ਪੁਲਸ ਦੀ ਬ੍ਰਿਟਿਸ਼ ਮਾਂ ਤੇ ਉਸ ਦੇ ਬੱਚੇ ਨੂੰ ਮਾਮਲੇ ‘ਚ ਫਸਾਉਣ ਦੀ ਕੋਸ਼ਿਸ਼ ਨਾਕਾਮ

0
10
ਹੁਸ਼ਿਆਰਪੁਰ : ਇੰਗਲੈਂਡ ਦੇ ਸ਼ਹਿਰ ਲੈਸਟਰ ਨਿਵਾਸੀ ਮਾਂ ਅਤੇ ਉਸ ਦੇ ਬ੍ਰਿਟਿਸ਼ ਨਾਬਾਲਗ ਬੱਚੇ ਨੂੰ ਪੰਜਾਬ ਦੇ ਹੁਸ਼ਿਆਰਪੁਰ ਵਿਚ ਪੁਲਸ ਮਾਮਲੇ ਵਿੱਚ ਫਸੇ ਹੋਣ ਤੋਂ ਬਾਅਦ ਹੁਣ ਯੂਨਾਈਟਿਡ ਕਿੰਗਡਮ ਵਾਪਸ ਆਉਣ ਦੀ ਇਜਾਜ਼ਤ ਮਿਲ ਗਈ ਹੈ। ਇਹ ਮਾਮਲਾ ਕਮਿਊਨਿਟੀ ਆਗੂਆਂ, ਸੰਸਦ ਮੈਂਬਰਾਂ ਅਤੇ ਬ੍ਰਿਟਿਸ਼ ਅਧਿਕਾਰੀਆਂ ਦੀ ਦਖ਼ਲਅੰਦਾਜ਼ੀ ਨਾਲ ਸੁਲਝਿਆ ਹੈ। ਇੰਡੀਅਨ ਵਰਕਰਜ ਐਸੋਸੀਏਸ਼ਨ ਗ੍ਰੇਟ ਬ੍ਰਿਟੇਨ ਦੇ ਜਨਰਲ ਸਕੱਤਰ ਸੀਤਲ ਸਿੰਘ ਗਿੱਲ ਨੇ ਦੱਸਿਆ ਕਿ ਅਲਕਾ ਰਾਣੀ ਆਪਣੇ ਨਾਬਾਲਗ ਬੱਚੇ ਨਾਲ ਛੁੱਟੀਆਂ ਦੌਰਾਨ ਹੁਸ਼ਿਆਰਪੁਰ ਵਿੱਚ ਰਿਸ਼ਤੇਦਾਰਾਂ ਕੋਲ ਗਈ ਸੀ, ਜਿਸ ਦੀ 25 ਅਪ੍ਰੈਲ ਨੂੰ ਯੂ ਕੇ ਵਾਪਸੀ ਲਈ ਉਡਾਣ ਬੁੱਕ ਸੀ। 17 ਅਪ੍ਰੈਲ ਨੂੰ ਮਾਡਲ ਟਾਊਨ ਪੁਲਸ ਥਾਣੇ ਵੱਲੋਂ ਉਸ ਦੇ ਇਕ ਨਜ਼ਦੀਕੀ ਰਿਸ਼ਤੇਦਾਰ ਨੂੰ ਬੁਲਾਏ ਜਾਣ ਤੋਂ ਬਾਅਦ ਪੁਲਸ ਅਲਕਾ ਰਾਣੀ  ਨੂੰ ਉਸ ਦੇ ਬੱਚੇ ਸਮੇਤ ਥਾਣੇ ਲੈ ਗਈ। ਪਰਵਾਰ ਦੇ ਦਾਅਵੇ ਅਨੁਸਾਰ ਦੋਵਾਂ ਨੂੰ ਕਈ ਘੰਟਿਆਂ ਤੱਕ ਥਾਣੇ ਵਿੱਚ ਬਿਠਾ ਕੇ ਰੱਖਿਆ ਗਿਆ, ਜਦ ਕਿ ਬੱਚੇ ਨੂੰ ਉਸ ਵੇਲੇ ਤੇਜ਼ ਬੁਖਾਰ ਸੀ। ਇਸ ਤੋਂ ਬਾਅਦ ਮਾਡਲ ਟਾਊਨ ਥਾਣੇ ਵਿੱਚ ਐਫ ਆਈ ਆਰ ਨੰਬਰ 47 ਦਰਜ ਕਰਕੇ ਸ਼ਰਾਬ ਵੇਚਣ ਦੇ ਦੋਸ਼ ਲਗਾਏ ਗਏ ਅਤੇ ਅਲਕਾ ਰਾਣੀ ਦਾ ਨਾਂਅ ਵੀ ਮਾਮਲੇ ਵਿੱਚ ਸ਼ਾਮਲ ਕੀਤਾ ਗਿਆ। ਪਰਵਾਰ ਅਤੇ ਕਮਿਊਨਿਟੀ ਆਗੂਆਂ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਸ ਦਾ ਇਸ ਮਾਮਲੇ ਨਾਲ ਕੋਈ ਸੰਬੰਧ ਨਹੀਂ।  ਇਸ ਮਾਮਲੇ ਨੂੰ ਇੰਡੀਅਨ ਵਰਕਰਜ਼ ਐਸੋਸੀਏਸ਼ਨ (ਗ੍ਰੇਟ ਬ੍ਰਿਟੇਨ) ਵੱਲੋਂ ਉਠਾ ਕੇ ਬ੍ਰਿਟਿਸ਼ ਅਤੇ ਭਾਰਤੀ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ, ਜਿਸ ਤੋਂ ਬਾਅਦ ਪੰਜਾਬ ਪੁਲਸ ਵੱਲੋਂ ਅਲਕਾ ਰਾਣੀ ਦਾ ਪਾਸਪੋਰਟ, ਗਹਿਣੇ ਅਤੇ ਨਕਦ ਰਕਮ ਵਾਪਸ ਕਰ ਦਿੱਤੀ ਗਈ ਹੈ ਅਤੇ ਉਸ ਦੇ ਖ਼ਿਲਾਫ਼ ਜਾਰੀ ਲੁੱਕ ਆਊਟ ਸਰਕੂਲਰ ਵੀ ਰੱਦ ਕਰ ਦਿੱਤਾ ਗਿਆ ਹੈ। ਮਾਂ ਅਤੇ ਬੱਚਾ ਹੁਣ ਸੁਰੱਖਿਅਤ ਤਰੀਕੇ ਨਾਲ ਯੂ ਕੇ ਵਾਪਸ ਜਾ ਸਕਣਗੇ।