10 ਕਿੱਲੋ ਹੈਰੋਇਨ ਸਣੇ 3 ਫੜੇ

0
9

ਅੰਮ੍ਰਿਤਸਰ (ਜਸਬੀਰ ਸਿੰਘ ਪੱਟੀ, ਕੰਵਲਜੀਤ ਸਿੰਘ)
ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਲਵਪ੍ਰੀਤ ਸਿੰਘ ਵਾਸੀ ਵੈਰੋਵਾਲ ਰੋਡ, ਜੰਡਿਆਲਾ ਗੁਰੂ ਨੂੰ ਗ੍ਰਿਫਤਾਰ ਕਰਕੇ 6 ਕਿੱਲੋ ਹੈਰੋਇਨ ਤੇ ਹੁੰਡਈ ਆਈ-10 ਕਾਰ ਜ਼ਬਤ ਕੀਤੀ ਹੈ। ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮ ਦੁਬਈ ਦੇ ਹੈਂਡਲਰ ਅੰਤਰਪ੍ਰੀਤ ਸਿੰਘ ਦੇ ਇਸ਼ਾਰੇ ‘ਤੇ ਕੰਮ ਕਰ ਰਿਹਾ ਸੀ। ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਅੰਤਰਪ੍ਰੀਤ ਸਿੰਘ ਦੇ ਨਿਰਦੇਸ਼ਾਂ ‘ਤੇ ਹੈਰੋਇਨ ਦੀਆਂ ਵੱਡੀਆਂ ਖੇਪਾਂ ਪ੍ਰਾਪਤ ਕਰਕੇ ਇਨ੍ਹਾਂ ਦੀ ਅੱਗੇ ਸਪਲਾਈ ਵੀ ਕਰਦਾ ਸੀ। ਭਰੋਸੇਯੋਗ ਜਾਣਕਾਰੀ ਮਿਲੀ ਸੀ ਕਿ ਮੁਲਜ਼ਮ ਲਵਪ੍ਰੀਤ ਨੇ ਹਾਲ ਹੀ ਵਿੱਚ ਹੈਰੋਇਨ ਦੀ ਇੱਕ ਵੱਡੀ ਖੇਪ ਪ੍ਰਾਪਤ ਕੀਤੀ ਹੈ ਅਤੇ ਇਹ ਖੇਪ ਅੰਮ੍ਰਿਤਸਰ-ਜਲੰਧਰ ਜੀ ਟੀ ਰੋਡ ‘ਤੇ ਅੱਡਾ ਮਾਨਾਵਾਲਾ ਨੇੜੇ ਕਿਸੇ ਹੋਰ ਪਾਰਟੀ ਨੂੰ ਪਹੁੰਚਾਈ ਜਾਣੀ ਹੈ। ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਸਰਹੱਦ ਪਾਰੋਂ ਚੱਲ ਰਹੇ ਨਸ਼ੀਲੇ ਪਦਾਰਥ ਤੇ ਹਥਿਆਰ ਤਸਕਰੀ ਮਡਿਊਲ ਨਾਲ ਸੰਬੰਧਤ ਦੋ ਮੁਲਜ਼ਮਾਂ ਨੂੰ 4.108 ਕਿਲੋਗ੍ਰਾਮ ਹੈਰੋਇਨ ਅਤੇ ਚਾਰ ਆਧੁਨਿਕ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹਨਾਂ ਦੀ ਪਛਾਣ ਅਰਸ਼ਦੀਪ ਸਿੰਘ ਉਰਫ਼ ਅਰਸ਼ (21) ਵਾਸੀ ਪਿੰਡ ਲਹੁਕਾ, ਤਰਨ ਤਾਰਨ ਅਤੇ ਤਰਸੇਮ ਸਿੰਘ ਉਰਫ਼ ਕੈਰੋਂ ਉਰਫ਼ ਪਹਿਲਵਾਨ (31) ਵਾਸੀ ਮੁਹੱਲਾ ਜਸਵੰਤ ਸਿੰਘ ਨਗਰ, ਤਰਨ ਤਾਰਨ ਵਜੋਂ ਹੋਈ ਹੈ। ਬਰਾਮਦ ਕੀਤੇ ਗਏ ਪਿਸਤੌਲਾਂ ਵਿੱਚ ਦੋ 9 ਐੱਮ ਐੱਮ ਗਲੌਕ (ਆਸਟਰੀਆ ਦੇ ਬਣੇ ਹੋਏ) ਅਤੇ ਦੋ .30 ਬੋਰ ਦੇ ਪਿਸਤੌਲ (ਚੀਨ ਦੇ ਬਣੇ ਹੋਏ) ਅਤੇ ਪੰਜ ਜ਼ਿੰਦਾ ਕਾਰਤੂਸ ਸ਼ਾਮਲ ਹਨ।