ਸੰਧਵਾਂ ਦਾ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨ

0
6

ਮਹਿਲ ਕਲਾਂ (ਪ੍ਰਦੀਪ ਲੋਹਗੜ੍ਹ)-ਪੰਜਾਬ ਸਰਕਾਰ ਵੱਲੋਂ ਬੇਅਦਬੀ ਮਾਮਲਿਆਂ ਸੰਬੰਧੀ ਕਾਨੂੰਨ ਬਣਾਏ ਜਾਣ ਦੀ ਖੁਸ਼ੀ ਵਿੱਚ ਮਹਿਲ ਕਲਾਂ ਦੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿਖੇ ਧਾਰਮਿਕ ਸਮਾਗਮ ਕਰਵਾਏ ਗਏ। ਇਸ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀ ਸਿੱਖ ਸੰਗਤ ਵੱਲੋਂ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਸੰਧਵਾਂ ਨੇ ‘ਆਪ’ ਸਰਕਾਰ ਵੱਲੋਂ ਪਾਸ ਕੀਤੇ ਗਏ ‘ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਕਾਰ ਐਕਟ’ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਕਾਨੂੰਨ ਹਰ ਪੰਜਾਬੀ ਦੇ ਮਨ ਦੀ ਚੀਸ ਦਾ ਨਤੀਜਾ ਹੈ। ਉਨਾ ਕਿਹਾ ਕਿ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲੇ ਗੁਨਾਹਗਾਰ ਹੁਣ 10-20 ਸਾਲ ਦੀ ਸਜ਼ਾ ਕੱਟ ਕੇ ਬਾਹਰ ਨਹੀਂ ਆ ਸਕਣਗੇ, ਸਗੋਂ ਉਨ੍ਹਾਂ ਨੂੰ ਆਪਣੀ ਸਾਰੀ ਉਮਰ ਜੇਲ੍ਹ ਦੀਆਂ ਸਲਾਖਾਂ ਪਿੱਛੇ ਗੁਜ਼ਾਰਨੀ ਪਵੇਗੀ। ਉਹਨਾ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਸਿੱਖ ਸੰਗਤ ਅਤੇ ਗੁਰੂ ਸਾਹਿਬ ਦੇ ਸਤਿਕਾਰ ਵਿੱਚ ਵਿਸ਼ਵਾਸ ਰੱਖਣ ਵਾਲੇ ਹਰ ਸ਼ਖ਼ਸ ਦੇ ਮਨ ਵਿੱਚ ਭਾਰੀ ਰੋਸ ਸੀ ਕਿ ਬੇਅਦਬੀ ਦੀਆਂ ਘਟਨਾਵਾਂ ਕਿਉਂ ਨਹੀਂ ਰੁਕ ਰਹੀਆਂ। ਇਹ ਕਾਨੂੰਨ ਸੰਗਤ ਦੀ ਮੰਗ ਤੋਂ ਵੀ ਕਿਤੇ ਵੱਧ ਸਖ਼ਤ ਹੈ। ਉਨ੍ਹਾ ਵਿਰੋਧੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਗੁਰੂ ਸਾਹਿਬ ਦੇ ਸਤਿਕਾਰ ਨਾਲ ਜੁੜੇ ਇਸ ਮੁੱਦੇ ‘ਤੇ ਸਿਆਸਤ ਨਾ ਕਰਨ।