ਜੰਗ ਖਤਮ ਹੋਣ ਦੇ ਆਸਾਰ!

0
7

ਤਹਿਰਾਨ : ਈਰਾਨ ਅਤੇ ਅਮਰੀਕਾ-ਇਜ਼ਰਾਈਲ ਵਿਚਾਲੇ ਚੱਲ ਰਹੀ ਭਿਆਨਕ ਜੰਗ ਨੂੰ ਖਤਮ ਕਰਨ ਲਈ ਇੱਕ ਵੱਡੀ ਉਮੀਦ ਦੀ ਕਿਰਨ ਦਿਖਾਈ ਦਿੱਤੀ ਹੈ। ਰਿਪੋਰਟਾਂ ਮੁਤਾਬਕ ਈਰਾਨ ਨੇ ਪਾਕਿਸਤਾਨੀ ਵਿਚੋਲਿਆਂ ਰਾਹੀਂ ਅਮਰੀਕਾ ਨੂੰ ਇੱਕ ਨਵੀਂ ‘ਸ਼ਾਂਤੀ ਪੇਸ਼ਕਸ਼’ ਭੇਜੀ ਹੈ। ਇਸ ਤਜਵੀਜ਼ ਵਿੱਚ ਈਰਾਨ ਨੇ ਤੇਲ ਦੀ ਸਪਲਾਈ ਲਈ ਅਹਿਮ ਮੰਨੇ ਜਾਂਦੇ ਹਾਰਮੁਜ਼ ਜਲਡਮਰੂ ਨੂੰ ਮੁੜ ਖੋਲ੍ਹਣ ਅਤੇ ਜੰਗ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਗੱਲ ਕਹੀ ਹੈ।
ਇੱਕ ਰਿਪੋਰਟ ਮੁਤਾਬਕ ਈਰਾਨ ਨੇ ਸੁਝਾਅ ਦਿੱਤਾ ਹੈ ਕਿ ਵਿਵਾਦਤ ਪ੍ਰਮਾਣੂ ਵਾਰਤਾ ਨੂੰ ਫਿਲਹਾਲ ਬਾਅਦ ਵਾਲੇ ਪੜਾਅ ਲਈ ਮੁਲਤਵੀ ਕਰ ਦਿੱਤਾ ਜਾਵੇ, ਤਾਂ ਜੋ ਤੁਰੰਤ ਸ਼ਾਂਤੀ ਬਹਾਲ ਹੋ ਸਕੇ। ਈਰਾਨ ਲੰਮੇ ਸਮੇਂ ਤੋਂ ਯੂਰੇਨੀਅਮ ਨੂੰ ਭਰਪੂਰ ਕਰਨ ਦੇ ਆਪਣੇ ਅਧਿਕਾਰ ਨੂੰ ਮਾਨਤਾ ਦੇਣ ਦੀ ਮੰਗ ਕਰ ਰਿਹਾ ਹੈ। ਜਿੱਥੇ ਈਰਾਨ ਇਸ ਨੂੰ ਸ਼ਾਂਤਮਈ ਉਦੇਸ਼ਾਂ ਲਈ ਦੱਸਦਾ ਹੈ, ਉੱਥੇ ਹੀ ਪੱਛਮੀ ਦੇਸ਼ਾਂ ਨੂੰ ਖਦਸ਼ਾ ਹੈ ਕਿ ਈਰਾਨ ਪ੍ਰਮਾਣੂ ਹਥਿਆਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਆਪਣੇ ਹਾਲੀਆ ਇਸਲਾਮਾਬਾਦ ਦੌਰੇ ਨੂੰ ਬਹੁਤ ਸਾਰਥਕ ਅਤੇ ਸਫਲ ਦੱਸਿਆ ਹੈ। ਸੋਮਵਾਰ ਸਵੇਰੇ ਰੂਸ ਦੇ ਸ਼ਹਿਰ ਸੇਂਟ ਪੀਟਰਸਬਰਗ ਪਹੁੰਚਣ ‘ਤੇ ਉਨ੍ਹਾ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਕਿਸਤਾਨ ਦੀ ਉੱਚ ਲੀਡਰਸ਼ਿਪ ਨਾਲ ਉਨ੍ਹਾ ਦਾ ਸਲਾਹ-ਮਸ਼ਵਰਾ ਬਹੁਤ ਵਧੀਆ ਰਿਹਾ। ਇਸ ਦੌਰੇ ਦਾ ਮੁੱਖ ਕੇਂਦਰ ਬਿੰਦੂ ਈਰਾਨ ਅਤੇ ਅਮਰੀਕਾ ਦਰਮਿਆਨ ਚੱਲ ਰਹੀ ਜੰਗ ਨੂੰ ਖਤਮ ਕਰਨ ਲਈ ਗੱਲਬਾਤ ਦੀ ਸੰਭਾਵਨਾ ਸੀ। ਅਰਾਗਚੀ ਨੇ ਦੱਸਿਆ ਕਿ ਪਾਕਿਸਤਾਨੀ ਆਗੂਆਂ ਨਾਲ ਹੋਈਆਂ ਬੈਠਕਾਂ ਦੌਰਾਨ ਖੇਤਰੀ ਸੁਰੱਖਿਆ ਅਤੇ ਅਮਰੀਕਾ ਨਾਲ ਹੋਣ ਵਾਲੇ ਦੂਜੇ ਦੌਰ ਦੀ ਗੱਲਬਾਤ ਦੇ ਏਜੰਡੇ ‘ਤੇ ਗੰਭੀਰ ਚਰਚਾ ਕੀਤੀ ਗਈ। ਉਨ੍ਹਾ ਖਾਸ ਤੌਰ ‘ਤੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਦੋਵਾਂ ਦੇਸ਼ਾਂ ਦੇ ਆਗੂਆਂ ਨੇ ਇਸ ਗੱਲ ‘ਤੇ ਵਿਚਾਰ-ਵਟਾਂਦਰਾ ਕੀਤਾ ਕਿ ਗੱਲਬਾਤ ਕਿਸ ਦਿਸ਼ਾ ਵਿੱਚ ਅਤੇ ਕਿਹੜੀਆਂ ਸ਼ਰਤਾਂ ਅਧੀਨ ਅੱਗੇ ਵਧ ਸਕਦੀ ਹੈ। ਇਹ ਵਿਚਾਰ-ਵਟਾਂਦਰਾ ਅਜਿਹੇ ਸਮੇਂ ਹੋਇਆ ਹੈ, ਜਦੋਂ ਈਰਾਨ ਅਤੇ ਅਮਰੀਕਾ ਵਿਚਕਾਰ ਤਣਾਅ ਨੂੰ ਘੱਟ ਕਰਨ ਲਈ ਕੂਟਨੀਤਕ ਰਸਤੇ ਲੱਭੇ ਜਾ ਰਹੇ ਹਨ। ਇਸੇ ਦੌਰਾਨ ਏਸ਼ੀਆਈ ਬਾਜ਼ਾਰਾਂ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਦਾ ਉਛਾਲ ਦੇਖਿਆ ਗਿਆ। ਅਮਰੀਕੀ ਸਟਾਕ ਫਿਊਚਰਜ਼ ਵਿੱਚ ਨਿਰਾਸ਼ਾਜਨਕ ਗਿਰਾਵਟ ਦੇਖਣ ਨੂੰ ਮਿਲੀ।