ਅਕਾਲ ਤਖ਼ਤ ਵੱਲੋਂ ਹਰੀ ਸਿੰਘ ਨਲਵਾ ‘ਤੇ ਫ਼ਿਲਮ ਬਣਾਉਣ ਦੀ ਪੇਸ਼ਕਸ਼ ਰੱਦ

0
6

ਅੰਮ੍ਰਿਤਸਰ : ਮਹਾਨ ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਦੇ ਜੀਵਨ ਉਤੇ ਫ਼ਿਲਮ ਬਣਾਉਣ ਲਈ ਅਕਾਲ ਤਖ਼ਤ ਸਾਹਿਬ ਵਿਖੇ ਵਿਚਾਰ ਕਰਨ ਸੰਬੰਧੀ ਪੁੱਜੀ ਮੰਗ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਅਪ੍ਰਵਾਨ ਕਰ ਦਿੱਤਾ ਹੈ। ਉਨ੍ਹਾ ਕਿਹਾ ਕਿ ਹਾਲ ਹੀ ਵਿੱਚ 28 ਦਸੰਬਰ 2025 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਪੁਰਾਤਨ ਸਿੱਖ ਯੋਧਿਆਂ ਉੱਤੇ ਫ਼ਿਲਮਾਂ/ ਐਨੀਮੇਸ਼ਨ ਫ਼ਿਲਮਾਂ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਵੀਡੀਓ ਨਹੀਂ ਬਣਾਈਆਂ ਜਾ ਸਕਦੀਆਂ। ਉਨ੍ਹਾ ਕਿਹਾ ਕਿ ਨਲਵਾ ਵੀ ਪੁਰਾਤਨ ਸਿੱਖ ਯੋਧਿਆਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ, ਇਸ ਲਈ ਉਨ੍ਹਾਂ ਦੇ ਜੀਵਨ ‘ਤੇ ਫ਼ਿਲਮ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾ ਸਕਦੀ। ਬੀਤੇ ਦਿਨੀਂ ਮੁੰਬਈ ਅਧਾਰਤ ਭਾਨੂਸ਼ਲੀ ਸਟੂਡੀਓ ਲਿਮਟਿਡ ਦੇ ਕੋ-ਪ੍ਰੋਡਿਊਸਰ ਭਾਵੇਸ਼ ਭਾਨੂੰਸ਼ਲੀ ਨੇ ਜਥੇਦਾਰ ਗੜਗੱਜ ਨੂੰ ਇੱਕ ਪੱਤਰ ਲਿਖ ਕੇ ਇਹ ਬੇਨਤੀ ਕੀਤੀ ਸੀ ਕਿ ਉਨ੍ਹਾ ਦਾ ਫ਼ਿਲਮ ਨਿਰਮਾਤਾ ਮਹਾਨ ਸਿੱਖ ਯੋਧੇ ਹਰੀ ਸਿੰਘ ਨਲਵਾ ਦੇ ਜੀਵਨ ਉਤੇ ਫ਼ਿਲਮ ਬਣਾਉਣਾ ਚਾਹੁੰਦਾ ਹੈ ਅਤੇ ਇਸ ਲਈ ਉਹ ਉਨ੍ਹਾ ਨਾਲ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨਾਲ ਮੁਲਾਕਾਤ ਕਰਕੇ ਵਿਚਾਰ ਕਰਨਾ ਚਾਹੁੰਦੇ ਹਨ।