ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਹਾਈ ਕੋਰਟ ਦੀ ਜੱਜ ਸਵਰਨਕਾਂਤਾ ਸ਼ਰਮਾ ਦੀ ਅਦਾਲਤ ਵਿੱਚ ਚੱਲ ਰਹੇ ਆਪਣੇ ਕੇਸ ਵਿੱਚ ਨਾ ਪੇਸ਼ ਹੋਣ ਅਤੇ ਨਾ ਹੀ ਕੋਈ ਦਲੀਲ ਰੱਖਣ ਦਾ ਵੱਡਾ ਫੈਸਲਾ ਲਿਆ ਹੈ। ਸੋਮਵਾਰ ਉਨ੍ਹਾ ਇਹ ਜਾਣਕਾਰੀ ਦਿੰਦਿਆਂ ਕਿਹਾ—ਜਸਟਿਸ ਸਵਰਨਕਾਂਤਾ ਸ਼ਰਮਾ ਤੋਂ ਨਿਆਂ ਮਿਲਣ ਦੀ ਮੇਰੀ ਉਮੀਦ ਟੁੱਟ ਚੁੱਕੀ ਹੈ। ਇਸ ਲਈ ਆਪਣੀ ਅੰਤਰ-ਆਤਮਾ ਦੀ ਆਵਾਜ਼ ਸੁਣਦੇ ਹੋਏ ਗਾਂਧੀ ਜੀ ਦੇ ਸਿਧਾਂਤਾਂ ਨੂੰ ਮੰਨਦੇ ਹੋਏ ਅਤੇ ਸੱਤਿਆਗ੍ਰਹਿ ਦੀ ਭਾਵਨਾ ਨਾਲ ਮੈਂ ਫੈਸਲਾ ਕੀਤਾ ਹੈ ਕਿ ਮੈਂ ਇਸ ਕੇਸ ਵਿੱਚ ਉਨ੍ਹਾ ਦੇ ਸਾਹਮਣੇ ਪੇਸ਼ ਨਹੀਂ ਹੋਵਾਂਗਾ ਅਤੇ ਕੋਈ ਦਲੀਲ ਵੀ ਨਹੀਂ ਰੱਖਾਂਗਾ। ਇਸ ਸੰਬੰਧੀ ਮੈਂ ਉਨ੍ਹਾ ਨੂੰ ਇਕ ਪੱਤਰ ਲਿਖ ਕੇ ਸੂਚਿਤ ਵੀ ਕਰ ਦਿੱਤਾ ਹੈ।
ਕੇਜਰੀਵਾਲ ਨੇ ਕਿਹਾ, ‘ਮੈਂ ਹਿੱਤਾਂ ਦੇ ਟਕਰਾਅ ਕਾਰਨ ਜੱਜ ਸਵਰਨਕਾਂਤਾ ਸ਼ਰਮਾ ਨੂੰ ਮੇਰੇ ਕੇਸ ਤੋਂ ਖੁਦ ਹਟਣ ਦੀ ਬੇਨਤੀ ਕੀਤੀ ਸੀ, ਪਰ ਉਨ੍ਹਾ ਖੁਦ ਹੀ ਮੇਰੇ ਕੇਸ ਨੂੰ ਸੁਣਨ ਦਾ ਫੈਸਲਾ ਕੀਤਾ। ਇਸ ਕੇਸ ਵਿੱਚ ਜਸਟਿਸ ਸਵਰਨਕਾਂਤਾ ਸ਼ਰਮਾ, ਜੋ ਵੀ ਫੈਸਲਾ ਸੁਣਾਉਣਗੇ, ਉਸ ‘ਤੇ ਮੈਂ ਆਪਣੇ ਕਾਨੂੰਨੀ ਅਧਿਕਾਰ ਦੀ ਵਰਤੋਂ ਕਰਨ ਲਈ ਸੁਤੰਤਰ ਹਾਂ।’ ਇਸ ਦੇ ਨਾਲ ਹੀ ਉਨ੍ਹਾ ਸਪੱਸ਼ਟ ਕੀਤਾ ਕਿ ਮੈਨੂੰ ਨਿਆਂ ਪਾਲਿਕਾ ‘ਤੇ ਪੂਰਾ ਭਰੋਸਾ ਹੈ ਅਤੇ ਮੈਂ ਉਸ ਦਾ ਪੂਰਾ ਸਤਿਕਾਰ ਕਰਦਾ ਹਾਂ, ਕਿਉਂਕਿ ਜਦੋਂ ਮੇਰੇ ਖਿਲਾਫ ਸਾਜ਼ਿਸ਼ਾਂ ਹੋਈਆਂ ਤਾਂ ਨਿਆਂ ਪਾਲਿਕਾ ਨੇ ਹੀ ਮੈਨੂੰ ਦੋਸ਼ ਮੁਕਤ ਕਰਕੇ ਨਿਆਂ ਦਿੱਤਾ ਸੀ।
ਉਹਨਾ ਕਿਹਾ, ‘ਸਭ ਜਾਣਦੇ ਹਨ ਕਿ ਮੈਨੂੰ ਇੱਕ ਝੂਠੇ ਕੇਸ ਵਿੱਚ ਫਸਾਇਆ ਗਿਆ। ਮੈਨੂੰ ਜੇਲ੍ਹ ਭੇਜ ਦਿੱਤਾ ਗਿਆ। ਇੱਕ ਚੁਣੀ ਹੋਈ ਸਰਕਾਰ ਨੂੰ ਗਲਤ ਤਰੀਕੇ ਨਾਲ ਡੇਗ ਦਿੱਤਾ ਗਿਆ। ਸਾਨੂੰ ਕਈ ਮਹੀਨੇ ਜੇਲ੍ਹ ਵਿੱਚ ਰੱਖਿਆ ਗਿਆ, ਪਰ ਆਖਰਕਾਰ ਸੱਚ ਦੀ ਜਿੱਤ ਹੋਈ। 27 ਫਰਵਰੀ ਨੂੰ ਅਦਾਲਤ ਨੇ ਮੈਨੂੰ ਪੂਰੀ ਤਰ੍ਹਾਂ ਨਿਰਦੋਸ਼ ਘੋਸ਼ਿਤ ਕਰ ਦਿੱਤਾ। ਕੋਰਟ ਨੇ ਕਿਹਾ ਕਿ ਕੇਜਰੀਵਾਲ ਨਿਰਦੋਸ਼ ਹੈ ਅਤੇ ਕੇਜਰੀਵਾਲ ਨੇ ਕੋਈ ਭ੍ਰਿਸ਼ਟਾਚਾਰ ਨਹੀਂ ਕੀਤਾ। ਅਦਾਲਤ ਨੇ ਸੀ ਬੀ ਆਈ ਦੀ ਜਾਂਚ ‘ਤੇ ਹੀ ਸਵਾਲ ਖੜ੍ਹੇ ਕਰ ਦਿੱਤੇ ਅਤੇ ਜਾਂਚ ਅਧਿਕਾਰੀ ਦੇ ਖਿਲਾਫ ਕਾਰਵਾਈ ਕਰਨ ਦੇ ਹੁਕਮ ਦੇ ਦਿੱਤੇ, ਪਰ ਸੱਚ ਦਾ ਰਸਤਾ ਆਸਾਨ ਨਹੀਂ ਹੁੰਦਾ। ਸੀ ਬੀ ਆਈ ਨੇ ਤੁਰੰਤ ਇਸ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਅਤੇ ਇਹ ਕੇਸ ਜਸਟਿਸ ਸਵਰਨਕਾਂਤਾ ਸ਼ਰਮਾ ਦੇ ਸਾਹਮਣੇ ਲੱਗ ਗਿਆ। ਉਦੋਂ ਮੇਰੇ ਮਨ ਵਿੱਚ ਇੱਕ ਬਹੁਤ ਵੱਡਾ ਸਵਾਲ ਉੱਠਿਆ ਕਿ ਕੀ ਉਨ੍ਹਾ ਦੇ ਸਾਹਮਣੇ ਮੈਨੂੰ ਨਿਆਂ ਮਿਲੇਗਾ? ਮੇਰੇ ਮਨ ਵਿੱਚ ਇਹ ਪ੍ਰਸ਼ਨ ਕਿਉਂ ਆਇਆ, ਇਸ ਦੇ ਕਈ ਕਾਰਨ ਹਨ, ਪਰ ਦੋ ਮੁੱਖ ਕਾਰਨ ਹਨ। ਪਹਿਲਾ ਕਾਰਨ ਇਹ ਹੈ ਕਿ ਆਰ ਐੱਸ ਐੱਸ ਦੀ ਜਿਸ ਵਿਚਾਰਧਾਰਾ ਵਾਲੀ ਸਰਕਾਰ ਨੇ ਝੂਠੇ ਇਲਜ਼ਾਮ ਲਗਾ ਕੇ ਮੈਨੂੰ ਜੇਲ੍ਹ ਪਾਇਆ, ਜੱਜ ਸਾਹਿਬਾ ਨੇ ਖੁਦ ਮੰਨਿਆ ਹੈ ਕਿ ਉਹ ਉਸ ਵਿਚਾਰਧਾਰਾ ਨਾਲ ਜੁੜੇ ਸੰਗਠਨ ਅਖਿਲ ਭਾਰਤੀ ਅਧਿਵਕਤਾ ਪ੍ਰੀਸ਼ਦ ਦੇ ਮੰਚਾਂ ‘ਤੇ ਕਈ ਵਾਰ ਜਾਂਦੀ ਰਹੀ ਹੈ। ਮੈਂ ਅਤੇ ਆਮ ਆਦਮੀ ਪਾਰਟੀ ਉਸ ਵਿਚਾਰਧਾਰਾ ਦੇ ਕੱਟੜ ਵਿਰੋਧੀ ਹਾਂ। ਅਜਿਹੇ ਵਿੱਚ ਕੀ ਉਨ੍ਹਾ ਦੇ ਸਾਹਮਣੇ ਮੈਨੂੰ ਨਿਆਂ ਮਿਲ ਸਕਦਾ ਹੈ? ਦੂਜਾ ਕਾਰਨ ਹਿੱਤਾਂ ਦਾ ਟਕਰਾਅ ਹੈ। ਅਦਾਲਤ ਵਿੱਚ ਮੇਰੇ ਵਿਰੋਧ ਵਿੱਚ ਕੇਂਦਰ ਸਰਕਾਰ ਦੀ ਸੀ ਬੀ ਆਈ ਹੈ ਅਤੇ ਜਸਟਿਸ ਸਵਰਨਕਾਂਤਾ ਸ਼ਰਮਾ ਦੇ ਦੋਵੇਂ ਬੱਚੇ ਕੇਂਦਰ ਸਰਕਾਰ ਵਿੱਚ ਕੰਮ ਕਰਦੇ ਹਨ। ਉਨ੍ਹਾ ਦੇ ਦੋਵੇਂ ਬੱਚੇ ਕੇਂਦਰ ਸਰਕਾਰ ਦੇ ਵਕੀਲਾਂ ਦੇ ਪੈਨਲ ਵਿੱਚ ਹਨ। ਸਾਡੇ ਸਾਹਮਣੇ ਕੋਰਟ ਵਿੱਚ ਦੂਜੇ ਪਾਸੇ ਵਕੀਲ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਹਨ। ਤੁਸ਼ਾਰ ਮਹਿਤਾ ਦੋਵਾਂ ਬੱਚਿਆਂ ਨੂੰ ਕੇਸ ਦਿੰਦੇ ਹਨ। ਉਨ੍ਹਾਂ ਨੂੰ ਕਿੰਨੇ ਕੇਸ ਮਿਲਣਗੇ, ਕਿਹੜੇ ਕੇਸ ਮਿਲਣਗੇ, ਇਹ ਤੁਸ਼ਾਰ ਮਹਿਤਾ ਤੈਅ ਕਰਦੇ ਹਨ। ਭਾਰਤ ਸਰਕਾਰ ਦੇ ਪੈਨਲ ਵਿੱਚ ਲਗਭਗ 700 ਦੇ ਕਰੀਬ ਵਕੀਲ ਹਨ, ਪਰ ਜਸਟਿਸ ਸਵਰਨਕਾਂਤਾ ਸ਼ਰਮਾ ਦੇ ਬੇਟੇ ਸਭ ਤੋਂ ਵੱਧ ਕੇਸ ਪਾਉਣ ਵਾਲੇ ਵਕੀਲਾਂ ਵਿੱਚੋਂ ਇੱਕ ਹਨ। ਉਨ੍ਹਾਂ ਦੇ ਬੇਟੇ ਨੂੰ 2023 ਤੋਂ 2025 ਦੇ ਵਿਚਕਾਰ ਲਗਭਗ 5,904 ਕੇਸ ਮਿਲੇ। ਇਸ ਨਾਲ ਉਨ੍ਹਾ ਦੇ ਬੇਟੇ ਨੂੰ ਕਰੋੜਾਂ ਰੁਪਏ ਦੀ ਫੀਸ ਮਿਲੀ। ਅੱਜ ਦੀ ਤਰੀਕ ਵਿੱਚ ਉਨ੍ਹਾਂ ਬੱਚਿਆਂ ਦਾ ਭਵਿੱਖ ਅਤੇ ਕਮਾਈ ਦੋਵੇਂ ਕਾਫੀ ਹੱਦ ਤੱਕ ਤੁਸ਼ਾਰ ਮਹਿਤਾ ‘ਤੇ ਨਿਰਭਰ ਹੈ। ਤਾਂ ਕਿਸੇ ਦੇ ਵੀ ਮਨ ਵਿੱਚ ਇਹ ਚਿੰਤਾ ਸੁਭਾਵਿਕ ਹੈ ਕਿ ਜੇਕਰ ਜੱਜ ਸਾਹਿਬਾ ਦੇ ਬੱਚਿਆਂ ਦੀ ਕਮਾਈ ਅਤੇ ਉਨ੍ਹਾਂ ਦਾ ਭਵਿੱਖ ਸਾਹਮਣੇ ਖੜ੍ਹਾ ਵਕੀਲ ਤੈਅ ਕਰ ਰਿਹਾ ਹੈ, ਤਾਂ ਕੀ ਜੱਜ ਸਾਹਿਬਾ ਉਸ ਵਕੀਲ ਦੇ ਖਿਲਾਫ ਫੈਸਲਾ ਦੇ ਸਕਣਗੇ? ‘
ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਜਸਟਿਸ ਸਵਰਨਕਾਂਤਾ ਸ਼ਰਮਾ ਦਾ ਵੀ ਬਹੁਤ ਸਤਿਕਾਰ ਕਰਦਾ ਹਾਂ। ਮੈਨੂੰ ਉਨ੍ਹਾ ਜਾਂ ਉਨ੍ਹਾ ਦੇ ਪਰਵਾਰ ਤੋਂ ਕਿਸੇ ਵੀ ਕਿਸਮ ਦਾ ਕੋਈ ਨਿੱਜੀ ਇਤਰਾਜ਼ ਨਹੀਂ, ਪਰ ਨਿਆਂ ਦਾ ਇੱਕ ਬਹੁਤ ਵੱਡਾ ਸਿਧਾਂਤ ਹੈ ਕਿ ਨਿਆਂ ਸਿਰਫ਼ ਹੋਣਾ ਹੀ ਨਹੀਂ ਚਾਹੀਦਾ, ਸਗੋਂ ਹੁੰਦਾ ਹੋਇਆ ਦਿਖਣਾ ਵੀ ਚਾਹੀਦਾ ਹੈ। ਇਸ ਲਈ ਮੈਂ ਜਸਟਿਸ ਸਵਰਨਕਾਂਤਾ ਸ਼ਰਮਾ ਨੂੰ ਪੂਰੇ ਸਤਿਕਾਰ ਨਾਲ ਬੇਨਤੀ ਕੀਤੀ ਸੀ ਕਿ ਉਹ ਹਿੱਤਾਂ ਦੇ ਟਕਰਾਅ ਵਰਗੇ ਕਾਰਨਾਂ ਕਰਕੇ ਇਸ ਕੇਸ ਤੋਂ ਖੁਦ ਨੂੰ ਵੱਖ ਕਰ ਲੈਣ, ਪਰ ਉਨ੍ਹਾ ਮੇਰੀਆਂ ਦਲੀਲਾਂ ਖਾਰਜ ਕਰ ਦਿੱਤੀਆਂ ਅਤੇ ਫੈਸਲਾ ਦਿੱਤਾ ਕਿ ਉਹ ਖੁਦ ਹੀ ਇਹ ਕੇਸ ਸੁਣਨਗੇ।
ਅੱਜ ਮੇਰੇ ਸਾਹਮਣੇ ਸਭ ਤੋਂ ਆਸਾਨ ਰਸਤਾ ਹੈ ਕਿ ਮੈਂ ਉਨ੍ਹਾ ਦਾ ਹੁਕਮ ਮੰਨ ਲਵਾਂ ਅਤੇ ਇੱਕ ਵੱਡਾ ਵਕੀਲ ਖੜ੍ਹਾ ਕਰਕੇ ਉਨ੍ਹਾ ਦੇ ਸਾਹਮਣੇ ਆਪਣਾ ਕੇਸ ਲੜਾਂ, ਪਰ ਇਹ ਮੁੱਦਾ ਹੁਣ ਸਿਰਫ਼ ਮੇਰੇ ਕੇਸ ਦਾ ਨਹੀਂ, ਸਗੋਂ ਆਮ ਲੋਕਾਂ ਦੇ ਨਿਆਂ ਪ੍ਰਣਾਲੀ ‘ਤੇ ਭਰੋਸੇ ਦਾ ਹੈ। ਅਜਿਹੀ ਦੁਬਿਧਾ ਦੇ ਮੌਕੇ ‘ਤੇ ਬਾਪੂ ਨੇ ਸਾਨੂੰ ਸੱਤਿਆਗ੍ਰਹਿ ਦਾ ਰਸਤਾ ਦਿਖਾਇਆ ਹੈ। ਬਾਪੂ ਨੇ ਕਿਹਾ ਸੀ ਕਿ ਜਦੋਂ ਵੀ ਕਿਸੇ ਬੇਇਨਸਾਫ਼ੀ ਦਾ ਸਾਹਮਣਾ ਕਰੋ ਤਾਂ ਉਸ ਦਾ ਪਹਿਲਾ ਕਦਮ ਵਿਰੋਧ ਨਹੀਂ, ਸਗੋਂ ਗੱਲਬਾਤ ਹੋਣਾ ਚਾਹੀਦਾ ਹੈ। ਆਪਣੀ ਗੱਲ ਬੇਇਨਸਾਫ਼ੀ ਕਰਨ ਵਾਲੇ ਦੇ ਸਾਹਮਣੇ ਪੂਰੀ ਨਿਮਰਤਾ ਨਾਲ ਰੱਖਣੀ ਚਾਹੀਦੀ ਹੈ ਅਤੇ ਉਸ ਨੂੰ ਸੁਧਾਰਨ ਦਾ ਪੂਰਾ ਮੌਕਾ ਦੇਣਾ ਚਾਹੀਦਾ ਹੈ। ਸਾਰੀਆਂ ਕੋਸ਼ਿਸ਼ਾਂ ਦੇ ਬਾਅਦ ਵੀ ਜੇਕਰ ਨਿਆਂ ਨਾ ਮਿਲੇ ਤਾਂ ਅੰਤਰ-ਆਤਮਾ ਦੀ ਆਵਾਜ਼ ਸੁਣੋ। ਜੇਕਰ ਅੰਤਰ-ਆਤਮਾ ਦੀ ਆਵਾਜ਼ ਕਹਿੰਦੀ ਹੈ ਕਿ ਨਿਆਂ ਨਹੀਂ ਹੋਇਆ ਤਾਂ ਸ਼ਾਂਤੀ ਅਤੇ ਨਿਮਰਤਾ ਨਾਲ ਸੱਤਿਆਗ੍ਰਹਿ ਕਰਨਾ ਚਾਹੀਦਾ ਹੈ। ਫਿਰ ਉਸ ਦੇ ਜੋ ਵੀ ਨਤੀਜੇ ਹੋਣ, ਉਹ ਖਿੜੇ ਮੱਥੇ ਪ੍ਰਵਾਨ ਕਰਨੇ ਚਾਹੀਦੇ ਹਨ। ਇਸ ਪੂਰੇ ਘਟਨਾਕ੍ਰਮ ਵਿੱਚ ਬੇਇਨਸਾਫ਼ੀ ਕਰਨ ਵਾਲੇ ਵਿਅਕਤੀ ਪ੍ਰਤੀ ਕਿਸੇ ਵੀ ਕਿਸਮ ਦੀ ਨਫ਼ਰਤ ਜਾਂ ਗੁੱਸਾ ਨਹੀਂ ਹੋਣਾ ਚਾਹੀਦਾ।ਮੈਂ ਵੀ ਗੱਲਬਾਤ ਨਾਲ ਸ਼ੁਰੂਆਤ ਕੀਤੀ। ਪੂਰੀ ਨਿਸ਼ਠਾ ਅਤੇ ਨਿਮਰਤਾ ਨਾਲ ਜਸਟਿਸ ਸਵਰਨਕਾਂਤਾ ਸ਼ਰਮਾ ਦੇ ਸਾਹਮਣੇ ਆਪਣੀ ਗੱਲ ਰੱਖੀ। ਉਨ੍ਹਾ ਨੂੰ ਇਸ ਕੇਸ ਤੋਂ ਵੱਖ ਹੋਣ ਲਈ ਬੇਨਤੀ ਕੀਤੀ। ਮੈਂ ਗੁਜ਼ਾਰਿਸ਼ ਕੀਤੀ ਕਿ ਮੇਰਾ ਕੇਸ ਹਾਈ ਕੋਰਟ ਦੇ ਕਿਸੇ ਵੀ ਹੋਰ ਜੱਜ ਦੁਆਰਾ ਸੁਣ ਲਿਆ ਜਾਵੇ, ਪਰ ਉਨ੍ਹਾ ਮੇਰੀ ਪ੍ਰਾਰਥਨਾ ਅਸਵੀਕਾਰ ਕਰ ਦਿੱਤੀ। ਉਨ੍ਹਾ ਫੈਸਲਾ ਦਿੱਤਾ ਕਿ ਉਹ ਆਪਣੇ ਆਪ ਨੂੰ ਇਸ ਮਾਮਲੇ ਤੋਂ ਵੱਖ ਨਹੀਂ ਕਰਨਗੇ ਅਤੇ ਇਹ ਕੇਸ ਉਹ ਖੁਦ ਹੀ ਸੁਣਨਗੇ। ਉਨ੍ਹਾ ਵੱਲੋਂ ਦਿੱਤੇ ਗਏ ਇਸ ਫੈਸਲੇ ਨਾਲ ਮੈਂ ਪੂਰੀ ਨਿਮਰਤਾ ਸਹਿਤ ਅਸਹਿਮਤ ਹਾਂ। ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਮੇਰਾ ਖਦਸ਼ਾ ਹੋਰ ਡੂੰਘਾ ਹੋ ਗਿਆ ਹੈ ਕਿ ਕੀ ਉਨ੍ਹਾ ਸਾਹਮਣੇ ਮੈਨੂੰ ਨਿਆਂ ਮਿਲੇਗਾ? ਬਾਪੂ ਦੇ ਦਿਖਾਏ ਰਸਤੇ ‘ਤੇ ਚੱਲਦੇ ਹੋਏ ਸੱਤਿਆਗ੍ਰਹਿ ਦੀ ਭਾਵਨਾ ਨਾਲ ਹੁਣ ਮੈਂ ਫੈਸਲਾ ਕੀਤਾ ਹੈ ਕਿ ਮੈਂ ਇਸ ਕੇਸ ਵਿੱਚ ਜਸਟਿਸ ਸਵਰਨਕਾਂਤਾ ਸ਼ਰਮਾ ਦੀ ਅਦਾਲਤ ਵਿੱਚ ਨਾ ਤਾਂ ਖੁਦ ਪੇਸ਼ ਹੋਵਾਂਗਾ ਅਤੇ ਨਾ ਹੀ ਮੇਰੀ ਤਰਫੋਂ ਕੋਈ ਵਕੀਲ ਪੈਰਵੀ ਕਰੇਗਾ। ਜਸਟਿਸ ਸਵਰਨਕਾਂਤਾ ਸ਼ਰਮਾ ਜੋ ਵੀ ਫੈਸਲਾ ਸੁਣਾਉਣਗੇ, ਉਸ ‘ਤੇ ਸਮਾਂ ਆਉਣ ‘ਤੇ ਮੇਰੇ ਜੋ ਵੀ ਕਾਨੂੰਨੀ ਅਧਿਕਾਰ ਹਨ, ਜਿਵੇਂ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣਾ ਆਦਿ, ਉਹ ਸਾਰੇ ਕਦਮ ਚੁੱਕਣ ਲਈ ਮੈਂ ਸੁਤੰਤਰ ਹਾਂ।
ਆਮ ਆਦਮੀ ਪਾਰਟੀ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਨੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਜਸਟਿਸ ਸਵਰਨਕਾਂਤਾ ਸ਼ਰਮਾ ਦੀ ਅਦਾਲਤ ਵਿੱਚ ਪੇਸ਼ ਨਾ ਹੋਣ ਦੇ ਫੈਸਲੇ ਦਾ ਜ਼ੋਰਦਾਰ ਸਮਰਥਨ ਕੀਤਾ ਹੈ। ਪਾਰਟੀ ਨੇ ਇਸ ਨੂੰ ਸੱਚਾਈ, ਸਵੈ-ਮਾਣ ਅਤੇ ਗਾਂਧੀਵਾਦੀ ਸੱਤਿਆਗ੍ਰਹਿ ਦੇ ਫਲਸਫੇ ਵਿੱਚ ਰਚਿਆ ਹੋਇਆ ਇੱਕ ਸਿਧਾਂਤਕ ਕਦਮ ਕਰਾਰ ਦਿੱਤਾ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, ‘ਅਰਵਿੰਦ ਕੇਜਰੀਵਾਲ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਇਨਸਾਫ਼ ਅਤੇ ਸਵੈ-ਮਾਣ ਲਈ ਇਨਸਾਨ ਨੂੰ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਜਦੋਂ ਨਿਆਂ ਪਾਲਿਕਾ ਦੀ ਨਿਰਪੱਖਤਾ ‘ਤੇ ਸਵਾਲ ਉੱਠਦੇ ਹਨ, ਤਾਂ ਜਨਤਾ ਦਾ ਵਿਸ਼ਵਾਸ ਡੋਲ ਜਾਂਦਾ ਹੈ। ਅਸੀਂ ਸਾਰੇ ਉਨ੍ਹਾ ਦੇ ਨਾਲ ਚਟਾਨ ਵਾਂਗ ਖੜ੍ਹੇ ਹਾਂ।’
‘ਆਪ’ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਕਿਹਾ, ‘ਜਦੋਂ ਨਿਆਂ ‘ਤੇ ਸਿਆਸੀ ਪਰਛਾਵੇਂ ਪੈਂਦੇ ਹਨ, ਤਾਂ ਸੱਚ ਅਤੇ ਨਿਰਪੱਖਤਾ ਦੋਵਾਂ ਦਾ ਨੁਕਸਾਨ ਹੁੰਦਾ ਹੈ। ਭਾਜਪਾ ਅਤੇ ਇਸ ਦੇ ਵਿਚਾਰਧਾਰਕ ਤਾਣੇ-ਬਾਣੇ ਨਾਲ ਜੁੜੇ ਮਾਮਲਿਆਂ ਵਿੱਚ ਨਿਰਪੱਖਤਾ ‘ਤੇ ਸ਼ੱਕ ਪੈਦਾ ਹੋਣਾ ਸੁਭਾਵਿਕ ਹੈ।’ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਬਿਜਲੀ ਮੰਤਰੀ ਸੰਜੀਵ ਅਰੋੜਾ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ, ਲਾਲ ਚੰਦ ਕਟਾਰੂ ਚੱਕ, ਹਰਦੀਪ ਸਿੰਘ ਮੁੰਡੀਆਂ ਅਤੇ ਹਰਭਜਨ ਸਿੰਘ ਈ ਟੀ ਓ ਨੇ ਵੀ ਇਸੇ ਤਰ੍ਹਾਂ ਦੇ ਵਿਚਾਰ ਪ੍ਰਗਟ ਕਰਦਿਆਂ ਕੇਜਰੀਵਾਲ ਨਾਲ ਇਕਜੁੱਟਤਾ ਪ੍ਰਗਟਾਈ ਅਤੇ ਸੱਚ ਤੇ ਨਿਆਂ ਦੀ ਲੜਾਈ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ।





