ਤਾਮਿਲਨਾਡੂ ‘ਚ ਡੀ ਐੱਮ ਕੇ ਗੱਠਜੋੜ ਤੇ ਕੇਰਲਾ ‘ਚ ਕਾਂਗਰਸ ਗੱਠਜੋੜ ਅੱਗੇ, ਆਸਾਮ ਤੇ ਪੁੱਡੂਚੇਰੀ ‘ਚ ਐੱਨ ਡੀ ਏ ਨੂੰ ਲੀਡ
ਨਵੀਂ ਦਿੱਲੀ : ਕੇਂਦਰੀ ਬਲਾਂ ਦੀ ਅੰਨ੍ਹੀ ਸਖਤੀ ਦਰਮਿਆਨ ਪੱਛਮੀ ਬੰਗਾਲ ਵਿੱਚ ਵੋਟਾਂ ਦਾ ਕੰਮ ਬੁੱਧਵਾਰ ਮੁੱਕਣ ਤੋਂ ਬਾਅਦ ਆਏ ਐਗਜ਼ਿਟ ਪੋਲਾਂ ਵਿੱਚ ਛੇ ਵਿੱਚੋਂ ਪੰਜ ‘ਚ ਭਾਜਪਾ ਦੀ ਸਰਕਾਰ ਬਣਨ ਦੀ ਭਵਿੱਖਬਾਣੀ ਕੀਤੀ ਗਈ ਹੈ। ਸਿਰਫ ਪੀਪਲਜ਼ ਪਲਸ ਨੇ ਹੀ ਮਮਤਾ ਬੈਨਰਜੀ ਦੀ ਟੀ ਐੱਮ ਸੀ ਨੂੰ 294 ਵਿੱਚੋਂ 177-187 ਸੀਟਾਂ ਅਤੇ ਭਾਜਪਾ ਨੂੰ 95-110 ਸੀਟਾਂ ਦਿੱਤੀਆਂ ਹਨ। ਆਸਾਮ ਵਿੱਚ ਲਗਭਗ ਸਾਰੇ ਪੋਲਾਂ ਵਿੱਚ ਭਾਜਪਾ ਦੀ ਤੀਜੀ ਵਾਰ ਸਰਕਾਰ ਬਣਾਈ ਗਈ ਹੈ। ਕੇਰਲਾ ਵਿੱਚ ਕਾਂਗਰਸ ਦੇ ਗੱਠਜੋੜ ਯੂ ਡੀ ਐੱਫ ਨੂੰ ਥੋੜ੍ਹਾ ਅੱਗੇ ਦਿਖਾਇਆ ਗਿਆ ਹੈ। ਪੀਪਲਜ਼ ਪਲਸ ਤੇ ਮੈਟ੍ਰੀਜ਼ ਨੇ ਤਾਮਿਲਨਾਡੂ ਵਿੱਚ ਡੀ ਐੱਮ ਕੇ ਦੀ ਅਗਵਾਈ ਵਾਲੇ ਗੱਠਜੋੜ ਨੂੰ ਲਗਾਤਾਰ ਦੂਜੀ ਵਾਰ ਜਿਤਾਇਆ ਹੈ। ਇਨ੍ਹਾਂ ਨੇ ਉਸ ਨੂੰ 234 ਵਿੱਚੋਂ 122 ਤੋਂ 145 ਸੀਟਾਂ ਦਿੱਤੀਆਂ ਹਨ। ਅੰਨਾ ਡੀ ਐੱਮ ਕੇ ਤੇ ਭਾਜਪਾ ਦੇ ਗੱਠਜੋੜ ਨੂੰ 65 ਤੋਂ 110 ਸੀਟਾਂ ਦਿੱਤੀਆਂ ਹਨ। ਕੇਂਦਰ ਸ਼ਾਸਤ ਪ੍ਰਦੇਸ਼ ਪੁੱਡੂਚੇਰੀ ਦੀ 30 ਮੈਂਬਰੀ ਅਸੈਂਬਲੀ ਲਈ ਪੀਪਲਜ਼ ਪਲਸ ਤੇ ਐਕਸਿਸ ਮਾਇ ਇੰਡੀਆ ਨੇ 16-20 ਸੀਟਾਂ ਨਾਲ ਮੁੜ ਐੱਨ ਡੀ ਏ ਨੂੰ ਜਿਤਾਇਆ ਹੈ।
ਪੱਛਮੀ ਬੰਗਾਲ ਅਸੈਂਬਲੀ ਚੋਣਾਂ ਦੇ ਦੂਜੇ ਤੇ ਆਖਰੀ ਗੇੜ ਵਿੱਚ ਬੁੱਧਵਾਰ 142 ਸੀਟਾਂ ਲਈ ਸ਼ਾਮ 5 ਵਜੇ ਤੱਕ, 89.99 ਫੀਸਦੀ ਵੋਟਿੰਗ ਦਰਜ ਕੀਤੀ ਗਈ। ਬੂਥਾਂ ਦੇ ਅੰਦਰ ਆ ਚੁੱਕੇ ਵੋਟਰਾਂ ਨੇ ਵੋਟਾਂ ਭੁਗਤਾਉਣੀਆਂ ਸਨ। ਪਹਿਲੇ ਗੇੜ ਵਿੱਚ 23 ਅਪ੍ਰੈਲ ਨੂੰ 152 ਸੀਟਾਂ ਲਈ ਰਿਕਾਰਡ 93 ਫੀਸਦੀ ਵੋਟਿੰਗ ਹੋਈ ਸੀ। ਪੱਛਮੀ ਬੰਗਾਲ ਦੇ ਨਤੀਜੇ ਵੀ ਤਾਮਿਲਨਾਡੂ, ਕੇਰਲਾ, ਆਸਾਮ ਤੇ ਪੁੱਡੂਚੇਰੀ ਦੇ ਨਾਲ ਹੀ 4 ਮਈ ਨੂੰ ਐਲਾਨੇ ਜਾਣਗੇ।
ਇਸ ਦੌਰਾਨ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੀ ਆਰ ਪੀ ਐੱਫ ‘ਤੇ ਟੀ ਅੱੈਮ ਸੀ ਸਮਰਥਕਾਂ ‘ਤੇ ਹਮਲਾ ਕਰਨ ਦਾ ਦੋਸ਼ ਲਗਾਇਆ। ਕੋਲਕਾਤਾ ਵਿੱਚ ਮਮਤਾ ਬੈਨਰਜੀ ਨੇ ਕਿਹਾ, ‘ਸੀ ਆਰ ਪੀ ਐੱਫ ਨੇ ਸਾਰੇ ਬੂਥਾਂ ‘ਤੇ ਕਬਜ਼ਾ ਕਰ ਲਿਆ। ਬੰਗਾਲ ਪੁਲਸ ਕਿਤੇ ਵੀ ਦਿਖਾਈ ਨਹੀਂ ਦੇ ਰਹੀ। ਸੀ ਆਰ ਪੀ ਐੱਫ ਨੇ ਸਾਡੇ ਬਹੁਤ ਸਾਰੇ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ। ਵੋਟਰਾਂ ਅਤੇ ਕੇਂਦਰੀ ਨਿਰੀਖਕਾਂ ਨੂੰ ਵੀ ਮਾਰਿਆ ਗਿਆ। ਔਰਤਾਂ ਅਤੇ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਗਿਆ। ਉਨ੍ਹਾਂ ਨੂੰ ਸਰਹੱਦ ਦੀ ਰੱਖਿਆ ਕਰਨੀ ਚਾਹੀਦੀ ਹੈ, ਪਰ ਉਹ ਇੱਕ ਪਾਰਟੀ ਦੀ ਰੱਖਿਆ ਕਰ ਰਹੇ ਹਨ।’ ਟੀ ਐੱਮ ਸੀ ਨੇ ਦੋਸ਼ ਲਗਾਇਆ ਕਿ ਹਾਵੜਾ ਦੇ ਉਦੇਨਾਰਾਇਣਪੁਰ ਵਿੱਚ ਸੀ ਆਰ ਪੀ ਐੱਫ ਦੇ ਹਮਲੇ ਤੋਂ ਬਾਅਦ ਇੱਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ। ਟੀ ਅੱੈਮ ਸੀ ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨੇ ਦਾਅਵਾ ਕੀਤਾ ਕਿ ਬਜ਼ੁਰਗ ਵਿਅਕਤੀ ਆਪਣੇ ਪੁੱਤਰ ਨਾਲ ਵੋਟ ਪਾਉਣ ਗਿਆ ਸੀ। ਕੇਂਦਰੀ ਬਲਾਂ ਨੇ ਉਨ੍ਹਾਂ ਨੂੰ ਧੱਕਾ ਮਾਰਿਆ ਅਤੇ ਹਮਲਾ ਕੀਤਾ। ਬਜ਼ੁਰਗ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।




