੇ ਵਿਜੇ ਦੀ ਪਾਰਟੀ ‘ਟੀ ਵੀ ਕੇ’ ਅਤੇ ਸੀਮਨ ਦੀ ਐੱਨ ਟੀ ਕੇ ਨੇ ਮੁਕਾਬਲੇ ਨੂੰ ਚੌਤਰਫਾ ਬਣਾ ਦਿੱਤਾ ਹੈ।



