ਰਾਘਵ ਚੱਢਾ ਦਾ ਡਿੱਗਾ ‘ਗ੍ਰਾਫ਼’

0
11

ਚੰਡੀਗੜ੍ਹ : ਆਪ ਦਾ ਸਾਥ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣਾ ਰਾਘਵ ਚੱਢਾ ਨੂੰ ਸੋਸ਼ਲ ਮੀਡੀਆ ‘ਤੇ ਕਾਫ਼ੀ ਮਹਿੰਗਾ ਪੈਂਦਾ ਨਜ਼ਰ ਆ ਰਿਹਾ ਹੈ। ਸ਼ੁੱਕਰਵਾਰ ਸ਼ਾਮ ਨੂੰ ਜਿਵੇਂ ਹੀ ਚੱਢਾ ਦੇ ਭਾਜਪਾ ਵਿੱਚ ਜਾਣ ਦੀ ਖ਼ਬਰ ਨਸ਼ਰ ਹੋਈ, ਇੰਟਰਨੈੱਟ ‘ਤੇ ਉਨ੍ਹਾ ਵਿਰੁੱਧ ਗੁੱਸੇ ਦੀ ਲਹਿਰ ਦੌੜ ਗਈ। ਰਿਪੋਰਟਾਂ ਮੁਤਾਬਕ ਖ਼ਬਰ ਆਉਣ ਦੇ ਕੁਝ ਹੀ ਘੰਟਿਆਂ ਅੰਦਰ ਰਾਘਵ ਚੱਢਾ ਦੇ ਇੰਸਟਾਗ੍ਰਾਮ ਫਾਲੋਅਰਜ਼ ਦੀ ਗਿਣਤੀ 1.46 ਕਰੋੜ (14.6 ਮਿਲੀਅਨ) ਤੋਂ ਘਟ ਕੇ 1.36 ਕਰੋੜ ਰਹਿ ਗਈ। ਰਾਘਵ ਚੱਢਾ ਦੀਆਂ ਤਸਵੀਰਾਂ ਅਤੇ ਪੋਸਟਾਂ ਦੇ ਕੁਮੈਂਟ ਸੈਕਸ਼ਨ ਵਿੱਚ ਹਜ਼ਾਰਾਂ ਉਪਭੋਗਤਾਵਾਂ ਨੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਲੋਕਾਂ ਨੇ ‘ਰਾਘਵ ਚੱਢਾ ਨੂੰ ਅਨਫਾਲੋ ਕਰੋ’ ਦੀ ਮੁਹਿੰਮ ਚਲਾ ਦਿੱਤੀ ਹੈ। ਬਹੁਤ ਸਾਰੇ ਵਰਤੋਂਕਾਰਾਂ ਨੇ ਉਨ੍ਹਾਂ ਨੂੰ ‘ਹੀਰੋ ਤੋਂ ਜ਼ੀਰੋ’ ਅਤੇ ‘ਪੰਜਾਬ ਦਾ ਗੱਦਾਰ’ ਵਰਗੇ ਤਿੱਖੇ ਸ਼ਬਦਾਂ ਨਾਲ ਨਿਵਾਜਿਆ। ਅੰਕੜਿਆਂ ਮੁਤਾਬਕ ਸਿਰਫ਼ ਇੰਸਟਾਗ੍ਰਾਮ ‘ਤੇ ਹੀ ਲਗਭਗ ਇੱਕ ਲੱਖ ਤੋਂ ਵੱਧ ਨਕਾਰਾਤਮਕ ਪ੍ਰਤੀਕਿਰਿਆਵਾਂ ਦਰਜ ਕੀਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਰਾਘਵ ਚੱਢਾ ਦੀ ਨੌਜਵਾਨਾਂ ਵਿੱਚ ਪ੍ਰਸਿੱਧੀ ਉਨ੍ਹਾ ਦੇ ਬੋਲਣ ਦੇ ਅੰਦਾਜ਼ ਅਤੇ ਆਮ ਨਾਗਰਿਕਾਂ ਦੇ ਮੁੱਦੇ ਚੁੱਕਣ ਕਾਰਨ ਸੀ।
ਲਾਰੈਂਸ ਗਰੁੱਪ ਵੱਲੋਂ ਰੰਧਾਵਾ, ਵੜਿੰਗ ਤੇ ਮਜੀਠੀਆ ਨੂੰ ਧਮਕੀ
ਚੰਡੀਗੜ੍ਹ : ਪੰਜਾਬ ਦੇ ਸਾਬਕਾ ਉਪ-ਮੁੱਖ ਮੰਤਰੀ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਲਾਰੈਂਸ ਬਿਸ਼ਨੋਈ ਗਰੁੱਪ ਵੱਲੋਂ ਧਮਕੀ ਭਰਿਆ ਸੁਨੇਹਾ ਮਿਲਿਆ ਹੈ। ਇਹ ਧਮਕੀ ਰੰਧਾਵਾ ਵੱਲੋਂ ਵਿਵਾਦਤ ਡਾਕੂਮੈਂਟਰੀ/ਵੈੱਬ ਸੀਰੀਜ਼ ‘ਲਾਰੈਂਸ ਆਫ ਪੰਜਾਬ’ ਦੀ ਰਿਲੀਜ਼ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਅਤੇ ਇਸ ‘ਤੇ ਪਾਬੰਦੀ ਲਗਾਉਣ ਦੀ ਮੰਗ ਕਰਨ ਤੋਂ ਬਾਅਦ ਦਿੱਤੀ ਗਈ ਹੈ। ਰੰਧਾਵਾ ਨੇ ਇਸ ਬਾਰੇ ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਨੂੰ ਜਾਣੂ ਕਰਵਾ ਦਿੱਤਾ ਹੈ। ਰੰਧਾਵਾ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ, ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਖ਼ੁਦ ਡੀ ਜੀ ਪੀ ਗੌਰਵ ਯਾਦਵ ਨੂੰ ਵੀ ਵਟਸਐਪ ਰਾਹੀਂ ਅਜਿਹੇ ਹੀ ਧਮਕੀ ਭਰੇ ਸੁਨੇਹੇ ਭੇਜੇ ਗਏ ਹਨ। ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾ ਦੀ ਪਾਰਟੀ ਗੈਂਗਸਟਰਾਂ ਵਿਰੁੱਧ ਇਸ ਲੜਾਈ ਨੂੰ ਨਿਰਣਾਇਕ ਮੋੜ ਤੱਕ ਲੈ ਕੇ ਜਾਵੇਗੀ। ਉਨ੍ਹਾ ਐਲਾਨ ਕੀਤਾ ਕਿ ‘ਗੈਂਗਸਟਰ ਮੁਕਤ ਪੰਜਾਬ’ ਉਨ੍ਹਾ ਦੀ ਪਾਰਟੀ ਦੀ ਮੁੱਖ ਤਰਜੀਹ ਹੋਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬੀਆਂ ਦੇ ਸਖ਼ਤ ਵਿਰੋਧ ਮਗਰੋਂ ਭਾਰਤ ਸਰਕਾਰ ਨੇ ਇਸ ਵੈੱਬ ਸੀਰੀਜ਼ ਦੀ ਰਿਲੀਜ਼ ‘ਤੇ ਰੋਕ ਲਗਾ ਦਿੱਤੀ ਹੈ।