ਖੱਬੀਆਂ ਪਾਰਟੀਆਂ ਦੀ ਏਕਤਾ ਸਮੇਂ ਦੀ ਮੰਗ : ਅਰਸ਼ੀ, ਬਰਾੜ

0
10

ਕਾਮਰੇਡ ਕੇਵਲ ਕ੍ਰਿਸ਼ਨ ਨਮਿਤ ਸ਼ਰਧਾਂਜਲੀ ਸਮਾਗਮ
ਲੁਧਿਆਣਾ (ਐੱਮ ਐੱਸ ਭਾਟੀਆ,
ਰੈਕਟਰ ਕਥੂਰੀਆ)
ਕੇਂਦਰੀ ਕੰਟਰੋਲ ਕਮਿਸ਼ਨ ਦੇ ਮੈਂਬਰ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਸੀਨੀਅਰ ਆਗੂ ਹਰਦੇਵ ਸਿੰਘ ਅਰਸ਼ੀ ਅਤੇ ਕੌਮੀ ਕੌਂਸਲ ਮੈਂਬਰ ਬੰਤ ਸਿੰਘ ਬਰਾੜ ਨੇ ਸ਼ਨੀਵਾਰ ਵਿਸ਼ਵਨਾਥ ਮੰਦਰ, ਜਮਾਲਪੁਰ, ਲੁਧਿਆਣਾ ਵਿਖੇ ਟਰੇਡ ਯੂਨੀਅਨ ਆਗੂ ਕਾਮਰੇਡ ਕੇਵਲ ਕ੍ਰਿਸ਼ਨ ਦੇ ਸ਼ਰਧਾਂਜਲੀ ਸਮਾਗਮ ਵਿੱਚ ਬੋਲਦੇ ਹੋਏ ਆਖਿਆ ਕਿ ਦੇਸ਼ ਅੰਦਰ ਫਿਰਕੂ ਅਤੇ ਏਕਾਅਧਿਕਾਰਵਾਦੀ ਸ਼ਕਤੀਆਂ ਵਿਰੁੱਧ ਸੰਘਰਸ਼ ਕਰਨ ਲਈ ਤਮਾਮ ਖੱਬੀਆਂ ਪਾਰਟੀਆਂ ਦੀ ਏਕਤਾ ਜ਼ਰੂਰੀ ਹੈ। ਉਨ੍ਹਾਂ ਆਖਿਆ ਹੁਣ ਸਮਾਂ ਫੈਸਲਾਕੁੰਨ ਸੰਘਰਸ਼ ਦਾ ਹੈ, ਕਿਉਂਕਿ ਦੇਸ਼ ਅੰਦਰ ਮੌਜੂਦਾ ਸਰਕਾਰ ਜਮਹੂਰੀ ਕਦਰਾਂ-ਕੀਮਤਾਂ ਅਤੇ ਸੰਸਥਾਵਾਂ ਨੂੰ ਖੋਰਾ ਲਗਾ ਰਹੀ ਹੈ। ਇਹ ਖਾਸ ਕਿਸਮ ਦੀ ਸੋਚ ਅਤੇ ਬਹੁ-ਕੌਮੀ ਕਾਰਪੋਰੇਸ਼ਨ ਦੇ ਹਿੱਤਾਂ ਦੀ ਸੇਵਾ ਵਿੱਚ ਲੱਗੀ ਹੋਈ ਹੈ। ਆਮ ਲੋਕਾਂ ਨੂੰ ਫਿਰਕਾਪ੍ਰਸਤੀ ਦੇ ਆਧਾਰ ‘ਤੇ ਵੰਡੀਆਂ ਪਾਉਣ ਵਾਲੀਆਂ ਲਹਿਰਾਂ ਨੂੰ ਉਤਸ਼ਾਹਤ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੰਦੀ।ਭਾਰਤੀ ਕਮਿਊਨਿਸਟ ਪਾਰਟੀ ਲੁਧਿਅਣਾ ਦੇ ਸਕੱਤਰ ਡੀ ਪੀ ਮੌੜ ਨੇ ਇਕੱਤਰ ਹੋਏ ਲੋਕਾਂ ਦਾ ਧੰਨਵਾਦ ਕਰਦੇ ਆਖਿਆ ਕਿ ਸਾਨੂੰ ਦੇਸ਼ ਅੰਦਰ ਜਮਹੂਰੀਅਤ ਅਤੇ ਭਾਰਤ ਦੇ ਸੰਵਿਧਾਨ ਨੂੰ ਬਚਾਉਣ ਲਈ ਲੱਕ ਬੰਨ੍ਹ ਕੇ ਸੰਘਰਸ਼ ਕਰਨ ਨਾਲ ਹੀ ਅਸੀਂ ਆਪਣੇ ਵਿਛੜੇ ਸਾਥੀ ਨੂੰ ਸੱਚੀ ਸ਼ਰਧਾਂਜਲੀ ਦੇ ਸਕਦੇ ਹਾਂ।
ਸਮਾਗਮ ਵਿੱਚ ਭਾਰਤੀ ਖੇਤ ਮਜ਼ਦੂਰ ਸਭਾ ਦੇ ਕੌਮੀ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਦੂਜੀਆਂ ਰਾਜਨੀਤਕ ਪਾਰਟੀਆਂ ਦੇ ਅਨੇਕ ਆਗੂ ਵੀ ਹਾਜ਼ਰ ਸਨ। ਸੀ ਪੀ ਐੱਮ ਦੇ ਸੂਬਾਈ ਸਕੱਤਰ ਸੁਖਵਿੰਦਰ ਸਿੰਘ, ਜ਼ਿਲ੍ਹਾ ਸਕੱਤਰ ਬਲਜੀਤ ਸਿੰਘ ਸ਼ਾਹੀ ਤੋਂ ਇਲਾਵਾ ਟਰੇਡ ਯੂਨੀਅਨ ਆਗੂ ਮਨਿੰਦਰ ਭਾਟੀਆ ਏਟਕ, ਜਗਦੀਸ਼ ਚੰਦ ਸੀ ਟੀ ਯੂ, ਜਤਿੰਦਰ ਸੀ ਆਈ ਟੀ ਯੂ, ਨਰੇਸ਼ ਗੌੜ ਏ ਆਈ ਬੀ ਈ ਏ ਵੱਲੋਂ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਸਨ।
ਇਲਾਕੇ ਦੇ ਕੌਂਸਲਰ ਗੌਰਵ ਭੱਟੀ, ਅਮਰਜੀਤ ਸਿੰਘ, ਸਾਬਕਾ ਕੌਂਸਲਰ ਪ੍ਰੇਮ ਸਾਗਰ, ਉਪਲ ਪਰਿਵਾਰ, ਭਾਜਪਾ ਆਗੂ ਪ੍ਰਵੀਨ ਬਾਂਸਲ, ਜਤਿੰਦਰ ਮਿੱਤਲ, ਧਰਮਿੰਦਰ ਸ਼ਰਮਾ, ਪਵਨ ਸ਼ਰਮਾ ਨਵ-ਭਾਰਤ ਸਕੂਲ, ਸੀ ਪੀ ਆਈ ਦੇ ਆਗੂ ਡਾਕਟਰ ਅਰੁਣ ਮਿਤਰਾ, ਐੱਚ ਐੱਲ ਗੁਰਦੁਆਰਾ ਦੇ ਪ੍ਰਧਾਨ ਸੈਂਟੀ ਕਾਲੜਾ ਤੇ ‘ਆਪ’ ਦੇ ਵਾਰਡ ਇੰਚਾਰਜ ਇੰਦਰਜੀਤ ਮਨਕੂ ਵੀ ਹਾਜ਼ਰ ਸਨ।