ਕੁੱਲੂ : ਹਿਮਾਚਲ ਦੇ ਕੁੱਲੂ ਜ਼ਿਲ੍ਹੇ ਦੇ ਬੰਜਾਰ ਇਲਾਕੇ ਦੇ ਪਿੰਡ ਥਰਿੰਬਲਾ ਦੇ 66 ਸਾਲਾ ਸੋਮ ਦੇਵ ਨੇ 35 ਸਾਲਾ ਮੁਟਿਆਰ ਨਾਲ ਵਿਆਹ ਰਚਾ ਲਿਆ। ਜਿੱਥੇ ਇੱਕ ਪਾਸੇ ਸੋਸ਼ਲ ਮੀਡੀਆ ‘ਤੇ ਕਈ ਲੋਕ ਇਸ ਰਿਸ਼ਤੇ ‘ਤੇ ਸਵਾਲ ਉਠਾ ਰਹੇ ਹਨ, ਉੱਥੇ ਕਈ ਲੋਕ ਇਸ ਨੂੰ ਦੋਵਾਂ ਦੀ ਨਿੱਜੀ ਪਸੰਦ ਮੰਨਦੇ ਹੋਏ ਸ਼ੁਭਕਾਮਨਾਵਾਂ ਦੇ ਰਹੇ ਹਨ। ਵਿਆਹ ਦੌਰਾਨ ਦੋਵੇਂ ਇਕੱਠੇ ਨੱਚਦੇ-ਗਾਉਂਦੇ ਵੀ ਦਿਖਾਈ ਦਿੱਤੇ।
ਨੌਵੀਂ ਦੀ ਪੁਸਤਕ ‘ਚ ਗਤਕਾ ਸ਼ਾਮਲ
ਨਵੀਂ ਦਿੱਲੀ : ਨੈਸ਼ਨਲ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐੱਨ ਸੀ ਈ ਆਰ ਟੀ) ਨੇ ਨੌਵੀਂ ਜਮਾਤ ਲਈ ਸਰੀਰਕ ਸਿੱਖਿਆ ਦੀ ਪੁਸਤਕ ‘ਖੇਲ ਪ੍ਰਵੀਣ’ ਵਿੱਚ ਗਤਕਾ, ਮੱਲਖੰਭ, ਥੰਗ-ਟਾ ਅਤੇ ਕਲਾਰੀਪਯੱਟੂ ਵਰਗੀਆਂ ਰਵਾਇਤੀ ਭਾਰਤੀ ਖੇਡਾਂ ਨੂੰ ਸ਼ਾਮਲ ਕੀਤਾ ਹੈ। ਸਿੱਖ ਮਾਰਸ਼ਲ ਆਰਟ ‘ਗਤਕਾ’ ਬਾਰੇ ਦੱਸਿਆ ਗਿਆ ਹੈ ਕਿ ਇਸ ਦੀ ਸ਼ੁਰੂਆਤ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਨੇ ਕੀਤੀ ਸੀ ਅਤੇ ਬਾਅਦ ਵਿੱਚ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਹੋਰ ਵਿਕਸਤ ਕਰਕੇ ਸਿੱਖ ਪਰੰਪਰਾ ਦਾ ਲਾਜ਼ਮੀ ਹਿੱਸਾ ਬਣਾਇਆ। ਭਾਈ ਕਾਨ੍ਹ ਸਿੰਘ ਨਾਭਾ ਦੇ ‘ਮਹਾਨ ਕੋਸ਼’ ਦਾ ਹਵਾਲਾ ਵੀ ਦਿੱਤਾ ਗਿਆ ਹੈ।
ਘੁੰਮਣ ਬ੍ਰਦਰਜ਼ ‘ਆਪ’ ‘ਚ
ਚੰਡੀਗੜ੍ਹ (ਗੁਰਜੀਤ ਬਿੱਲਾ)-ਵੀਰਵਾਰ ਜਾਣੇ-ਪਛਾਣੇ ਐਡਵੋਕੇਟ ਜੀ ਐੱਸ ਘੁੰਮਣ ਅਤੇ ਉਨ੍ਹਾ ਦੇ ਭਰਾ ਐਡਵੋਕੇਟ ਜੀ ਪੀ ਐੱਸ ਘੁੰਮਣ ‘’ਆਪ’’ ਵਿੱਚ ਸ਼ਾਮਲ ਹੋ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਦੋਵਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਪਾਰਟੀ ਦੀ ਮੈਂਬਰਸ਼ਿਪ ਗ੍ਰਹਿਣ ਕਰਵਾਈ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਵੱਕਾਰੀ ਅਤੇ ਬੁੱਧੀਜੀਵੀ ਵਰਗ ਦਾ ‘ਆਪ ਨਾਲ ਜੁੜਨਾ ਇਸ ਗੱਲ ਦਾ ਸਬੂਤ ਹੈ ਕਿ ਸੂਬਾ ਸਰਕਾਰ ਦੀ ਈਮਾਨਦਾਰ ਰਾਜਨੀਤੀ ‘ਤੇ ਜਨਤਾ ਦਾ ਭਰੋਸਾ ਮਜ਼ਬੂਤ ਹੋ ਰਿਹਾ ਹੈ। ‘ਘੁੰਮਣ ਬ੍ਰਦਰਜ਼’ ਦੇ ਨਾਂਅ ਨਾਲ ਮਸ਼ਹੂਰ ਦੋਨੋਂ ਭਰਾ ਨਾ ਸਿਰਫ਼ ਸਫ਼ਲ ਵਕੀਲ ਹਨ, ਸਗੋਂ ਸਮਾਜ ਦੇ ਵੱਖ-ਵੱਖ ਵਰਗਾਂ ਵਿੱਚ ਉਨ੍ਹਾਂ ਦੀ ਡੂੰਘੀ ਪੈਂਠ ਹੈ।
ਚਲਦੀ ਕਾਰ ਨੂੰ ਅੱਗ, 5 ਸੜ ਗਏ
ਜੈਪੁਰ : ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿੱਚ ਦਿੱਲੀ-ਮੁੰਬਈ ਐੱਕਸਪ੍ਰੈੱਸਵੇਅ ‘ਤੇ ਬੁੱਧਵਾਰ ਰਾਤ ਮੌਜਪੁਰ ਨੇੜੇ ਚਲਦੀ ਕਾਰ ਨੂੰ ਅੱਗ ਲੱਗਣ ਕਾਰਨ 5 ਲੋਕਾਂ ਦੀ ਸੜ ਕੇ ਮੌਤ ਹੋ ਗਈ, ਜਦੋਂ ਕਿ ਇੱਕ ਗੰਭੀਰ ਜ਼ਖਮੀ ਹੋ ਗਿਆ। ਮੱਧ ਪ੍ਰਦੇਸ਼ ਦੇ ਸ਼ਿਓਪੁਰ ਜ਼ਿਲ੍ਹੇ ਦੇ ਪੀੜਤ ਵੈਸ਼ਨੋ ਦੇਵੀ ਦੀ ਤੀਰਥ ਯਾਤਰਾ ਤੋਂ ਵਾਪਸ ਆ ਰਹੇ ਸਨ। ਮਰਨ ਵਾਲਿਆਂ ਵਿੱਚ ਤਿੰਨ ਔਰਤਾਂ, ਇੱਕ ਨਾਬਾਲਗ ਕੁੜੀ ਅਤੇ ਇੱਕ ਮਰਦ ਸ਼ਾਮਲ ਹੈ। ਕਾਰ ਵਿੱਚੋਂ ਸਿਰਫ ਪਿੰਜਰ ਹੀ ਬਰਾਮਦ ਹੋਏ ਹਨ। ਕਾਰ ਚਾਲਕ ਵਿਨੋਦ ਕੁਮਾਰ ਮੇਹਰ ਬਾਹਰ ਛਾਲ ਮਾਰਨ ਵਿੱਚ ਕਾਮਯਾਬ ਰਿਹਾ, ਪਰ ਉਹ ਵੀ ਲਗਭਗ 80 ਫੀਸਦੀ ਸੜ ਗਿਆ ਹੈ।
ਹੁਣ ਜੰਮੂ-ਸ੍ਰੀਨਗਰ ਵਿਚਾਲੇ ਰੋਜ਼ਾਨਾ ਛੁਕ-ਛੁਕ
ਸ੍ਰੀਨਗਰ : ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਵੀਰਵਾਰ ਜੰਮੂ ਤਵੀ ਰੇਲਵੇ ਸਟੇਸ਼ਨ ਤੋਂ ਸ੍ਰੀਨਗਰ ਤੱਕ ਪਹਿਲੀ ਸਿੱਧੀ 20 ਡੱਬਿਆਂ ਵਾਲੀ ਵੰਦੇ ਭਾਰਤ ਰੇਲ ਸੇਵਾ ਨੂੰ ਹਰੀ ਝੰਡੀ ਦਿਖਾਈ। ਟ੍ਰੇਨ ਨੰਬਰ 26401/26402 ਮੰਗਲਵਾਰ ਛੱਡ ਕੇ ਹਫਤੇ ਵਿੱਚ ਛੇ ਦਿਨ ਜੰਮੂ ਤਵੀ ਤੋਂ ਸਵੇਰੇ 6:20 ਵਜੇ ਰਵਾਨਾ ਹੋਵੇਗੀ ਅਤੇ ਸਵੇਰੇ 11:10 ਵਜੇ ਸ੍ਰੀਨਗਰ ਪਹੁੰਚੇਗੀ। ਸ੍ਰੀਨਗਰ ਤੋਂ ਦੁਪਹਿਰ 2 ਵਜੇ ਚੱਲੇਗੀ ਅਤੇ ਸ਼ਾਮ 6:50 ਵਜੇ ਜੰਮੂ ਤਵੀ ਪਹੁੰਚੇਗੀ। ਟਰੇਨ ਨੰਬਰ 26403/26404 ਵੀ ਬੁੱਧਵਾਰ ਛੱਡ ਕੇ ਹਫਤੇ ਵਿੱਚ ਛੇ ਦਿਨ ਚੱਲੇਗੀ। ਇਹ ਸ੍ਰੀਨਗਰ ਤੋਂ ਸਵੇਰੇ 8 ਵਜੇ ਰਵਾਨਾ ਹੋ ਕੇ ਦੁਪਹਿਰ 12:40 ਵਜੇ ਜੰਮੂ ਪਹੁੰਚੇਗੀ ਅਤੇ ਜੰਮੂ ਤੋਂ ਦੁਪਹਿਰ 1:20 ਵਜੇ ਰਵਾਨਾ ਹੋਵੇਗੀ।
‘ਜਨਤਾ ਦੀ ਵਿਧਾਨ ਸਭਾ’
ਨਵੀਂ ਦਿੱਲੀ : ਪੰਜਾਬ ਸਰਕਾਰ ਵੱਲੋਂ 1 ਮਈ ਨੂੰ ਮਜ਼ਦੂਰ ਦਿਵਸ ਮੌਕੇ ਸੱਦੇ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਬਰਾਬਰ ਪੰਜਾਬ ਭਾਜਪਾ ਵੱਲੋਂ ਚੰਡੀਗੜ੍ਹ ਵਿੱਚ ‘ਜਨਤਾ ਦੀ ਵਿਧਾਨ ਸਭਾ’ ਲਗਾਈ ਜਾਵੇਗੀ। ਪੰਜਾਬ ਭਾਜਪਾ ਦੇ ਮੀਡੀਆ ਇੰਚਾਰਜ ਵਿਨੀਤ ਜੋਸ਼ੀ ਨੇ ਦੱਸਿਆ ਕਿ ਇਹ ਸੈਸ਼ਨ ਸੈਕਟਰ 37 ਸਥਿਤ ਪੰਜਾਬ ਭਾਜਪਾ ਦੇ ਦਫਤਰ ਦੇ ਬਾਹਰ ਸਵੇਰੇ 11 ਵਜੇ ਸ਼ੁਰੂ ਹੋਵੇਗਾ।



