ਟੋਰਾਂਟੋ : ਕੈਨੇਡਾ ਦੇ ਓਨਟਾਰੀਓ ਸੂਬੇ ਵਿੱਚ ਨੌਜਵਾਨ ਨੇ ਬਜ਼ੁਰਗ ਸਿੱਖ ਨਾਲ ਨਸਲੀ ਵਿਤਕਰਾ ਕਰਦਿਆਂ ਹਮਲਾ ਕਰ ਦਿੱਤਾ। ਵੁੱਡਸਟਾਕ ਪੁਲਸ ਮੁਤਾਬਕ ਇਹ ਘਟਨਾ 22 ਅਪਰੈਲ ਦੀ ਹੈ, ਜਦੋਂ ਬਜ਼ੁਰਗ ਫੁੱਟਪਾਥ ‘ਤੇ ਪੈਦਲ ਜਾ ਰਿਹਾ ਸੀ। ਇਸ ਦੌਰਾਨ ਨੌਜਵਾਨ ਨੇ ਉਸ ਨੂੰ ਧੱਕਾ ਦਿੱਤਾ ਅਤੇ ‘ਮੇਰੇ ਦੇਸ਼ ਵਿੱਚੋਂ ਬਾਹਰ ਨਿਕਲ ਜਾਓ’ ਵਰਗੇ ਨਸਲੀ ਸ਼ਬਦਾਂ ਅਤੇ ਗਾਲੀ-ਗਲੋਚ ਦੀ ਵਰਤੋਂ ਕੀਤੀ। ਪੁਲਸ ਨੇ ਇਸ ਨੂੰ ਨਫਰਤ ਤੋਂ ਪ੍ਰੇਰਤ ਹਮਲਾ ਕਰਾਰ ਦਿੱਤਾ ਹੈ। ਹਾਲਾਂਕਿ ਇਸ ਹਮਲੇ ਵਿੱਚ ਬਜ਼ੁਰਗ ਨੂੰ ਕੋਈ ਗੰਭੀਰ ਸਰੀਰਕ ਸੱਟ ਨਹੀਂ ਲੱਗੀ। ਪੁਲਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਨੌਜਵਾਨ ਨੇ ਬਿਨਾਂ ਕਿਸੇ ਉਕਸਾਵੇ ਦੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਘਟਨਾ ਤੋਂ ਬਾਅਦ ਉਹ ਇੱਕ ਸਕੂਲ ਦੀ ਕੰਧ ਟੱਪ ਕੇ ਫਰਾਰ ਹੋ ਗਿਆ। ਇਸ ਘਟਨਾ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਹੀਆਂ ਹਨ, ਜਿਸ ਵਿੱਚ ਨੌਜਵਾਨ ਵਾਰ-ਵਾਰ ਨਸਲੀ ਟਿੱਪਣੀਆਂ ਕਰਦਾ ਸੁਣਾਈ ਦਿੱਤਾ ਹੈ। ਪੁਲਸ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ‘ਤੇ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਵੁੱਡਸਟਾਕ ਪੁਲਸ ਨੇ ਸਪੱਸ਼ਟ ਕੀਤਾ ਹੈ ਕਿ ਭਾਈਚਾਰੇ ਵਿੱਚ ਅਜਿਹੀ ਨਫਰਤ ਲਈ ਕੋਈ ਥਾਂ ਨਹੀਂ ਹੈ। ਵਰਲਡ ਸਿੱਖ ਆਰਗਨਾਈਜ਼ੇਸ਼ਨ ਨੇ ਇਸ ਘਟਨਾ ‘ਤੇ ਡੂੰਘੀ ਚਿੰਤਾ ਜਤਾਈ ਹੈ ਅਤੇ ਪੁਲਸ ਦੀ ਤੁਰੰਤ ਕਾਰਵਾਈ ਲਈ ਧੰਨਵਾਦ ਕਰਦਿਆਂ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖਤ ਕਦਮ ਚੁੱਕਣ ਦੀ ਮੰਗ ਕੀਤੀ ਹੈ।





