ਮੈਂ ਬਲਾਤਕਾਰੀ ਨਹੀਂ : ਟਰੰਪ

0
3

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ ਕਰਸਪੌਂਡੈਂਟਸ ਐਸੋਸੀਏਸ਼ਨ ਦੇ ਰਾਤ ਦੇ ਖਾਣੇ ਦੌਰਾਨ ਹੋਈ ਗੋਲੀਬਾਰੀ ਤੋਂ ਬਾਅਦ ਪਹਿਲੀ ਵਾਰ ਆਪਣੀ ਚੁੱਪ ਤੋੜੀ ਹੈ। ਸੀ ਬੀ ਐੱਸ ਦੇ ’60 ਮਿਨਿਟਸ’ ਨੂੰ ਦਿੱਤੇ ਇੱਕ ਤਿੱਖੇ ਇੰਟਰਵਿਊ ਵਿੱਚ ਟਰੰਪ ਨੇ ਉਸ ਰਾਤ ਦੇ ਖੌਫਨਾਕ ਮੰਜ਼ਰ ਅਤੇ ਹਮਲਾਵਰ ਦੇ ਮੈਨੀਫੈਸਟੋ ਵਿੱਚ ਆਪਣੇ ਖਿਲਾਫ ਲਗਾਏ ਗਏ ਇਲਜ਼ਾਮਾਂ ‘ਤੇ ਸਖਤ ਪ੍ਰਤੀਕਿਰਿਆ ਦਿੱਤੀ। ਟਰੰਪ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ, ‘ਮੈਂ ਕੋਈ ਬਲਾਤਕਾਰੀ ਜਾਂ ਪੈਡੋਫਾਈਲ (ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਵਾਲਾ) ਨਹੀਂ ਹਾਂ। ਇਹ ਇੱਕ ਬਿਮਾਰ ਮਾਨਸਿਕਤਾ ਵਾਲੇ ਵਿਅਕਤੀ ਦੀਆਂ ਲਿਖਤਾਂ ਹਨ।’”
ਜ਼ਿਕਰਯੋਗ ਹੈ ਕਿ ਵਾਸ਼ਿੰਗਟਨ ਹਿਲਟਨ ਹੋਟਲ ਵਿੱਚ ਚੱਲ ਰਹੇ ਸਾਲਾਨਾ ਡਿਨਰ ਦੌਰਾਨ ਇੱਕ ਬੰਦੂਕਧਾਰੀ ਨੇ ਗੋਲੀਆਂ ਚਲਾ ਦਿੱਤੀਆਂ ਸਨ, ਜਿਸ ਤੋਂ ਬਾਅਦ ਸੀਕਰੇਟ ਸਰਵਿਸ ਦੇ ਏਜੰਟਾਂ ਨੇ ਰਾਸ਼ਟਰਪਤੀ ਨੂੰ ਤੁਰੰਤ ਸਟੇਜ ਤੋਂ ਹਟਾ ਕੇ ਸੁਰੱਖਿਅਤ ਥਾਂ ‘ਤੇ ਪਹੁੰਚਾਇਆ ਸੀ। ਟਰੰਪ ਨੇ ਦੱਸਿਆ ਕਿ ਜਦੋਂ ਗੋਲੀਆਂ ਚੱਲੀਆਂ ਤਾਂ ਉਹ ਘਬਰਾਏ ਨਹੀਂ ਸਨ। ਉਨ੍ਹਾ ਮੰਨਿਆ ਕਿ ਉਨ੍ਹਾ ਦੀ ਇਸ ਜ਼ਿੱਦ ਕਾਰਨ ਸੁਰੱਖਿਆ ਏਜੰਟਾਂ ਨੂੰ ਮੁਸ਼ਕਲ ਪੇਸ਼ ਆਈ। ਰਾਸ਼ਟਰਪਤੀ ਨੇ ਕਿਹਾ, ‘ਮੈਂ ਉਨ੍ਹਾਂ ਲਈ ਕੰਮ ਆਸਾਨ ਨਹੀਂ ਕਰ ਰਿਹਾ ਸੀ। ਏਜੰਟ ਵਾਰ-ਵਾਰ ਮੈਨੂੰ ਜ਼ਮੀਨ ‘ਤੇ ਲੇਟਣ ਲਈ ਕਹਿ ਰਹੇ ਸਨ। ਅਖੀਰ ਮੈਂ ਅਤੇ ਫਸਟ ਲੇਡੀ ਹੇਠਾਂ ਬੈਠ ਗਏ ਅਤੇ ਉਹ ਸਾਨੂੰ ਬਾਹਰ ਲੈ ਗਏ।’”
ਇੰਟਰਵਿਊ ਦੌਰਾਨ ਜਦੋਂ ਹਮਲਾਵਰ ਦੇ ਮੈਨੀਫੈਸਟੋ (ਘੋਸ਼ਣਾ ਪੱਤਰ) ਦਾ ਹਵਾਲਾ ਦਿੱਤਾ ਗਿਆ, ਤਾਂ ਟਰੰਪ ਮੀਡੀਆ ‘ਤੇ ਬੁਰੀ ਤਰ੍ਹਾਂ ਭੜਕ ਗਏ। ਉਨ੍ਹਾ ਪੱਤਰਕਾਰ ਨੂੰ ‘ਘਿਣਾਉਣੇ ਲੋਕ’ ਕਹਿੰਦਿਆਂ ਕਿਹਾ ਕਿ ਅਜਿਹੇ ਇਲਜ਼ਾਮਾਂ ਨੂੰ ਕੌਮੀ ਟੈਲੀਵਿਜ਼ਨ ‘ਤੇ ਪੜ੍ਹਨਾ ਸ਼ਰਮਨਾਕ ਹੈ। ਟਰੰਪ ਨੇ ਕਿਹਾ, ‘ਮੈਨੂੰ ਪਤਾ ਸੀ ਕਿ ਤੁਸੀਂ ਇਹ ਪੜ੍ਹੋਗੇ, ਕਿਉਂਕਿ ਤੁਸੀਂ ਲੋਕ ਘਟੀਆ ਹੋ। ਮੈਂ ਉਹ ਮੈਨੀਫੈਸਟੋ ਪੜ੍ਹਿਆ ਹੈ, ਉਹ ਬੰਦਾ ਮਾਨਸਿਕ ਰੋਗੀ ਹੈ। ਮੇਰਾ ਉਨ੍ਹਾਂ ਗੱਲਾਂ ਨਾਲ ਕੋਈ ਲੈਣਾ-ਦੇਣਾ ਨਹੀਂ ਅਤੇ ਮੈਂ ਸਾਰੇ ਮਾਮਲਿਆਂ ਵਿੱਚੋਂ ਬਰੀ ਹੋ ਚੁੱਕਾ ਹਾਂ।’”
ਰਾਸ਼ਟਰਪਤੀ ਨੇ ਵ੍ਹਾਈਟ ਹਾਊਸ ਕਰਸਪੌਂਡੈਂਟਸ ਐਸੋਸੀਏਸ਼ਨ ਨੂੰ ਅਪੀਲ ਕੀਤੀ ਹੈ ਕਿ ਇਸ ਪ੍ਰੋਗਰਾਮ ਨੂੰ ਰੱਦ ਨਾ ਕੀਤਾ ਜਾਵੇ, ਸਗੋਂ ਅਗਲੇ 30 ਦਿਨਾਂ ਦੇ ਅੰਦਰ ਮੁੜ ਕਰਵਾਇਆ ਜਾਵੇ। ਉਨ੍ਹਾ ਕਿਹਾ ਕਿ ਕਿਸੇ ਇੱਕ ਸਿਰਫਿਰੇ ਵਿਅਕਤੀ ਕਾਰਨ ਅਜਿਹੇ ਵੱਡੇ ਸਮਾਗਮ ਰੁਕਣੇ ਨਹੀਂ ਚਾਹੀਦੇ। ਹਾਲਾਂਕਿ, ਉਨ੍ਹਾ ਆਪਣੇ ਅੰਦਾਜ਼ ਵਿੱਚ ਇਹ ਵੀ ਜੋੜਿਆ ਕਿ ਉਹ ਬਹੁਤ ਰੁੱਝੇ ਹੋਏ ਹਨ ਅਤੇ ਉਨ੍ਹਾ ਨੂੰ ਉੱਥੇ ਜਾਣ ਦੀ ਕੋਈ ਖਾਸ ਲੋੜ ਨਹੀਂ ਹੈ।