ਗ਼ੱਦਾਰਾਂ ਨੂੰ ਇਤਿਹਾਸ ਕਦੇ ਮੁਆਫ ਨਹੀਂ ਕਰੇਗਾ : ਮਾਨ
ਨਵੀਂ ਦਿੱਲੀ : ‘ਆਪ’ ਦੇ ਰਾਘਵ ਚੱਢਾ, ਸੰਦੀਪ ਪਾਠਕ ਅਤੇ ਅਸ਼ੋਕ ਮਿੱਤਲ ਸ਼ੁੱਕਰਵਾਰ ਭਾਜਪਾ ਨਾਲ ਰਲ ਗਏ। ਇਸ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਕਰਕੇ ਚੱਢਾ ਅਤੇ ਪਾਠਕ ਨੇ ਇਹ ਦਾਅਵਾ ਕੀਤਾ ਕਿ ‘ਆਪ’ ਦੇ ਕੁੱਲ 10 ਰਾਜ ਸਭਾ ਮੈਂਬਰਾਂ ਵਿੱਚੋਂ 7 ਮੈਂਬਰ ਭਾਜਪਾ ਨਾਲ ਰਲ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਸੰਵਿਧਾਨ ਮੁਤਾਬਕ ਜੇ ਕਿਸੇ ਪਾਰਟੀ ਦੇ ਦੋ-ਤਿਹਾਈ ਮੈਂਬਰ ਦੂਜੀ ਪਾਰਟੀ ਵਿੱਚ ਜਾਂਦੇ ਹਨ ਤਾਂ ਇਹ ਕਾਨੂੰਨੀ ਤੌਰ ‘ਤੇ ਸਹੀ ਮੰਨਿਆ ਜਾਂਦਾ ਹੈ। ਮਿੱਤਲ ਵੀ ਪ੍ਰੈਸ ਕਾਨਫਰੰਸ ਦੌਰਾਨ ਮੌਜੂਦ ਸਨ। ਚੱਢਾ ਨੇ ਦੱਸਿਆ ਕਿ ਉਨ੍ਹਾਂ ਨੇ ਵੱਖਰਾ ਬਲਾਕ ਬਣਾ ਕੇ ਸਾਰੇ ਜ਼ਰੂਰੀ ਦਸਤਾਵੇਜ਼ਾਂ ਸਮੇਤ ਇੱਕ ਪੱਤਰ ਰਾਜ ਸਭਾ ਦੇ ਚੇਅਰਮੈਨ ਸੀ ਪੀ ਰਾਧਾਕ੍ਰਿਸ਼ਨਨ ਨੂੰ ਸੌਂਪ ਦਿੱਤਾ ਹੈ। ਪੱਤਰ ‘ਤੇ ਹਰਭਜਨ ਸਿੰਘ, ਰਾਜਿੰਦਰ ਗੁਪਤਾ, ਵਿਕਰਮ ਸਾਹਨੀ ਤੇ ਸਵਾਤੀ ਮਾਲੀਵਾਲ ਦੇ ਵੀ ਦਸਤਖਤ ਹਨ। ਇਨ੍ਹਾਂ ਦੇ ਭਾਜਪਾ ਨਾਲ ਰਲਣ ਤੋਂ ਬਾਅਦ ‘ਆਪ’ ਦੇ ਰਾਜ ਸਭਾ ਵਿੱਚ ਤਿੰਨ ਮੈਂਬਰ ਸੰਜੇ ਸਿੰਘ, ਸੰਤ ਬਲਬੀਰ ਸਿੰਘ ਸੀਚੇਵਾਲ ਤੇ ਨਾਰਾਇਣ ਦਾਸ ਗੁਪਤਾ ਰਹਿ ਗਏ ਹਨ।
ਇਸ ਤੋਂ ਪਹਿਲਾਂ ਆਪ ਨੇ ਤਿੰਨ ਅਪ੍ਰੈਲ ਨੂੰ ਰਾਜ ਸਭਾ ਵਿੱਚ ਪਾਰਟੀ ਦੇ ਉਪ ਨੇਤਾ ਦੇ ਅਹੁਦੇ ਤੋਂ ਰਾਘਵ ਚੱਢਾ ਨੂੰ ਹਟਾ ਦਿੱਤਾ ਸੀ। ਕਿਸੇ ਸਮੇਂ ਕੇਜਰੀਵਾਲ ਦੇ ਬੇਹੱਦ ਭਰੋਸੇਮੰਦ ਰਹੇ ਰਾਘਵ ਚੱਢਾ ਨੇ ਪੰਜਾਬ ਅਤੇ ਦਿੱਲੀ ਵਿੱਚ ਪਾਰਟੀ ਲਈ ਅਹਿਮ ਭੂਮਿਕਾ ਨਿਭਾਈ ਸੀ। ਹਾਲਾਂਕਿ, ਮਾਰਚ 2024 ਵਿੱਚ ਕੇਜਰੀਵਾਲ ਦੀ ਗ੍ਰਿਫਤਾਰੀ ਸਮੇਂ ਉਹ ਵਿਦੇਸ਼ ਵਿੱਚ ਸਨ ਅਤੇ ਰਿਹਾਈ ਤੋਂ ਕਾਫੀ ਸਮੇਂ ਬਾਅਦ ਹੀ ਉਨ੍ਹਾ ਨੂੰ ਮਿਲੇ। ਹਾਲ ਹੀ ਵਿੱਚ, ਜਦੋਂ ਅਦਾਲਤ ਨੇ ਕੇਜਰੀਵਾਲ ਅਤੇ ਸਿਸੋਦੀਆ ਨੂੰ ਬਰੀ ਕੀਤਾ ਤਾਂ ਵੀ ਚੱਢਾ ਨੇ ਚੁੱਪ ਧਾਰੀ ਰੱਖੀ ਅਤੇ ਜੰਤਰ-ਮੰਤਰ ਦੀ ਰੈਲੀ ਵਿੱਚ ਵੀ ਸ਼ਾਮਲ ਨਹੀਂ ਹੋਏ ਸਨ। ਸੱਤ ਰਾਜ ਸਭਾ ਮੈਂਬਰਾਂ ਦੇ ਭਾਜਪਾ ਵਿੱਚ ਜਾਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਨੇ ਹਮੇਸ਼ਾ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਨਾਲ ਖਿਲਵਾੜ ਕੀਤਾ ਹੈ। ਇਹ ਰਲੇਵਾਂ ਲੋਕਤੰਤਰ ਦੀ ਹੱਤਿਆ ਹੈ। ਮਾਨ ਨੇ ਕਿਹਾ ਕਿ ਭਾਜਪਾ ਦੂਜੀਆਂ ਪਾਰਟੀਆਂ ਨੂੰ ਖਤਮ ਕਰਨ ਅਤੇ ਆਗੂਆਂ ਨੂੰ ਨਿਗਲਣ ਵਾਲੀ ਪਾਰਟੀ ਹੈ। ਭਾਜਪਾ ਕੱਢੇ ਹੋਏ, ਵੱਢੇ ਹੋਏ ਅਤੇ ਛੱਡੇ ਹੋਏ ਲੋਕਾਂ ਦੀ ਪਾਰਟੀ ਬਣ ਕੇ ਰਹਿ ਗਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਸੱਤ ਰਾਜ ਸਭਾ ਮੈਂਬਰ ਗਏ ਹਨ, ਉਹ ਹੁਣ ਭਾਜਪਾ ਦੀ ‘ਵਾਸ਼ਿੰਗ ਮਸ਼ੀਨ’ ਵਿੱਚ ਧੋਤੇ ਜਾਣਗੇ। ਇਨ੍ਹਾਂ ਦੇ ਸਾਰੇ ਦਾਗ ਸਾਫ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਮਾਨ ਨੇ ਯਾਦ ਦਿਵਾਇਆ ਕਿ ਕਿਸਾਨੀ ਅੰਦੋਲਨ ਵੇਲੇ ਭਾਜਪਾ ਨੇ ਪੰਜਾਬ ਦੇ ਕਿਸਾਨਾਂ ਨਾਲ ਜੋ ਧੱਕਾ ਕੀਤਾ ਸੀ, ਉਸ ਨੂੰ ਪੰਜਾਬੀ ਕਦੇ ਨਹੀਂ ਭੁੱਲ ਸਕਦੇ। ਉਨ੍ਹਾ ਕਿਹਾ ਕਿ ਭਾਜਪਾ ਦੀ ਪੰਜਾਬ ਨਾਲ ਕਦੇ ਵੀ ਸਾਂਝ ਨਹੀਂ ਰਹੀ। ਭਾਜਪਾ ਸਿੱਧੇ ਤੌਰ ‘ਤੇ ਜਿੱਤ ਨਹੀਂ ਸਕਦੀ, ਇਸ ਲਈ ਤਿਕੜਮਬਾਜ਼ੀ ਅਤੇ ਛੜਯੰਤਰਾਂ ਦਾ ਸਹਾਰਾ ਲੈ ਕੇ ਸੱਤਾ ਹਥਿਆਉਣ ਦੀ ਕੋਸ਼ਿਸ਼ ਕਰਦੀ ਹੈ।
ਉਨ੍ਹਾ ਕਿਹਾ ਕਿ ਜਿਨ੍ਹਾਂ ਮੈਂਬਰਾਂ ਨੇ ਪਾਰਟੀ ਅਤੇ ਪੰਜਾਬ ਦੇ ਲੋਕਾਂ ਦੇ ਵਿਸ਼ਵਾਸ ਨੂੰ ਤੋੜਿਆ ਹੈ, ਉਨ੍ਹਾਂ ਨੂੰ ਇਤਿਹਾਸ ਕਦੇ ਮੁਆਫ ਨਹੀਂ ਕਰੇਗਾ। ਮੁੱਖ ਮੰਤਰੀ ਨੇ ਕਿਹਾ, ”ਅਸੀਂ ਲੋਕਾਂ ਦੇ ਫਤਵੇ ਨਾਲ ਚੁਣੇ ਗਏ ਹਾਂ, ਇਨ੍ਹਾਂ ਸਿਆਸੀ ਚਾਲਾਂ ਨਾਲ ਸਾਡਾ ਹੌਸਲਾ ਨਹੀਂ ਟੁੱਟੇਗਾ। ਪੰਜਾਬ ਦੇ ਲੋਕ ਸਭ ਦੇਖ ਰਹੇ ਹਨ।” ਸਾਂਸਦ ਗੁਰਮੀਤ ਸਿੰਘ ਮੀਤ ਹੇਅਰ ਨੇ ਸਪੱਸ਼ਟ ਕੀਤਾ ਹੈ ਕਿ ਪੰਜਾਬ ਦੀ ਧਰਤੀ ਸਿਧਾਂਤਾਂ ਅਤੇ ਸੰਘਰਸ਼ ਦੀ ਧਰਤੀ ਹੈ, ਇੱਥੇ ਭਾਜਪਾ ਦਾ ਇਹ ‘ਵਾਸ਼ਿੰਗ ਮਸ਼ੀਨ’ ਮਾਡਲ ਕਦੇ ਸਫਲ ਨਹੀਂ ਹੋਵੇਗਾ।
ਮੀਤ ਹੇਅਰ ਨੇ ਕਿਹਾ ਕਿ ਜਿਸ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੇ ਇੱਕ ਆਮ ਨੌਜਵਾਨ ਨੂੰ ਰਾਸ਼ਟਰੀ ਪਛਾਣ ਦਿੱਤੀ, ਉਸੇ ਪਾਰਟੀ ਦੇ ਸਭ ਤੋਂ ਮੁਸ਼ਕਲ ਸਮੇਂ ਵਿੱਚ ਰਾਘਵ ਚੱਢਾ ਦਾ ਸਾਥ ਛੱਡ ਦੇਣਾ ਨੈਤਿਕਤਾ ਦੇ ਖਿਲਾਫ ਹੈ। ਉਨ੍ਹਾ ਸੁਨੀਲ ਜਾਖੜ ਅਤੇ ਰਵਨੀਤ ਬਿੱਟੂ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਪੰਜਾਬ ਦੇ ਇਤਿਹਾਸ ਅਤੇ ਸਿੱਖਾਂ ਦੇ ਸਿਧਾਂਤਾਂ ਨੂੰ ਜਾਣਦੇ ਹਨ। ਪੰਜਾਬ ਉਹ ਕੌਮ ਹੈ, ਜੋ ਸੁੱਕੇ ਪੱਤੇ ਖਾ ਕੇ ਵੀ ਜੰਗ ਲੜਨਾ ਜਾਣਦੀ ਹੈ, ਪਰ ਝੁਕਣਾ ਨਹੀਂ।
‘ਆਪ’ ਪੰਜਾਬ ਦੇ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਕਿ ਚੱਢਾ ਨੇ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਪੰਜਾਬੀ ਦਿਲ ਖੋਲ੍ਹ ਕੇ ਪਿਆਰ ਕਰਨਾ ਜਾਣਦੇ ਹਨ, ਪਰ ਉਹ ਗੱਦਾਰਾਂ ਨਾਲ ਨਜਿੱਠਣਾ ਵੀ ਚੰਗੀ ਤਰ੍ਹਾਂ ਜਾਣਦੇ ਹਨ।ਬਲਤੇਜ ਪੰਨੂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਪੰਜਾਬੀਆਂ ਨਾਲ ਦੁਸ਼ਮਣੀ ਨਾ ਲਓ, ਇਹ ਬਹੁਤ ਮਹਿੰਗੀ ਪਵੇਗੀ।




