ਈਰਾਨ ਵੱਲੋਂ ਜਾਸੂਸੀ ਦੇ ਦੋਸ਼ਾਂ ਹੇਠ ਦੋ ਨੂੰ ਫਾਂਸੀ

0
7

ਤਹਿਰਾਨ-ਈਰਾਨ ਨੇ ਇਜ਼ਰਾਈਲ ਦੀ ਖ਼ੁਫ਼ੀਆ ਏਜੰਸੀ ‘ਮੋਸਾਦ’ ਲਈ ਜਾਸੂਸੀ ਕਰਨ ਦੇ ਦੋਸ਼ ਹੇਠ ਸ਼ਨੀਵਾਰ ਦੋ ਵਿਅਕਤੀਆਂ ਨੂੰ ਫਾਂਸੀ ਦੇ ਦਿੱਤੀ। ਇਨ੍ਹਾਂ ਵਿੱਚੋਂ ਇੱਕ ਮੁਲਜ਼ਮ ‘ਤੇ ਮੱਧ ਇਸਫਾਹਾਨ ਸੂਬੇ ਵਿੱਚ ਸਥਿਤ ਈਰਾਨ ਦੇ ਸੰਵੇਦਨਸ਼ੀਲ ‘ਨਤਾਂਜ਼’ ਪ੍ਰਮਾਣੂ ਕੇਂਦਰ ਦੀਆਂ ਖ਼ੁਫ਼ੀਆ ਜਾਣਕਾਰੀਆਂ ਇਕੱਠੀਆਂ ਕਰਨ ਦਾ ਗੰਭੀਰ ਦੋਸ਼ ਸੀ। ਈਰਾਨੀ ਮੀਡੀਆ ਨੇ ਨਿਆਂ ਪਾਲਿਕਾ ਦੇ ਹਵਾਲੇ ਨਾਲ ਦੱਸਿਆ ਕਿ ਫਾਂਸੀ ਦਿੱਤੇ ਗਏ ਵਿਅਕਤੀਆਂ ਦੀ ਪਛਾਣ ਯਾਕੂਬ ਕਰੀਮਪੁਰ ਅਤੇ ਨਾਸਰ ਬਕਰਜ਼ਾਦੇ ਵਜੋਂ ਹੋਈ ਹੈ। ਅਦਾਲਤ ਨੇ ਦੋਵਾਂ ਨੂੰ ਇਜ਼ਰਾਈਲ ਅਤੇ ਉਸ ਦੀ ਜਾਸੂਸੀ ਏਜੰਸੀ ਮੋਸਾਦ ਨਾਲ ਮਿਲ ਕੇ ਕੰਮ ਕਰਨ ਦਾ ਦੋਸ਼ੀ ਪਾਇਆ ਸੀ। ਕਰੀਮਪੁਰ ‘ਤੇ ਮੋਸਾਦ ਦੇ ਇੱਕ ਅਧਿਕਾਰੀ ਨੂੰ ਬੇਹੱਦ ਸੰਵੇਦਨਸ਼ੀਲ ਜਾਣਕਾਰੀ ਭੇਜਣ ਦਾ ਦੋਸ਼ ਸੀ, ਜਦ ਕਿ ਬਕਰਜ਼ਾਦੇ ‘ਤੇ ਸਰਕਾਰੀ ਤੇ ਧਾਰਮਕ ਸ਼ਖ਼ਸੀਅਤਾਂ ਦੇ ਨਿੱਜੀ ਵੇਰਵੇ ਇਕੱਠੇ ਕਰਨ ਅਤੇ ਨਤਾਂਜ਼ ਪ੍ਰਮਾਣੂ ਸਾਈਟ ਸਮੇਤ ਦੇਸ਼ ਦੇ ਪ੍ਰਮੁੱਖ ਅਦਾਰਿਆਂ ਦੀ ਜਾਣਕਾਰੀ ਲੀਕ ਕਰਨ ਦੇ ਦੋਸ਼ ਲਗਾਏ ਗਏ ਸਨ।